ਮਨੀਪੁਰ ਘਟਨਾ: ਯੂਥ ਕਾਂਗਰਸ ਵੱਲੋਂ ਮੋਮਬੱਤੀ ਮਾਰਚ
ਟ੍ਰਬਿਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 20 ਜੁਲਾਈ
ਚੰਡੀਗੜ੍ਹ ਯੂਥ ਕਾਂਗਰਸ ਨੇ ਮਨੀਪੁਰ ’ਚ ਦੋ ਔਰਤਾਂ ਨਾਲ ਵਾਪਰੀ ਘਟਨਾ ਵਿਰੁੱਧ ਕੈਂਡਲ ਮਾਰਚ ਕੱਢਿਆ। ਇਸ ਮੌਕੇ ਵੱਡੀ ਗਿਣਤੀ ਵਿੱਚ ਚੰਡੀਗੜ੍ਹ ਕਾਂਗਰਸ ਤੇ ਯੂਥ ਕਾਂਗਰਸ ਦੇ ਆਗੂਆਂ ਨੇ ਸੁਖਨਾ ਝੀਲ ’ਤੇ ਇਕੱਠੇ ਹੋ ਕੇ ਕੈਂਡਲ ਮਾਰਚ ਕੱਢਦਿਆ ਮਨੀਪੁਰ ’ਚ ਭਾਜਪਾ ਦੀ ਡਬਲ ਇੰਜਨ ਸਰਕਾਰ ਦੀ ਕਾਰਗੁਜ਼ਾਰੀ ’ਤੇ ਸਵਾਲ ਚੁੱਕੇ। ਇਸ ਦੇ ਨਾਲ ਹੀ ਪੀੜਤਾਂ ਨੂੰ ਇਨਸਾਫ਼ ਦੇਣ ਦੀ ਮੰਗ ਕੀਤੀ। ਚੰਡੀਗੜ੍ਹ ਕਾਂਗਰਸ ਦੇ ਪ੍ਰਧਾਨ ਐੱਚ.ਐੱਸ. ਲੱਕੀ ਨੇ ਕਿਹਾ ਕਿ ਭਾਜਪਾ ਦੇਸ਼ ਦੇ ਵੱਖ-ਵੱਖ ਸੂਬਿਆਂ ’ਚ ਡਬਲ ਇੰਜਨ ਸਰਕਾਰ ਕਰਕੇ ਵਿਕਾਸ ਦੇ ਦਾਅਵੇ ਕਰਦੀ ਹੈ। ਪਰ ਮਨੀਪੁਰ ’ਚ ਡਬਲ ਇੰਜਨ ਸਰਕਾਰ ਹੋਣ ਦੇ ਬਾਵਜੂਦ ਮਨੀਪੁਰ ਦੋ ਮਹੀਨੇ ਤੋਂ ਸੜ ਰਿਹਾ ਹੈ। ਉਸ ਦੇ ਬਾਵਜੂਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਚੁੱਪੀ ਧਾਰ ਰੱਖੀ ਹੈ।
ਯੂਥ ਕਾਂਗਰਸ ਦੇ ਪ੍ਰਧਾਨ ਮਨੋਜ ਲੁਬਾਣਾ ਨੇ ਕਿਹਾ ਕਿ ਮਨੀਪੁਰ ਦੀ ਘਟਨਾ ਤੋਂ ਬਾਅਦ ਦੇਸ਼ ਭਰ ’ਚ ਔਰਤਾਂ ਦੇ ਮਨਾਂ ਵਿੱਚ ਡਰ ਤੇ ਭੈਅ ਦਾ ਮਾਹੌਲ ਬਣਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਮਨੀਪੁਰ ਪੁਲੀਸ ਨੇ ਵੀਡੀਓ ਜਨਤਕ ਹੋਣ ਦੇ ਬਾਵਜੂਦ ਅਣਪਛਾਤੇ ਲੋਕਾਂ ਵਿਰੁੱਧ ਕੇਸ ਦਰਜ ਕੀਤਾ ਹੈ। ਜਦੋਂ ਕਿ ਵੀਡੀਓ ’ਚ ਇਸ ਘਟਨਾ ਨੂੰ ਅੰਜਾਮ ਦੇਣ ਵਾਲੇ ਲੋਕਾਂ ਦੇ ਚਿਹਰੇ ਸਪੱਸ਼ਟ ਦਿਖਾਈ ਦੇ ਰਹੇ ਹਨ। ਚੰਡੀਗੜ੍ਹ ਯੂਥ ਕਾਂਗਰਸ ਨੇ ਮੰਗ ਕੀਤੀ ਕਿ ਮਨੀਪੁਰ ’ਚ ਦੋਵੇਂ ਔਰਤਾਂ ਨਾਲ ਵਾਪਰੀ ਘਟਨਾ ਦੇ ਕਸੂਰਵਾਰਾਂ ਵਿਰੁੱਧ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।