ਮਨੀਪੁਰ ਸਰਕਾਰ ਨੇ ਮਿਜ਼ੋਰਮ ਦੇ ਮੁੱਖ ਮੰਤਰੀ ’ਤੇ ਸੇਧਿਆ ਨਿਸ਼ਾਨਾ
ਇੰਫਾਲ, 30 ਨਵੰਬਰ
ਮਨੀਪੁਰ ਸਰਕਾਰ ਨੇ ਮਿਜ਼ੋਰਮ ਦੇ ਮੁੱਖ ਮੰਤਰੀ ਲਾਲਦੂਹੋਮਾ ’ਤੇ ਨਿਸ਼ਾਨਾ ਸੇਧਦਿਆਂ ਗੈਰ-ਲੋੜੀਂਦੀ ਬਿਆਨਬਾਜ਼ੀ ਰਾਹੀਂ ਨਫ਼ਰਤ ਤੇ ਵੰਡ ਦੀ ਅੱਗ ਭੜਕਾਉਣ ਦੀ ਥਾਂ ਇਕ ਚੰਗੇ ਗੁਆਂਢੀ ਬਣ ਕੇ ਇਕ ਬਿਹਤਰ ਰਾਜਨੀਤਿਕਤਾ ਦਾ ਪ੍ਰਦਰਸ਼ਨ ਕਰਨ ਲਈ ਕਿਹਾ ਹੈ।
ਬੀਤੀ ਰਾਤ ਜਾਰੀ ਬਿਆਨ ਵਿੱਚ, ਮਨੀਪੁਰ ਸਰਕਾਰ ਨੇ ਕਿਹਾ ਕਿ ਭਾਰਤ ਨੂੰ ਮਿਆਂਮਾਰ, ਭਾਰਤ ਅਤੇ ਬੰਗਲਾਦੇਸ਼ ਦੇ ਨਾਲ ਲੱਗਦੇ ਖੇਤਰਾਂ ਵਿੱਚ ‘ਕੁਕੀ-ਚਿਨ ਈਸਾਈ ਰਾਸ਼ਟਰ’ ਬਣਾਉਣ ਦੇ ਵੱਡੇ ਏਜੰਡੇ ਤੋਂ ਸੁਚੇਤ ਰਹਿਣਾ ਚਾਹੀਦਾ ਹੈ। ਇਹ ਏਜੰਡਾ ਦਹਾਕਿਆਂ ਦੀ ਯੋਜਨਾਬੰਦੀ ਦਾ ਹਿੱਸਾ ਹੈ।
ਬਿਆਨ ਵਿੱਚ ਕਿਹਾ ਗਿਆ ਹੈ ਕਿ ਮਨੀਪੁਰ ਸਰਕਾਰ ਵਿਦੇਸ਼ੀ ਸਵਾਰਥੀ ਹਿੱਤਾਂ, ਜਾਂ ‘ਮਿਜ਼ੋਰਮ ਦੇ ਮੁੱਖ ਮੰਤਰੀ ਵੱਲੋਂ ਖੁੱਲ੍ਹੇਆਮ ਸਮਰਥਨ ਵਾਲੇ ਵੱਖਵਾਦੀ ਹਿੱਤਾਂ’ ਦੇ ਇਸ਼ਾਰੇ ’ਤੇ ਉੱਤਰ-ਪੂਰਬੀ ਭਾਰਤ ਦੇ ਟੁੱਕੜੇ ਕਰਨ ਦੀ ਆਗਿਆ ਨਹੀਂ ਦੇਵੇਗੀ।’’ ਬਿਆਨ ਵਿੱਚ ਕਿਹਾ ਗਿਆ ਹੈ, ‘‘ਮਿਜ਼ੋਰਮ ਦੇ ਮੁੱਖ ਮੰਤਰੀ ਵੱਲੋਂ ਭਾਰਤ-ਮਿਆਂਮਾਰ ਕੌਮਾਂਤਰੀ ਸਰਹੱਦ ’ਤੇ ਤਾਰਬੰਦੀ ਦਾ ਵਿਰੋਧ ਕਰਨਾ ਅਤੇ ਮਨੀਪੁਰ ਵਿੱਚ ਰਾਸ਼ਟਰਪਤੀ ਸ਼ਾਸਨ ਲਾਗੂ ਕਰਨ ਦਾ ਸਮਰਥਨ ਕੀਤਾ ਜਾਣਾ, ਉਨ੍ਹਾਂ ਦੀ ਜਮਹੂਰੀਅਤ ਪ੍ਰਤੀ ਸੋਚ ਨੂੰ ਜ਼ਾਹਿਰ ਕਰਦਾ ਹੈ। ਉਨ੍ਹਾਂ ਨੇ ਜ਼ੋ ਲੋਕਾਂ ਦੇ ਮੁੜ ਏਕੀਕਰਨ ਦੀ ਮੰਗ ਵੀ ਕੀਤੀ ਹੈ। ਉਨ੍ਹਾਂ ਦਿੱਲੀ ਵੱਲ ਇਸ਼ਾਰਾ ਕਰਦਿਆਂ ਮਨੀਪੁਰ ਵਿੱਚ ਹਥਿਆਰਬੰਦ ਮਿਲੀਸ਼ੀਆ ਦੀ ਸੰਭਾਵਨਾ ਬਾਰੇ ਵੀ ਗੱਲ ਕੀਤੀ।’’
ਮਨੀਪੁਰ ਸਰਕਾਰ ਦਾ ਇਹ ਬਿਆਨ ਲਾਲਦੂਹੋਮਾ ਵੱਲੋਂ ਅੰਗਰੇਜ਼ੀ ਅਖ਼ਬਾਰ ਨੂੰ ਦਿੱਤੇ ਤਾਜ਼ਾ ਇੰਟਰਵਿਊ ਦੇ ਪਿਛੋਕੜ ਵਿੱਚ ਆਇਆ ਹੈ। ਇਸ ਇੰਟਰਵਿਊ ਵਿੱਚ ਉਨ੍ਹਾਂ ਨੇ ਕਿਹਾ ਸੀ ਕਿ ਐੱਨ ਬੀਰੇਨ ਸਿੰਘ ਸੂਬੇ, ਇਸ ਦੇ ਲੋਕਾਂ ਅਤੇ ਭਾਜਪਾ ਪ੍ਰਤੀ ਜਵਾਬਦੇਹ ਹਨ ਅਤੇ ਰਾਸ਼ਟਰਪਤੀ ਸ਼ਾਸਨ ਵੀ ਉਨ੍ਹਾਂ ਦੇ ਪ੍ਰਸ਼ਾਸਨ ਦੇ ਮੁਕਾਬਲੇ ਬਿਹਤਰ ਹੈ।’’ -ਪੀਟੀਆਈ
ਵਿਧਾਇਕਾਂ ਦੀਆਂ ਰਿਹਾਇਸ਼ਾਂ ’ਤੇ ਹਮਲੇ ਦੇ ਮਾਮਲੇ ’ਚ ਅੱਠ ਕਾਬੂ
ਇੰਫਾਲ:
ਹਿੰਸਾ ਪ੍ਰਭਾਵਿਤ ਮਨੀਪੁਰ ਵਿੱਚ ਥਾਣਿਆਂ ਅਤੇ ਵਿਧਾਇਕਾਂ ਦੀਆਂ ਰਿਹਾਇਸ਼ਾਂ ’ਤੇ ਹਮਲਾ ਕਰਨ ਦੇ ਮਾਮਲੇ ਵਿੱਚ ਪੁਲੀਸ ਨੇ ਅੱਠ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਨੇ ਬਿਆਨ ਵਿੱਚ ਕਿਹਾ ਕਿ ਇੰਫਾਲ ਪੱਛਮੀ ਜ਼ਿਲ੍ਹੇ ਦੇ ਪਟਸੋਈ ਥਾਣੇ ਅਧੀਨ ਪੈਂਦੇ ਕਿਆਮ ਮਮਾਂਗ ਲੀਕਾਈ ਦੇ ਚੋਂਗਥਮ ਥੋਈਚਾ (20) ਨੂੰ 16 ਨਵੰਬਰ ਨੂੰ ਵਿਧਾਇਕਾਂ ਦੀਆਂ ਜਾਇਦਾਦਾਂ ਨੂੰ ਨੁਕਸਾਨ ਪਹੁੰਚਾਉਣ ਦੇ ਮਾਮਲੇ ਵਿੱਚ ਵੀਰਵਾਰ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਇਸ ਤੋਂ ਇਲਾਵਾ 27 ਨਵੰਬਰ ਨੂੰ ਕਾਕਚਿੰਗ ਥਾਣੇ ਅਤੇ ਪੁਲੀਸ ਮੁਲਾਜ਼ਮਾਂ ’ਤੇ ਹਮਲਾ ਕਰਨ ਦੇ ਮਾਮਲੇ ’ਚ ਵੀਰਵਾਰ ਨੂੰ ਸੱਤ ਵਿਅਕਤੀ ਗ੍ਰਿਫਤਾਰ ਕੀਤੇ ਗਏ ਸਨ। -ਪੀਟੀਆਈ
ਚਾਰ ਅਤਿਵਾਦੀ ਗ੍ਰਿਫ਼ਤਾਰ
ਇੰਫਾਲ:
ਮਨੀਪੁਰ ਵਿੱਚ ਦੋ ਪਾਬੰਦੀਸ਼ੁਦਾ ਜਥੇਬੰਦੀਆਂ ਨਾਲ ਸਬੰਧਤ ਚਾਰ ਅਤਿਵਾਦੀਆਂ ਨੂੰ ਹਥਿਆਰ ਰੱਖਣ ਅਤੇ ਜਬਰੀ ਵਸੂਲੀ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲੀਸ ਨੇ ਦੱਸਿਆ ਕਿ ਕਾਂਗਲੀਪਾਕ ਕਮਿਊਨਿਸਟ ਪਾਰਟੀ (ਪੀਪਲਜ਼ ਵਾਰ ਗਰੁੱਪ) ਜਥੇਬੰਦੀ ਨਾਲ ਸਬੰਧਤ ਤਿੰਨ ਅਤਿਵਾਦੀਆਂ ਨੂੰ ਗ੍ਰਿਫਤਾਰ ਕੀਤਾ ਗਿਆ। ਇਸੇ ਤਰ੍ਹਾਂ ਇੱਕ ਹੋਰ ਪਾਬੰਦੀਸ਼ੁਦਾ ਜਥੇਬੰਦੀ ਯੂਨਾਈਟਿਡ ਨੈਸ਼ਨਲ ਲਿਬਰੇਸ਼ਨ ਫਰੰਟ (ਨਿੰਗੋਨ ਮਚਾ ਗਰੁੱਪ) ਨਾਲ ਸਬੰਧਤ ਅਤਿਵਾਦੀ ਨੂੰ ਗੈਰ-ਕਾਨੂੰਨੀ ਹਥਿਆਰ ਰੱਖਣ ਦੇ ਦੋਸ਼ ਹੇਠ ਗ੍ਰਿਫਤਾਰ ਕੀਤਾ ਗਿਆ ਹੈ।