ਮਨੀਪੁਰ: ਹਮਲਾਵਰਾਂ ਤੇ ਸੁਰੱਖਿਆ ਬਲਾਂ ਵਿਚਾਲੇ ਗੋਲੀਬਾਰੀ, ਕਮਾਂਡੋ ਜ਼ਖ਼ਮੀ
ਚੂਰਾਚਾਂਦਪੁਰ/ਇੰਫਾਲ, 30 ਦਸੰਬਰ
ਮਨੀਪੁਰ ਦੇ ਮੋਰੇਹ ਕਸਬੇ ਵਿੱਚ ਹਥਿਆਬੰਦ ਹਮਲਾਵਰਾਂ ਅਤੇ ਸੁਰੱਖਿਆ ਬਲਾਂ ਵਿਚਾਲੇ ਅੱਜ ਭਾਰੀ ਗੋਲੀਬਾਰੀ ਹੋਈ ਜਿਸ ਕਾਰਨ ਇਕ ਪੁਲੀਸ ਕਮਾਂਡੋ ਜ਼ਖ਼ਮੀ ਹੋ ਗਿਆ। ਇਹ ਘਟਨਾ ਦੁਪਹਿਰ ਬਾਅਦ 3.50 ਵਜੇ ਵਾਪਰੀ। ਚਸ਼ਮਦੀਦਾਂ ਅਨੁਸਾਰ ਪੁਲੀਸ ਕਮਾਡੋਜ਼ ਦੀਆਂ ਗੱਡੀਆਂ ਸਰਹੱਦੀ ਕਸਬੇ ਮੋਰੇਹ ਤੋਂ ਲੰਘ ਰਹੀਆਂ ਸਨ। ਇਕ ਅਧਿਕਾਰੀ ਨੇ ਦੱਸਿਆ ਕਿ ਜਦੋਂ ਇਹ ਕਾਫਲਾ ਇੰਫਾਲ-ਮੋਰੇਹ ਸੜਕ ਰਾਹੀਂ ਪਿੰਡ ਐੱਮ ਚਾਨੋਹ ਕੋਲੋਂ ਲੰਘ ਰਿਹਾ ਸੀ ਤਾਂ ਗੋਲੀ ਦਾ ਛੱਰਾ ਪੁਲੀਸ ਕਮਾਂਡੋ ਨੂੰ ਵੱਜਿਆ। ਜ਼ਖ਼ਮੀ ਕਮਾਂਡੋ ਦੀ ਪਛਾਣ ਪੋਨਖਾਲੁੰਗ ਵਜੋਂ ਹੋਈ ਹੈ ਜੋ 5 ਆਈਆਰਬੀ ’ਚ ਤਾਇਨਾਤ ਹੈ। ਉਸ ਨੂੰ 5 ਅਸਾਮ ਰਾਈਫਲਜ਼ ਕੈਂਪ ਵਿੱਚ ਦਾਖਲ ਕਰਵਾਇਆ ਗਿਆ ਹੈ। ਪੁਲੀਸ ਨੇ ਦੱਸਿਆ ਕਿ ਹਥਿਆਰਾਂ ਨਾਲ ਲੈਸ ਅਣਪਛਾਤੇ ਹਮਲਾਵਰਾਂ ਨੇ ਕਮਾਂਡੋ ਟੀਮ ’ਤੇ ਤੇਂਗਨੌਪਾਲ ਜ਼ਿਲ੍ਹੇ ਦੇ ਚਿਕਿਮ ਵੈਂਗ ਵਿੱਚ ਗੋਲੀਬਾਰੀ ਕੀਤੀ ਅਤੇ ਬੰਬ ਸੁੱਟੇ। ਇਹ ਘਟਨਾ ਉਸ ਵੇਲੇ ਵਾਪਰੀ ਜਦੋਂ ਮਨੀਪੁਰ ਪੁਲੀਸ ਦੇ ਕਮਾਂਡੋ ਇਲਾਕੇ ਵਿੱਚ ਰੁਟੀਨ ਗਸ਼ਤ ’ਤੇ ਸਨ। ਪੁਲੀਸ ਅਨੁਸਾਰ ਸ਼ੁਰੂ ਵਿੱਚ ਦੋ ਬੰਬ ਧਮਾਕੇ ਹੋਏ ਜਿਸ ਮਗਰੋਂ 350 ਤੋਂ 450 ਰਾਊਂਡ ਗੋਲੀਬਾਰੀ ਹੋਈ। ਸੂਤਰਾਂ ਅਨੁਸਾਰ ਮੋਰੇਹ ਕਸਬੇ ਵਿੱਚ ਦੋ ਮਕਾਨਾਂ ਨੂੰ ਅੱਗ ਲਾਏ ਜਾਣ ਦੀ ਵੀ ਖਬਰ ਹੈ। -ਪੀਟੀਆਈ