For the best experience, open
https://m.punjabitribuneonline.com
on your mobile browser.
Advertisement

ਮਨੀਪੁਰ: ਹਥਿਆਰਬੰਦ ਵਿਅਕਤੀਆਂ ਵੱਲੋਂ ਪਿੰਡਾਂ ਵਿੱਚ ਗੋਲੀਬਾਰੀ

10:44 PM Jun 29, 2023 IST
ਮਨੀਪੁਰ  ਹਥਿਆਰਬੰਦ ਵਿਅਕਤੀਆਂ ਵੱਲੋਂ ਪਿੰਡਾਂ ਵਿੱਚ ਗੋਲੀਬਾਰੀ
Advertisement

ਇੰਫਾਲ, 23 ਜੂੁਨ

Advertisement

ਮਨੀਪੁਰ ਦੇ ਪੂਰਬੀ ਇੰਫਾਲ ਜ਼ਿਲ੍ਹੇ ਵਿੱਚ ਹਥਿਆਰਬੰਦ ਵਿਅਕਤੀਆਂ ਦੇ ਇੱਕ ਸਮੂਹ ਨੇ ਅੱਜ ਦੁਪਹਿਰੇ ਯਾਇਨਗਾਂਗਪੋਕਪੀ (ਵਾਈਕੇਪੀਆਈ) ਪਿੰਡ ਦੇ ਰਸਤੇ ਪਹਾੜੀ ਇਲਾਕਿਆਂ ਵਿੱਚ ਘੁਸਪੈਠ ਕਰਕੇ ਆਟੋਮੈਟਿਕ ਹਥਿਆਰਾਂ ਨਾਲ ਪਿੰਡ ਉੜੰਗਪਤ ਅਤੇ ਗਵਾਲਤਾਬੀ ਵਿੱਚ ਗੋਲੀਬਾਰੀ ਕੀਤੀ। ਅਧਿਕਾਰੀਆਂ ਨੇ ਦੱਸਿਆ ਕਿ ਸੁਰੱਖਿਆ ਬਲਾਂ ਦੀਆਂ ਟੁਕੜੀਆਂ ਨੂੰ ਤੁਰੰਤ ਇਨ੍ਹਾਂ ‘ਖ਼ਾਲੀ’ ਪਿੰਡਾਂ ਵਿੱਚ ਤਾਇਨਾਤ ਕੀਤਾ ਗਿਆ ਹੈ ਅਤੇ ਉਨ੍ਹਾਂ ਪੂਰੀ ਸਾਵਧਾਨੀ ਨਾਲ ਜਵਾਬੀ ਕਾਰਵਾਈ ਕੀਤੀ ਤਾਂ ਕਿ ਕਿਸੇ ਨੁਕਸਾਨ ਤੋਂ ਬਚਿਆ ਜਾ ਸਕੇ। ਉਨ੍ਹਾਂ ਦੱਸਿਆ ਕਿ ਹਾਲਾਂਕਿ ਵਾਈਕੇਪੀਆਈ ਅਤੇ ਸੇਈਜਾਂਗ ਦੀਆਂ ਮਹਿਲਾਵਾਂ ਇਲਾਕੇ ਵਿੱਚ ਸੁਰੱਖਿਆ ਕਰਮੀਆਂ ਦੀਆਂ ਵਾਧੂ ਗਤੀਵਿਧੀਆਂ ਨੂੰ ਰੋਕਣ ਦੀ ਕੋਸ਼ਿਸ਼ ਕਰ ਰਹੀਆਂ ਸਨ। ਅਧਿਕਾਰੀਆਂ ਨੇ ਦੱਸਿਆ ਕਿ ਇਹ ਘਟਨਾ ਪੱਛਮੀ ਇੰਫਾਲ ਜ਼ਿਲ੍ਹੇ ਦੇ ਉੱਤਰੀ ਬੋਲਜਾਂਗ ਵਿੱਚ ਵੀਰਵਾਰ ਸਵੇਰੇ ਕੀਤੀ ਗਈ ਗੋਲੀਬਾਰੀ ਅਤੇ ਦੋ ਸਿਪਾਹੀਆਂ ਦੇ ਜ਼ਖ਼ਮੀ ਹੋਣ ਦੇ ਇੱਕ ਦਿਨ ਬਾਅਦ ਵਾਪਰੀ ਹੈ। ਉਨ੍ਹਾਂ ਦੱਸਿਆ ਕਿ ਸ਼ੁਰੂਆਤੀ ਤਲਾਸ਼ੀ ਮੁਹਿੰਮ ਦੌਰਾਨ ਸੁਰੱਖਿਆ ਬਲਾਂ ਨੇ ਇੱਕ ਇਨਸਾਸ ਲਾਈਟ ਮਸ਼ੀਨਗੰਨ ਅਤੇ ਇੱਕ ਇਨਸਾਸ ਰਾਇਫਲ ਬਰਾਮਦ ਕੀਤੀ ਹੈ। ਯੂੁਕੇਪੀਆਈ ਦੇ ਉੱਤਰ ਵਿੱਚ ਸਥਿਤ ਉੜੰਗਪਤ ਵਿੱਚ ਬੁੱਧਵਾਰ ਸ਼ਾਮ ਕਰੀਬ ਪੌਣੇ ਛੇ ਵਜੇ ਆਟੋਮੈਟਿਕ ਛੋਟੇ ਹਥਿਆਰਾਂ ਦੀ ਗੋਲੀਬਾਰੀ ਦੀ ਆਵਾਜ਼ ਸੁਣੀ ਗਈ ਸੀ। ਜ਼ਿਕਰਯੋਗ ਹੈ ਕਿ ਮਨੀਪੁਰ ਵਿੱਚ ਮੈਤੇਈ ਅਤੇ ਕੁਕੀ ਭਾਈਚਾਰੇ ਵਿਚਾਲੇ ਜਾਰੀ ਹਿੰਸਾ ਦੌਰਾਨ ਹੁਣ ਤੱਕ 100 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ। -ਪੀਟੀਆਈ

ਸੀਬੀਆਈ ਤੇ ਫੋਰੈਂਸਿਕ ਟੀਮਾਂ ਵੱਲੋਂ ਘਟਨਾ ਸਥਾਨਾਂ ਦਾ ਦੌਰਾ

ਮਨੀਪੁਰ ਹਿੰਸਾ ਦੇ ਕੇਸਾਂ ਦੀ ਜਾਂਚ ਕਰ ਰਹੀ ਸੀਬੀਆਈ ਦੀ ‘ਸਿਟ’ ਤੇ ਫੋਰੈਂਸਿਕ ਮਾਹਿਰਾਂ ਦੀ ਟੀਮ ਨੇ ਅੱਜ ਇੰਫਾਲ ਤੇ ਚੂਰਾਚਾਂਦਪੁਰ ਵਿਚ ਉਨ੍ਹਾਂ ਥਾਵਾਂ ਦਾ ਦੌਰਾ ਕੀਤਾ ਹੈ ਜਿੱਥੇ ਕਥਿਤ ਤੌਰ ‘ਤੇ ਹਥਿਆਰ ਲੁੱਟਣ ਦੀਆਂ ਘਟਨਾਵਾਂ ਵਾਪਰੀਆਂ ਸਨ। ਇਨ੍ਹਾਂ ਟੀਮਾਂ ਨੂੰ ਰੋਸ ਮੁਜ਼ਾਹਰਿਆਂ ਦਾ ਸਾਹਮਣਾ ਵੀ ਕਰਨਾ ਪਿਆ ਤੇ ਮਹਿਲਾਵਾਂ ਦੇ ਇਕ ਗਰੁੱਪ ਨੇ ਸੜਕ ਜਾਮ ਕਰ ਦਿੱਤੀ। ਹਾਲਾਂਕਿ ਟੀਮਾਂ ਆਪਣਾ ਕੰਮ ਕਰ ਕੇ ਸੁਰੱਖਿਅਤ ਪਰਤ ਆਈਆਂ। ਜਾਂਚ ਦੌਰਾਨ ਟੀਮਾਂ ਨੇ ਮਨੀਪੁਰ ਪੁਲੀਸ ਟਰੇਨਿੰਗ ਕਾਲਜ ਤੇ ਹੋਰ ਥਾਵਾਂ ਦਾ ਦੌਰਾ ਕੀਤਾ। ਇਸ ਸਿਖਲਾਈ ਕਾਲਜ ਵਿਚੋਂ 3 ਮਈ ਨੂੰ ਇਕ ਭੀੜ ਨੇ ਕਥਿਤ ਤੌਰ ‘ਤੇ ਹਥਿਆਰ ਤੇ ਹੋਰ ਅਸਲਾ ਲੁੱਟ ਲਿਆ ਸੀ। ਜ਼ਿਕਰਯੋਗ ਹੈ ਕਿ ਕਈ ਜ਼ਿਲ੍ਹਿਆਂ ਵਿਚੋਂ ਹਥਿਆਰ ਲੁੱਟੇ ਗਏ ਹਨ। -ਪੀਟੀਆਈ

ਅਸਾਮ ਦੀ ਨਾਗਰਿਕ ਜਥੇਬੰਦੀ ਵੱਲੋਂ ਸ਼ਾਂਤੀ ਬਹਾਲੀ ਦੀ ਅਪੀਲ

ਗੁਹਾਟੀ: ਅਸਾਮ ਦੀ ਨਾਗਰਿਕ ਜਥੇਬੰਦੀ ਨੇ ਗੁਆਂਢੀ ਸੂਬੇ ਵਿੱਚ ਜਾਰੀ ਹਿੰਸਾ ਦੇ ਮਾਮਲੇ ਸਬੰਧੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਚੁੱਪ ‘ਤੇ ਦੁੱਖ ਜ਼ਾਹਿਰ ਕਰਦਿਆਂ ਉਨ੍ਹਾਂ ਨੂੰ ਮਨੀਪੁਰ ਵਿੱਚ ਸ਼ਾਂਤੀ ਬਹਾਲੀ ਲਈ ਦਖ਼ਲ ਦੇਣ ਦੀ ਅਪੀਲ ਕੀਤੀ ਹੈ। ਉਨ੍ਹਾਂ ਮਨੀਪੁਰ ਦੇ ਲੋਕਾਂ ਨੂੰ ਸੰਜਮ ਤੋਂ ਕੰਮ ਲੈਣ ਅਤੇ ਕਿਸੇ ਵੀ ਤਰ੍ਹਾਂ ਦੀ ਹਿੰਸਾ ਵਿੱਚ ਸ਼ਾਮਲ ਨਾ ਹੋਣ ਦੀ ਅਪੀਲ ਕੀਤੀ। ਅਕਸੋਮ ਨਾਗਰਿਕ ਸਮਾਜ ਨੇ ਇੱਕ ਬਿਆਨ ਵਿੱਚ ਕਿਹਾ, ”ਮਨੀਪੁਰ ਵਿੱਚ ਡਰ, ਨਿਰਾਸ਼ਾ ਅਤੇ ਅਨਿਸ਼ਚਤਤਾ ਦਾ ਮਾਹੌਲ ਹੈ। ਸੂਬੇ ਵਿੱਚ ਅਰਾਜਕਤਾ ਦੀ ਸਥਿਤੀ ਪੈਦਾ ਹੋ ਗਈ ਹੈ।” ਇਸ ਬਿਆਨ ‘ਤੇ ਸਾਹਿਤਕਾਰਾਂ, ਸਿੱਖਿਅਕਾਂ, ਸਾਬਕਾ ਪੁਲੀਸ ਅਧਿਕਾਰੀਆਂ ਅਤੇ ਨੌਕਰਸ਼ਾਹਾਂ, ਪੱਤਰਕਾਰਾਂ, ਲੇਖਕਾਂ ਅਤੇ ਵਕੀਲਾਂ ਸਮੇਤ 70 ਤੋਂ ਵੱਧ ਲੋਕਾਂ ਦੇ ਦਸਤਖ਼ਤ ਹਨ। ਉਨ੍ਹਾਂ ਹਿੰਸਾ ਤਿਆਗਣ ਦੀ ਅਪੀਲ ਕਰਦਿਆਂ ਕਿਹਾ, ”ਸਾਨੂੰ ਸਮਝਣਾ ਪਵੇਗਾ ਕਿ ਆਪਸੀ ਹਿੰਸਾ ਅਤੇ ਨਫ਼ਰਤ ਨਾਲ ਕੋਈ ਫਾਇਦਾ ਨਹੀਂ ਹੁੰਦਾ। ਹਿੰਸਾ ਤੁਰੰਤ ਰੁਕਣੀ ਚਾਹੀਦੀ ਹੈ।” ਉਨ੍ਹਾਂ ਸੂਬੇ ਅਤੇ ਕੇਂਦਰ ਸਰਕਾਰ ਦੀ ਭੂਮਿਕਾ ‘ਤੇ ਜ਼ੋਰ ਦਿੰਦਿਆਂ ਕਿਹਾ ਕਿ ਦੋਵੇਂ ਸਰਕਾਰਾਂ ਨੂੰ ਸ਼ਾਂਤੀ ਬਹਾਲੀ ਲਈ ਯਤਨ ਕਰਨੇ ਚਾਹੀਦੇ ਹਨ। -ਪੀਟੀਆਈ

Advertisement
Tags :
Advertisement
Advertisement
×