ਮਨੀਪੁਰ ਘਟਨਾਵਾਂ ਅਤੇ ਪਿਤਰ ਸੱਤਾ ਮਾਨਸਿਕਤਾ
ਸੁਰਿੰਦਰਪਾਲ ਕੌਰ
ਮਨੀਪੁਰ ਵਿਚ ਦਿਲ ਦਹਿਲਾਉਣ ਵਾਲੀ ਵੀਡੀਓ ਜੋ ਦੋ ਮਹੀਨੇ ਬਾਅਦ ਵਾਇਰਲ ਹੋਈ, ਨੇ ਕੇਵਲ ਭਾਰਤ ਹੀ ਨਹੀਂ ਪੂਰੇ ਵਿਸ਼ਵ ਭਰ ਵਿਚ ਸਾਡੀ ਨੈਤਿਕਤਾ ਦਾ ਜਨਾਜ਼ਾ ਕੱਢ ਦਿੱਤਾ। ਇਹ ਘਟਨਾ ਜਿੱਥੇ ਔਰਤਾਂ ਪ੍ਰਤੀ ਮਰਦਾਂ ਦੀ ਸੰਵੇਦਨਹੀਣਤਾ ਦਾ ਸਬੂਤ ਹੈ, ਉੱਥੇ ਇਹ ਵੀ ਸਿੱਧ ਕਰਦੀ ਹੈ ਕਿ ਅਸੀਂ ਅਸੀਂ ਤਾਂ ਅਜੇ ਵੀ ਜੰਗਲ ਰਾਜ ਤੋਂ ਵੀ ਮਾੜੇ ਮਾਹੌਲ ਵਿਚ ਜੀਅ ਰਹੇ ਹਾਂ।
ਪੁਰਾਣੇ ਸਮਿਆਂ ਵਿਚ ਮਰਦ ਹਉਂ ਕਾਰਨ ਜਦੋਂ ਵੀ ਦੋ ਧੜਿਆਂ ਦੀ ਲੜਾਈ ਹੁੰਦੀ, ਜਿੱਤਣ ਵਾਲੀ ਧਿਰ ਦਾ ਨਿਸ਼ਾਨਾ ਇਸਤਰੀਆਂ ਹੀ ਹੁੰਦੀਆਂ ਸਨ। ਪੈਸਾ-ਟਕਾ, ਗਹਿਣੇ ਅਤੇ ਹੋਰ ਮਾਲ-ਅਸਬਾਬ ਦੇ ਨਾਲ ਨਾਲ ਹਾਰਨ ਵਾਲੇ ਧੜੇ ਦੀਆਂ ਧੀਆਂ, ਭੈਣਾਂ, ਮਾਵਾਂ ਨੂੰ ਡੰਗਰਾਂ ਵਾਂਗ ਬੰਦੀ ਬਣਾ ਲਿਆ ਜਾਂਦਾ। ਸਮਾਂ ਕੋਈ ਵੀ ਹੋਵੇ; ਰਜਵਾੜਾਸ਼ਾਹੀ, ਸਾਮੰਤਵਾਦੀ ਜਾਂ ਲੋਕਤੰਤਰ, ਔਰਤ ਦੀ ਹੋਂਦ ਕੇਵਲ ਸ਼ੋਸ਼ਤ ਹੋਣ ਲਈ ਹੀ ਕਿਉਂ ਹੈ?
ਸਾਡਾ ਸੰਵਿਧਾਨ ਮੌਲਿਕ ਅਧਿਕਾਰਾਂ ਵਿਚ ਸਮਾਨਤਾ, ਸੁਤੰਤਰਤਾ, ਜੀਵਨ ਜਿਊਣ, ਧਾਰਮਿਕ ਆਜ਼ਾਦੀ , ਸੱਭਿਆਚਾਰ ਅਤੇ ਸਿੱਖਿਆ ਸਬੰਧੀ ਅਧਿਕਾਰਾਂ ਦੇ ਨਾਲ ਨਾਲ ਧਾਰਾ 23-24 ਵਿਚ ਸ਼ੋਸ਼ਣ ਵਿਰੁੱਧ ਅਧਿਕਾਰ ਦਿੰਦਾ ਹੈ। ਔਰਤਾਂ ਦੀ ਮਾਣ ਮਰਿਆਦਾ ਬਾਰੇ ਬੋਲੇ ਅਪਸ਼ਬਦ ਤੱਕ ਨੂੰ ਸਜ਼ਾਯੋਗ ਅਪਰਾਧ ਐਲਾਨਿਆ ਗਿਆ ਹੈ ਪਰ ‘ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰ’ ਵਿਚ ਔਰਤਾਂ ਵਿਰੁੱਧ ਇੰਨੇ ਦਿਲ ਦਹਿਲਾ ਦੇਣ ਵਾਲੇ ਕਾਂਡ ਸੰਵਿਧਾਨਕ ਅਧਿਕਾਰਾਂ ’ਤੇ ਸਵਾਲੀਆ ਚਿੰਨ੍ਹ ਹਨ।
ਤਕਰੀਬਨ ਦੋ ਮਹੀਨਿਆਂ ਤੋਂ ਇੱਕ ਸੂਬਾ ਹਿੰਸਾ ਦੀ ਅੱਗ ਨਾਲ ਜਲ਼ ਰਿਹਾ ਹੈ। ਸੱਤਾਧਾਰੀਆਂ ਦੀ ਸਾਜਿ਼ਸ਼ੀ ਚੁੱਪ ਬਲਦੀ ’ਤੇ ਤੇਲ ਪਾ ਰਹੀ ਹੈ। ਅਸਲ ਵਿਚ ਸੰਵਿਧਾਨਕ ਅਧਿਕਾਰਾਂ ਅਧਿਕਾਰਾਂ ਦਾ ਫ਼ਾਇਦਾ ਅਮਲੀ ਰੂਪ ਵਿਚ ਬਹੁਤ ਘੱਟ ਦੇਖਣ ਨੂੰ ਮਿਲਦਾ ਹੈ। ਇਸੇ ਤਰ੍ਹਾਂ ਸਿੱਖਿਆ ਦਾ ਅਧਿਕਾਰ ਅਤੇ ਕਾਨੂੰਨ ਦੇ ਸਾਹਮਣੇ ਬਰਾਬਰੀ ਦਾ ਅਧਿਕਾਰ ਇਸੇ ਸ਼੍ਰੇਣੀ ਵਿਚ ਰੱਖਿਆ ਜਾ ਸਕਦਾ ਹੈ। ਇਹ ਸੱਚ ਹੈ ਕਿ ਸਿੱਖਿਆ ਪ੍ਰਾਪਤੀ ਵਿਚ ਲੜਕੀਆਂ/ਔਰਤਾਂ ਮੁੰਡਿਆਂ/ਮਰਦਾਂ ਦੇ ਮੁਕਾਬਲੇ ਅੱਗੇ ਹਨ ਪਰ ਕਿਤਾਬੀ ਗਿਆਨ ਤੋਂ ਅਗਾਂਹ ਚੇਤਨਾ ਦੀ ਗੱਲ ਕਿੰਨੇ ਫ਼ੀਸਦੀ ਔਰਤਾਂ ’ਤੇ ਲਾਗੂ ਹੁੰਦੀ ਹੈ? ਇੱਥੇ ਹੀ ਭਾਰਤੀ ਮਾਨਸਿਕਤਾ ਅੰਦਰ ਛੁਪੀ ਹੋਈ ਮਰਦ ਹਉਂ ਜਾਂ ਪਿਤਰ ਸੱਤਾ ਬਾਰੇ ਪਤਾ ਲੱਗਦਾ ਹੈ।
ਬਿਨਾਂ ਸ਼ੱਕ ਸਾਡੀਆਂ ਔਰਤਾਂ ਪੜ੍ਹ ਲਿਖ ਰਹੀਆਂ ਹਨ, ਨੌਕਰੀਆਂ ਕਰ ਰਹੀਆਂ ਹਨ, ਉੱਚੇ ਅਹੁਦਿਆਂ ’ਤੇ ਬਿਰਾਜਮਾਨ ਹਨ ਪਰ ਕੀ ਕੇਵਲ ਕਿਤਾਬੀ ਗਿਆਨ ਨੂੰ ਹੀ ਅਸੀਂ ਪੜ੍ਹੇ ਲਿਖੇ ਹੋਣਾ ਮੰਨਦੇ ਹਾਂ? ਜੇ ਨਿਰਪੱਖ ਸਰਵੇਖਣ ਕਰਵਾਇਆ ਜਾਵੇ ਤਾਂ ਨੌਕਰੀ ਪੇਸ਼ਾ ਔਰਤਾਂ ਵਿਚ ਪੰਜ ਤੋਂ ਸੱਤ ਪ੍ਰਤੀਸ਼ਤ ਨੂੰ ਸੰਵਿਧਾਨ ਵਿਚ ਦਰਜ ਅਧਿਕਾਰਾਂ ਦੀ ਜਾਣਕਾਰੀ ਹੋਵੇਗੀ। ਹੋ ਸਕਦਾ ਹੈ ਕਿ ਉੱਚ ਅਹੁਦਿਆਂ ’ਤੇ ਬਿਰਾਜਮਾਨ ਔਰਤਾਂ ਨੂੰ ਇਹ ਜਾਣਕਾਰੀ ਹੋਵੇ।
ਪੜਚੋਲ ਕਰਨ ’ਤੇ ਪੁਰਾਣੇ ਸਮਿਆਂ ਵਿਚ ਮਰਦ ਦੀ ਅਹਿਮੀਅਤ ਦਾ ਕਾਰਨ ਕੇਵਲ ਇਹੀ ਲੱਭਦਾ ਹੈ ਕਿ ਕੰਮ ਵੰਡ ਅਜਿਹੇ ਤਰੀਕੇ ਦੀ ਸੀ ਕਿ ਘਰੋਂ ਬਾਹਰ ਵਾਲੇ ਕੰਮ ਮਰਦਾਂ ਨੂੰ ਕਰਨੇ ਪੈਂਦੇ ਸਨ; ਔਰਤਾਂ ਘਰ ਦੀ ਸਾਂਭ ਸੰਭਾਲ ਤੇ ਹੋਰ ਕੰਮਕਾਜ ਕਰਦੀਆਂ ਸਨ। ਬਾਹਰੀ ਕੰਮ ਜੋ ਮੁਕਾਬਲਤਨ ਜਿ਼ਆਦਾ ਜੋਖ਼ਮ ਭਰੇ ਅਤੇ ਵਧੇਰੇ ਸਰੀਰਕ ਸ਼ਕਤੀ ਦੀ ਮੰਗ ਕਰਦੇ ਸਨ, ਉਨ੍ਹਾਂ ਲਈ ਮਰਦਾਂ ਦੀ ਲੋੜ ਦੀ ਮਹੱਤਤਾ ਨੂੰ ਦੇਖਦਿਆਂ ਇਹ ਮੰਨਿਆ ਜਾਂਦਾ ਸੀ ਕਿ ਜਿਸ ਪਰਿਵਾਰ ਵਿਚ ਮਰਦਾਂ ਦੀ ਗਿਣਤੀ ਜਿ਼ਆਦਾ ਹੋਵੇਗੀ, ਉਹ ਵਧੇਰੇ ਪ੍ਰਫੁੱਲਤ ਹੋਵੇਗਾ ਪਰ ਇਹ ਧਾਰਨਾ ਔਰਤਾਂ ਨੂੰ ਨੀਵਾਂ ਦਿਖਾਉਣ ਜਾਂ ਉਨ੍ਹਾਂ ਦੀ ਅਹਿਮੀਅਤ ਘਟਾਉਣ ਦਾ ਕੋਈ ਪੈਮਾਨਾ ਨਹੀਂ ਬਣਦੀ।
ਅੱਜ ਦੇ ਯੁੱਗ ਵਿਚ ਔਰਤਾਂ ਨੇ ਸਾਰੇ ਖੇਤਰਾਂ ਵਿਚ ਬੇਮਿਸਾਲ ਪ੍ਰਾਪਤੀਆਂ ਕਰਦਿਆਂ ਦੁਨੀਆ ਸਾਹਮਣੇ ਆਪਣੀ ਸਮਰੱਥਾ ਦਾ ਲੋਹਾ ਮੰਨਵਾਇਆ ਹੈ ਪਰ ਭਾਰਤੀ ਸਮਾਜ ਨੇ ਔਰਤ ਨੂੰ ਹਾਲੇ ਤੱਕ ਬਰਾਬਰੀ ਦਾ ਦਰਜਾ ਨਹੀਂ ਦਿੱਤਾ। ਇਹੀ ਕਾਰਨ ਹੈ ਕਿ ਔਰਤਾਂ ਵਿਰੁੱਧ ਅਪਰਾਧ ਘਟਣ ਦੀ ਬਜਾਇ ਵਧ ਰਹੇ ਹਨ। ਅੰਕੜੇ ਦੱਸਦੇ ਹਨ ਕਿ 55% ਤੋਂ 65% ਰਾਜਨੀਤਕ ਲੋਕਾਂ ’ਤੇ ਔਰਤਾਂ ਵਿਰੁੱਧ ਅਪਰਾਧ ਦੇ ਮਾਮਲੇ ਹਨ।
ਜੇਕਰ ਸੱਚੇ ਮਨ ਨਾਲ ਨਿਰਪੱਖ ਹੋ ਕੇ ਅਸੀਂ ਮਨੀਪੁਰ ਵਰਗੀਆਂ ਘਿਨਾਉਣੀਆਂ ਘਟਨਾਵਾਂ ਬਾਰੇ ਵਿਚਾਰ ਕਰੀਏ ਤਾਂ ਇਸ ਦੀਆਂ ਤੰਦਾਂ ਉਸ ਮਾਨਸਿਕਤਾ ਨਾਲ ਜਾ ਜੁੜਦੀਆਂ ਹਨ ਜਿੱਥੋਂ ਇਹ ਆਵਾਜ਼ ਆਉਂਦੀ ਹੈ: ਢੋਰ, ਗੰਵਾਰ, ਸ਼ੂਦਰ ਪਸ਼ੂ, ਨਾਰੀ। ਸਗਲ ਤਾੜਨਾ ਕੇ ਅਧਿਕਾਰੀ। ਇਹ ਮਾਨਸਿਕਤਾ ਸਾਡੇ ਮਰਦ ਪ੍ਰਧਾਨ ਸਮਾਜ ਦੇ ਅੰਦਰ ਇੰਨੀ ਕੁੱਟ ਕੁੱਟ ਕੇ ਭਰੀ ਜਾ ਚੁੱਕੀ ਹੈ ਕਿ ਸਦੀਆਂ ਬੀਤ ਜਾਣ ਦੇ ਬਾਅਦ ਵੀ ਅਸੀਂ ਇਸਤਰੀਆਂ ਨਾਲ ਮਨੁੱਖਾਂ ਵਾਂਗ ਵਿਹਾਰ ਕਰਨਾ ਨਹੀਂ ਸਿੱਖੇ। ਰਾਜਨੀਤਕ ਕਾਰਨਾਂ ਦੀ ਪੜਚੋਲ ਕਰਨ ’ਤੇ ਹੋਰ ਵੀ ਖ਼ਤਰਨਾਕ ਗੱਲਾਂ ਸਾਹਮਣੇ ਆਉਣਗੀਆਂ।
ਇਸ ਲੇਖ ਦਾ ਮਕਸਦ ਉਸ ਮਾਨਸਿਕਤਾ ਦੀ ਨਿਸ਼ਾਨਦੇਹੀ ਕਰਨਾ ਹੈ ਜੋ ਕੇਵਲ ਇਹ ਸਿਖਾਉਂਦੀ ਹੈ ਕਿ ਮਰਦ ਇਨਸਾਨ ਹੈ ਅਤੇ ਔਰਤ ਮਹਿਜ਼ ਵਸਤੂ।
ਸਾਡੀਆਂ ਉਹ ਔਰਤਾਂ ਜੋ ਅਚੇਤ ਰੂਪ ਵਿਚ ਮਾਨਸਿਕ ਗ਼ੁਲਾਮੀ ਦੀਆਂ ਸਿ਼ਕਾਰ ਹਨ, ਭਾਵੇਂ ਉਨ੍ਹਾਂ ਵਿਚ ਸਾਡੀਆਂ ਮਾਵਾਂ, ਦਾਦੀਆਂ, ਪੜਦਾਦੀਆਂ ਵੀ ਜਿ਼ੰਮੇਵਾਰ ਹਨ ਜੋ ਨਿੱਕੀਆਂ ਬਾਲੜੀਆਂ ਨੂੰ ਇੱਕ ਪਾਸੇ ਤਾਂ ਰੱਬ ਕੋਲੋਂ ‘ਇੱਕ ਵੀਰ ਦੇਈਂ ਵੇ ਰੱਬਾ’ ਲਈ ਪ੍ਰੇਰਦੀਆਂ ਹਨ, ਦੂਜੇ ਪਾਸੇ ਉਨ੍ਹਾਂ ਮਾਸੂਮ ਬੱਚੀਆਂ ਦੇ ਮੂੰਹੋਂ ਦੁੱਧ ਖੋਹ ਕੇ ਮੁੰਡਿਆਂ, ਪੋਤਿਆਂ, ਪੜੋਤਿਆਂ ਨੂੰ ਪਰੋਸ ਕੇ ਖ਼ੁਸ਼ ਹੁੰਦੀਆਂ ਹਨ। ਜਿੰਨਾ ਚਿਰ ਖ਼ਾਨਦਾਨ ਦੇ ਚੰਨ ਚਿਰਾਗ਼ ਕੇਵਲ ਮੁੰਡੇ ਰਹਿਣਗੇ, ਓਨਾ ਚਿਰ ਅਸੀਂ ਬਰਾਬਰੀ ਦੀ ਗੱਲ ਕਰਦਿਆਂ ਆਪਣੀ ਖੋਖਲੀ ਸਿਧਾਂਤਕਤਾ ਹੀ ਦਰਸਾਉਂਦੇ ਹਾਂ।
ਔਰਤਾਂ ਦੀ ਸੁਰੱਖਿਆ ਦੀ ਘਾਟ ਲਈ ਜਿੰਨੀਆਂ ਜਿ਼ੰਮੇਵਾਰ ਰਾਜ ਕਰਤਾ ਜਮਾਤਾਂ ਹਨ, ਓਨੀਆਂ ਹੀ ਔਰਤਾਂ ਖ਼ੁਦ ਵੀ ਹਨ। ਭਾਰਤੀ ਸਮਾਜ ਦੀਆਂ ਬਹੁਗਿਣਤੀ ਔਰਤਾਂ ਅਨਪੜ੍ਹ ਜਾਂ ਘੱਟ ਪੜ੍ਹੀਆਂ ਹਨ ਪਰ ਪੜ੍ਹੀ ਲਿਖੀ ਔਰਤ ਵੀ ਚੇਤਨਾ ਦੀ ਘਾਟ ਕਾਰਨ ਅੱਖਾਂ ਮੀਚ ਕੇ ਗਲ਼ੀਆਂ ਸੜੀਆਂ ਪਰੰਪਰਾਵਾਂ ਅਤੇ ਰੀਤਾਂ ਨਾਲ ਬੱਝੀ ਹੋਈ ਹੈ। ਜਦੋਂ ਅਸੀਂ ਖ਼ੁਦ ਹੀ ਬਰਾਬਰੀ ਦੀ ਦਾਅਵੇਦਾਰੀ ਤੋਂ ਅਵੇਸਲੇ ਹੋਈਏ ਤਾਂ ਫਿਰ ਕੌਣ ਸਾਨੂੰ ਥਾਲੀ ਵਿਚ ਪਰੋਸ ਕੇ ਸਾਡੇ ਹੱਕ ਦੇਵੇਗਾ?
ਜਿਹੜੇ ਮੁਲਕਾਂ ਨੇ ਤਰੱਕੀ ਕੀਤੀ ਹੈ, ਔਰਤਾਂ ਨੂੰ ਅਮਲੀ ਰੂਪ ਵਿਚ ਬਰਾਬਰੀ ਦੇ ਹੱਕ ਦਿੱਤੇ ਹਨ। ਉੱਥੋਂ ਦੀਆਂ ਔਰਤਾਂ ਨੇ ਪਹਿਲਾਂ ਖ਼ੁਦ ਆਪਣੇ ਅਧਿਕਾਰਾਂ ਦੀ ਪਛਾਣ ਕੀਤੀ, ਦਰਪੇਸ਼ ਸਥਿਤੀਆਂ ਨਾਲ ਤੁਲਨਾ ਕੀਤੀ, ਫਿਰ ਉਨ੍ਹਾਂ ਆਪਣੇ ਹੱਕਾਂ ਦੀ ਮੰਗ ਕੀਤੀ ਅਤੇ ਨਾ ਮਿਲਣ ’ਤੇ ਸੰਘਰਸ਼ ਕੀਤਾ। ਅੱਜ ਅਸੀਂ ਪੱਛਮੀ ਔਰਤ ਦੀ ਆਜ਼ਾਦੀ ਨੂੰ ਦੇਖ ਕੇ ਫ਼ਖ਼ਰ ਮਹਿਸੂਸ ਕਰਦੇ ਹਾਂ ਪਰ ਇਹ ਆਜ਼ਾਦੀ ਉਨ੍ਹਾਂ ਨੂੰ ਘਰ ਬੈਠੇ ਪ੍ਰਾਪਤ ਨਹੀਂ ਹੋਈ।
ਜੇਕਰ ਔਰਤਾਂ ਚਾਹੁੰਦੀਆਂ ਹਨ ਕਿ ਮਨੀਪੁਰ ਵਰਗੀਆਂ ਘਿਨਾਉਣੀਆਂ ਘਟਨਾਵਾਂ ਦੀ ਵਹਿਸ਼ੀ ਅੱਗ ਉਨ੍ਹਾਂ ਦੇ ਕੁਨਬੇ, ਗਲ਼ੀ, ਮੁਹੱਲੇ, ਘਰ ਤੱਕ ਨਾ ਪਹੁੰਚੇ ਤਾਂ ਉਨ੍ਹਾਂ ਨੂੰ ਖ਼ੁਦ ਹੀ ਕੁਝ ਫ਼ੈਸਲੇ ਕਰਨੇ ਪੈਣਗੇ। ਮਾਵਾਂ ਨੂੰ ਚਾਹੀਦਾ ਹੈ ਕਿ ਆਪਣੇ ਪੁੱਤਰਾਂ ਨੂੰ ਇਨਸਾਨੀਅਤ ਦਾ ਪਾਠ ਪੜ੍ਹਾ ਕੇ ਪਾਲਣ ਪੋਸ਼ਣ ਕਰਨ। ਘਰ ਤੋਂ ਚੇਤਨਾ ਦੀ ਜਾਗ ਸ਼ੁਰੂ ਕਰਨ। ਜਿਹੜੀਆਂ ਮਾਵਾਂ ਆਪਣੇ ਲਾਡਲਿਆਂ ਦੀਆਂ ਭੈੜੀਆਂ ਅਤੇ ਕੋਝੀਆਂ ਆਦਤਾਂ/ਹਰਕਤਾਂ ਨੂੰ ਅੱਖੋਂ ਓਹਲੇ ਵੀ ਕਰਦੀਆਂ ਹਨ ਅਤੇ ਪਰਿਵਾਰ/ਸਮਾਜ ਦੇ ਸਾਹਮਣੇ ਉਨ੍ਹਾਂ ਦੀਆਂ ਕਰਤੂਤਾਂ ’ਤੇ ਪਰਦਾ ਵੀ ਪਾਉਂਦੀਆਂ ਹਨ, ਉਨ੍ਹਾਂ ਨੂੰ ਸਮਝਣਾ ਚਾਹੀਦਾ ਹੈ ਕਿ ਆਪਣੀਆਂ ਦੁਸ਼ਮਣ ਉਹ ਆਪ ਹੀ ਹਨ।
ਮਾਵਾਂ ਦਾ ਵਡੇਰਾ ਫ਼ਰਜ਼ ਹੈ ਕਿ ਆਪਣੀਆਂ ਬੱਚੀਆਂ ਨੂੰ ਵੀ ਚੇਤਨਾ ਦਾ ਪਾਠ ਪੜ੍ਹਾਓ। ਬੱਚੀਆਂ, ਮੁਟਿਆਰਾਂ ਨੂੰ ਪੜ੍ਹ ਲਿਖ ਕੇ ਆਪਣੇ ਕੁਦਰਤੀ ਅਤੇ ਸੰਵਿਧਾਨਕ ਅਧਿਕਾਰਾਂ ਲਈ ਚਿੰਤਨ ਕਰਨ ਦੀ ਲੋੜ ਹੈ। ਬੱਚੀਆਂ ਨੂੰ ਡਰਾਉਣ ਦੀ ਬਜਾਇ ਸਮੱਸਿਆਵਾਂ ਦਾ ਸਾਹਮਣਾ ਕਰਨ ਦੀ ਜਾਚ ਸਿਖਾਉਣੀ ਪਵੇਗੀ। ਆਪਣੇ ਆਪ ਨੂੰ ਵਸਤੂ ਤੋਂ ਇਨਸਾਨ ਬਣਾਉਣਾ ਪਵੇਗਾ। ਮਾਵਾਂ ਦਾ ਫ਼ਰਜ਼ ਹੈ ਕਿ ਉਹ ਧੀਆਂ ਨੂੰ ਅਬਲਾ ਨਹੀਂ, ਚੰਡੀ ਬਣਾਉਣ; ਉਨ੍ਹਾਂ ਨੂੰ ਵੇਲਾ ਵਿਹਾ ਚੁੱਕੀਆਂ ਰਸਮਾਂ ਵਿਚ ਬੰਨ੍ਹਣ ਦੀ ਬਜਾਇ ਵਿੱਦਿਆ ਅਤੇ ਚੇਤਨਾ ਦੇ ਖੰਭ ਦਿਓ।
ਸੰਪਰਕ: 70097-15355