ਮਨੀਪੁਰ ਘਟਨਾ: ‘ਆਪ’ ‘ਦੇ ਕੌਂਸਲਰਾਂ ਨੇ ਸਾੜਿਆ ਮੋਦੀ ਦਾ ਪੁਤਲਾ
ਆਤਿਸ਼ ਗੁਪਤਾ
ਚੰਡੀਗੜ੍ਹ, 25 ਜੁਲਾਈ
ਮਨੀਪੁਰ ’ਚ ਹੋ ਰਹੀ ਹਿੰਸਾ ਤੇ ਔਰਤਾਂ ਨਾਲ ਵਾਪਰੀ ਬਦਸਲੂਕੀ ਦੀ ਘਟਨਾ ਦੇ ਖਿਲਾਫ਼ ਸਿਟੀ ਬਿਊਟੀਫੁੱਲ ਚੰਡੀਗੜ੍ਹ ਵਿੱਚ ‘ਆਪ’ ਨੇ ਸੈਕਟਰ-33 ਵਿੱਚ ਰੋਸ ਪ੍ਰਦਰਸ਼ਨ ਕੀਤਾ। ਇਸ ਦੌਰਾਨ ‘ਆਪ’ ਦੇ ਕੌਂਸਲਰਾਂ ਤੇ ਹੋਰਨਾਂ ਆਗੂਆਂ ਨੇ ਮੋਦੀ ਸਰਕਾਰ ਵਿਰੁੱਧ ਨਾਅਰੇਬਾਜ਼ੀ ਕਰਦਿਆਂ ਮੋਦੀ ਸਰਕਾਰ ਦਾ ਪੁਤਲਾ ਸਾੜਿਆ।
ਇਸ ਮੌਕੇ ਪਾਰਟੀ ਦੇ ਸੀਨੀਅਰ ਆਗੂ ਤੇ ਲਾਰਜ ਸਟੇਜ ਇੰਡਸਟਰੀਜ਼ ਡਿਵੈਲਪਮੈਂਟ ਬੋਰਡ ਦੇ ਚੇਅਰਮੈਨ ਪ੍ਰਦੀਪ ਛਾਬੜਾ ਨੇ ਕਿਹਾ ਕਿ ਮਨੀਪੁਰ ’ਚ ਹਾਲਾਤ ਮਾੜੇ ਹੁੰਦੇ ਜਾ ਰਹੇ ਹਨ। ਜਿੱਥੇ ਔਰਤਾਂ ਨੂੰ ਨਿਰਵਸਤਰ ਕਰ ਕੇ ਭੀੜ ਦਾ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਇਸ ਸਾਰੇ ਵਰਤਾਰੇ ਦੀ ਵੀਡੀਓ ਵਾਇਰਲ ਹੋਣ ਦੇ ਬਾਵਜੂਦ ਪੁਲੀਸ ਮੁਲਜ਼ਮਾਂ ਨੂੰ ਫੜ੍ਹਨ ’ਚ ਨਾਕਾਮ ਰਹਿ ਰਹੀ ਹੈ। ਉਨ੍ਹਾਂ ਕਿਹਾ ਕਿ ਮਨੀਪੁਰ ’ਚ ਸ਼ਾਂਤੀ ਬਣਾਏ ਰੱਖਣ ਵਿੱਚ ਮਨੀਪੁਰ ਸਰਕਾਰ ਪੁਰੀ ਤਰ੍ਹਾਂ ਫੇਲ੍ਹ ਸਾਬਤ ਹੋਈ ਹੈ। ਇਸ ਲਈ ਮਨੀਪੁਰ ਸਰਕਾਰ ਨੂੰ ਬਰਖਾਸਤ ਕਰਕੇ ਰਾਸ਼ਟਰਪਤੀ ਰਾਜ ਲਗਾ ਦੇਣਾ ਚਾਹੀਦਾ ਹੈ। ‘ਆਪ’ ਚੰਡੀਗੜ੍ਹ ਦੇ ਸਾਬਕਾ ਪ੍ਰਧਾਨ ਪ੍ਰੇਮ ਗਰਗ ਨੇ ਮਨੀਪੁਰ ਹਿੰਸਾ ਸਬੰਧੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਚੁੱਪੀ ’ਤੇ ਸਵਾਲ ਚੁੱਕੇ। ਉਨ੍ਹਾਂ ਕਿਹਾ ਕਿ ਵਿਰੋਧੀ ਧਿਰ ਵੱਲੋਂ ਸੰਸਦ ਵਿੱਚ ਮਨੀਪੁਰ ਦੇ ਮੁੱਦੇ ਨੂੰ ਚੁੱਕਿਆ ਜਾ ਰਿਹਾ ਹੈ, ਪਰ ਕੇਂਦਰ ਸਰਕਾਰ ਉੱਥੇ ਵੀ ਗੱਲ ਕਰਨ ਦੀ ਥਾਂ ਸੰਸਦ ਦੇ ਸੈਸ਼ਨ ਨੂੰ ਮੁਲਤਵੀ ਕਰਨ ਲੱਗੀ ਹੋਈ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨੂੰ ਮਨੀਪੁਰ ਦਾ ਹਾਲਾਤ ਬਾਰੇ ਸਥਿਤੀ ਸਪਸ਼ਟ ਕਰਨੀ ਚਾਹੀਦੀ ਹੈ, ਜਦੋਂ ਕਿ ਸੰਸਦ ਵਿੱਚ ਮਨੀਪੁਰ ਹਿੰਸਾ ਬਾਰੇ ਖੁੱਲ੍ਹੀ ਬਹਿਸ ਕਰਵਾਉਣੀ ਚਾਹੀਦੀ ਹੈ। ਇਸ ਮੌਕੇ ‘ਆਪ’ ਚੰਡੀਗੜ੍ਹ ਦੇ ਕੌਂਸਲਰ ਤੇ ਵੱਡੀ ਗਿਣਤੀ ਵਿੱਚ ਪਾਰਟੀ ਆਗੂ ਹਾਜ਼ਰ ਰਹੇ।