ਮਨੀਪੁਰ ਕਾਂਡ: ਪ੍ਰਧਾਨ ਮੰਤਰੀ ਦਾ ਪੁਤਲਾ ਫੂਕਿਆ
ਨਿੱਜੀ ਪੱਤਰ ਪ੍ਰੇਰਕ
ਰਾਏਕੋਟ, 1 ਅਗਸਤ
ਮਨੀਪੁਰ ਘਟਨਾ ਵਿਰੁੱਧ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਅਤੇ ਨੌਜਵਾਨ ਲਲਕਾਰ ਗਰੁੱਪ ਵੱਲੋਂ ਸ਼ਹਿਰ ਵਿੱਚ ਰੋਸ ਪ੍ਰਦਰਸ਼ਨ ਤੋਂ ਬਾਅਦ ਲੁਧਿਆਣਾ-ਬਠਿੰਡਾ ਰਾਜ ਮਾਰਗ ’ਤੇ ਹਰੀ ਸਿੰਘ ਨਲੂਆ ਚੌਕ ਵਿੱਚ ਨਾਅਰੇਬਾਜ਼ੀ ਦੌਰਾਨ ਕੇਂਦਰ ਸਰਕਾਰ ਦਾ ਪੁਤਲਾ ਫੂਕਿਆ ਗਿਆ। ਪ੍ਰਦਰਸ਼ਨਕਾਰੀਆਂ ਨੂੰ ਸੰਬੋਧਨ ਕਰਦਿਆਂ ਭਾਕਿਯੂ ਏਕਤਾ (ਉਗਰਾਹਾਂ) ਦੇ ਜ਼ਿਲ੍ਹਾ ਪ੍ਰਧਾਨ ਚਰਨ ਸਿੰਘ ਨੂਰਪੁਰਾ, ਬਲਾਕ ਪ੍ਰਧਾਨ ਗੁਰਪ੍ਰੀਤ ਸਿੰਘ ਸੇਖੋਂ ਅਤੇ ਲਲਕਾਰ ਗਰੁੱਪ ਦੇ ਆਗੂ ਸੂਰਜ ਰਾਏਕੋਟ ਨੇ ਕਿਹਾ ਕਿ ਪਿਛਲੇ ਤਿੰਨ ਮਹੀਨੇ ਤੋਂ ਮਨੀਪੁਰ ਸੜ ਰਿਹਾ ਹੈ ਪਰ ਪ੍ਰਧਾਨ ਮੰਤਰੀ ਵਿਦੇਸ਼ ਦੌਰੇ ਕਰ ਰਹੇ ਹਨ।
ਗੁਰੂਸਰ ਸੁਧਾਰ (ਪੱਤਰ ਪ੍ਰੇਰਕ):ਇੱਥੇ ਸੈਂਟਰ ਆਫ਼ ਇੰਡੀਅਨ ਟਰੇਡ ਯੂਨੀਅਨ (ਸੀਟੂ) ਅਤੇ ਕਾਂਗਰਸ ਪਾਰਟੀ ਦੇ ਵਰਕਰਾਂ ਨੇ ਮਨੀਪੁਰ ਦੀ ਸ਼ਰਮਨਾਕ ਘਟਨਾ ਵਿਰੁੱਧ ਲੁਧਿਆਣਾ-ਬਠਿੰਡਾ ਰਾਜ ਮਾਰਗ ਉੱਪਰ ਮੁੱਖ ਬਾਜ਼ਾਰ ਵਿੱਚ ਰੋਸ ਪ੍ਰਦਰਸ਼ਨ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਫੂਕਿਆ ਅਤੇ ਨਾਅਰੇਬਾਜ਼ੀ ਕੀਤੀ। ਇਸ ਮੌਕੇ ਕਾਂਗਰਸ ਦੇ ਬਲਾਕ ਪ੍ਰਧਾਨ ਜਗਦੀਪ ਸਿੰਘ ਰੱਤੋਵਾਲ, ਸੁਨੀਲ ਕੁਮਾਰ ਸੇਨ, ਸਾਬਕਾ ਵਿਧਾਇਕ ਤਰਸੇਮ ਜੋਧਾ ਹਾਜ਼ਰ ਸਨ।
ਲੁਧਿਆਣਾ ( ਖੇਤਰੀ ਪ੍ਰਤੀਨਿਧ): ਇਥੋਂ ਦੇ ਲੁਹਾਰੇ ਇਲਾਕੇ ਵਿੱਚ ਇਨਕਲਾਬੀ ਮਜ਼ਦੂਰ ਕੇਂਦਰ, ਇਨਕਲਾਬੀ ਕੇਂਦਰ ਤੇ ਲੋਕ ਏਕਤਾ ਸੰਗਠਨ ਵੱਲੋਂ ਮਨੀਪੁਰ ਅਤੇ ਕੇਂਦਰ ਸਰਕਾਰ ਦੀਆਂ ਨੀਤੀਆਂ ਤਹਿਤ ਲੋਕਾਂ ਵਿੱਚ ਯੋਜਨਾਬੱਧ ਤਰੀਕੇ ਨਾਲ ਪੈਦਾ ਕੀਤੀ ਜਾ ਰਹੀ ਹਿੰਸਾ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਗਿਆ। ਪ੍ਰੋਗਰਾਮ ਦੇ ਬੁਲਾਰੇ ਕਾ ਸੁਰਿੰਦਰ ਸਿੰਘ, ਹਰਸ਼ਾ ਸਿੰਘ ਤੇ ਗਲੱਰ ਚੌਹਾਨ ਨੇ ਮਨੀਪੁਰ ਘਟਨਾ ਦੀ ਨਿਖੇਧੀ ਕੀਤੀ।
ਲੁਧਿਆਣਾ (ਨਿੱਜੀ ਪੱਤਰ ਪ੍ਰੇਰਕ): ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਦੀ ਮੀਟਿੰਗ ਸ਼ਹੀਦ ਕਰਨੈਲ ਸਿੰਘ ਈਸੜੂ ਭਵਨ ਸਥਿਤ ਮੁੱਖ ਦਫ਼ਤਰ ਵਿੱਖੇ ਹੋਈ। ਇਸ ਵਿੱਚ ਮਨੀਪੁਰ ਘਟਨਾਵਾਂ ਦੀ ਨਿਖੇਧੀ ਕੀਤੀ ਗਈ। ਸੂਬਾ ਪ੍ਰਧਾਨ ਰਣਜੀਤ ਸਿੰਘ ਰਾਣਵਾਂ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਦੇ ਫ਼ੈਸਲਿਆਂ ਬਾਰੇ ਜਾਣਕਾਰੀ ਦਿੰਦਿਆਂ ਜਨਰਲ ਸਕੱਤਰ ਸੁਰਿੰਦਰ ਕੁਮਾਰ ਪੁਆਰੀ ਨੇ ਦੱਸਿਆ ਕਿ ਮੀਟਿੰਗ ਵਿੱਚ ਕੇਂਦਰ ਸਰਕਾਰ ਤੋਂ ਮੰਗ ਕੀਤੀ ਗਈ ਕਿ ਇਨ੍ਹਾਂ ਘਟਨਾਵਾਂ ਲਈ ਜ਼ਿੰਮੇਵਾਰ ਲੋਕਾਂ ਨੂੰ ਸਖਤ ਸਜ਼ਾਵਾਂ ਦਿੱਤੀਆਂ ਜਾਣ। ਇਸ ਮੌਕੇ ਬੁਲਾਰਿਆ ਨੇ ਕਿਹਾ ਕਿ ਪੰਜਾਬ ਦੀ ਹੁਕਮਰਾਨ ਭਗਵੰਤ ਮਾਨ ਸਰਕਾਰ ਵੀ ਪੁਰਾਣੀਆਂ ਸਰਕਾਰਾਂ ਦੀ ਤਰਜ਼ ਤੇ ਕਾਰਪੋਰੇਟ ਘਰਾਣਿਆਂ ਪੱਖੀ ਫੈਸਲੇ ਲੈ ਰਹੀ ਹੈ। ਆਗੂਆਂ ਨੇ ਦੱਸਿਆ ਕਿ ਮੋਗਾ ਵਿੱਚ ਹੋਣ ਵਾਲੀ ਆਲ ਇੰਡੀਆ ਸਟੇਟ ਗੌਰਮਿੰਟ ਐਂਪਲਾਈਜ਼ ਕਨਫੈਡਰੇਸ਼ਨ ਦੀ ਕੌਮੀ ਕਾਨਫਰੰਸ ਦੀਆਂ ਤਿਆਰੀਆਂ ਚੱਲ ਰਹੀਆਂ ਹਨ।
ਛੇ ਅਗਸਤ ਦੇ ਪ੍ਰੋਗਰਾਮ ਸਬੰਧੀ ਪਿੰਡਾਂ ਵਿੱਚ ਲਾਮਬੰਦੀ
ਪਾਇਲ (ਪੱਤਰ ਪ੍ਰੇਰਕ): ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ 6 ਅਗਸਤ ਦੇ ਉਲੀਕੇ ਪ੍ਰੋਗਰਾਮ ਸਬੰਧੀ ਸਿਆੜ, ਮਕਸੂਦੜਾ, ਘਲੋਟੀ, ਘੁਡਾਣੀ ਕਲਾਂ, ਜੀਰਖ, ਕਟਾਹਰੀ ਪਿੰਡਾਂ ਵਿੱਚ ਮੀਟਿੰਗਾਂ ਜ਼ਿਲ੍ਹਾ ਜਨਰਲ ਸਕੱਤਰ ਸੁਦਾਗਰ ਸਿੰਘ ਘੁਡਾਣੀ ਦੀ ਅਗਵਾਈ ਵਿੱਚ ਹੋਈਆਂ। ਇਸ ਮੌਕੇ ਮੀਟਿੰਗਾਂ ਨੂੰ ਸੰਬੋਧਨ ਕਰਦੇ ਹੋਏ ਜ਼ਿਲ੍ਹਾ ਜਨਰਲ ਸਕੱਤਰ ਸੁਦਾਗਰ ਸਿੰਘ ਘੁਡਾਣੀ, ਬਲਵੰਤ ਸਿੰਘ ਘੁਡਾਣੀ, ਖਜ਼ਾਨਚੀ ਮਾਸਟਰ ਰਾਜਿੰਦਰ ਸਿੰਘ ਸਿਆੜ ਅਤੇ ਨੌਜਵਾਨ ਆਗੂ ਯੁਵਰਾਜ ਸਿੰਘ ਬੋਪਾਰਾਏ ਨੇ ਔਰਤਾਂ ਦੀ ਜੁਝਾਰੂ ਸ਼ਕਤੀ ਬਾਰੇ ਚਰਚਾ ਕੀਤੀ। ਸ੍ਰੀ ਘੁਡਾਣੀ ਨੇ ਕਿਹਾ ਕਿ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਮਨੀਪੁਰ ਘਟਨਾ ਖ਼ਿਲਾਫ਼ 6 ਅਗਸਤ ਨੂੰ ਮੁਹਾਲੀ ਵਿੱਚ ਇਕੱਠ ਕਰਕੇ ਪੰਜਾਬ ਦੇ ਰਾਜਪਾਲ ਨੂੰ ਮੰਗ ਪੱਤਰ ਦੇਣ ਦਾ ਜੋ ਐਕਸ਼ਨ ਉਲੀਕਿਆ ਗਿਆ ਹੈ, ਉਸ ਵਿੱਚ ਭਾਰੀ ਗਿਣਤੀ ਵਿੱਚ ਹਾਜ਼ਰ ਹੋਣ ਦਾ ਪ੍ਰਣ ਕੀਤਾ।