ਮਨੀਪੁਰ ਮਾਮਲਾ: ਡੀਟੀਐੱਫ ਦੇ ਨੁਮਾਇੰਦਿਆਂ ਨੇ ਕਾਲੇ ਬਿੱਲੇ ਲਗਾ ਕੇ ਰੋਸ ਪ੍ਰਗਟਾਇਆ
ਖੇਤਰੀ ਪ੍ਰਤੀਨਿਧ
ਲੁਧਿਆਣਾ, 26 ਜੁਲਾਈ
ਮਨੀਪੁਰ ਸੂਬੇ ਵਿੱਚ ਕਬਾਇਲੀ ਔਰਤਾਂ ਨਾਲ ਹੋਏ ਜਬਰ ਜਨਿਾਹ, ਕਤਲੇਆਮ ਅਤੇ ਹੋਰ ਹੌਲਨਾਕ ਘਟਨਾਵਾਂ ਵਿਰੁੱਧ ਡੈਮੋਕ੍ਰੇਟਿਕ ਜੰਗਲਾਤ ਮੁਲਾਜ਼ਮ ਅਤੇ ਡੀਟੀਐਫ ਜ਼ਿਲ੍ਹਾ ਲੁਧਿਆਣਾ ਦੇ ਕਾਰਕੁਨਾਂ ਅਤੇ ਅਹੁਦੇਦਾਰਾਂ ਨੇ ਰੋਸ ਪ੍ਰਦਰਸ਼ਨ ਕੀਤਾ। ਪੰਜਾਬ-ਯੂਟੀ ਮੁਲਾਜ਼ਮ ਤੇ ਪੈਨਸ਼ਨਰ ਸਾਂਝੇ ਫਰੰਟ ਅਤੇ ਡੈਮੋਕ੍ਰੇਟਿਕ ਮੁਲਾਜ਼ਮ ਫੈਡਰੇਸ਼ਨ ਵੱਲੋਂ ਦਿੱਤੇ ਸੱਦੇ ਨੂੰ ਲਾਗੂ ਕਰਵਾਉਣ ਲਈ ਕੀਤੇ ਉਕਤ ਰੋਸ ਪ੍ਰਦਰਸ਼ਨ ਮੌਕੇ ਮੁਲਾਜ਼ਮ ਆਗੂਆਂ ਨੇ ਆਪਣੇ ਹੱਥਾਂ ਵਿੱਚ ਕਾਲੀਆਂ ਝੰਡੀਆਂ ਫੜੀਆਂ ਸਨ ਅਤੇ ਕਾਲੇ ਬਿੱਲੇ ਲਾਏ ਹੋਏ ਸੀ। ਜ਼ਿਲ੍ਹਾ ਪ੍ਰਧਾਨ ਹਰਜੀਤ ਕੌਰ ਸਮਰਾਲਾ, ਡੀਟੀਐਫ ਦੇ ਸੂਬਾ ਜੱਥੇਬੰਦਕ ਸਕੱਤਰ ਰੁਪਿੰਦਰ ਸਿੰਘ ਗਿੱਲ, ਜ਼ਿਲ੍ਹਾ ਪ੍ਰਧਾਨ ਸੁਖਵਿੰਦਰ ਲੀਲ੍ਹ, ਸਿਮਰਨਜੀਤ ਸਿੰਘ, ਰੇਂਜ ਪ੍ਰਧਾਨ ਬਲਵਿੰਦਰ ਸਿੰਘ, ਲਖਵੀਰ ਸਿੰਘ, ਹਰਦੀਪ ਸਿੰਘ, ਬਲਜੀਤ ਸਿੰਘ, ਰਜਿੰਦਰ ਕੌਰ, ਬਲਕਾਰ ਰਾਮ, ਸੁਖਵਿੰਦਰ ਸਿੰਘ, ਰਜਿੰਦਰ ਸਿੰਘ, ਸੁਖਚੈਨ ਸਿੰਘ ਆਦਿ ਨੇ ਪਿਛਲੇ ਤਿੰਨ ਮਹੀਨਿਆਂ ’ਚ ਮਨੀਪੁਰ ਵਿੱਚ 150 ਤੋਂ ਵੱਧ ਲੋਕਾਂ ਦੇ ਹਿੰਸਾ ਦਾ ਸ਼ਿਕਾਰ ਹੋ ਕੇ ਮੌਤ ਦੇ ਘਾਟ ਉਤਾਰਨ ਅਤੇ ਅਨੇਕਾਂ ਔਰਤਾਂ ਦੀ ਬੇਪਤੀ ਹੋਣ ਦੇ ਬਾਵਜੂਦ ਮਨੀਪੁਰ ਤੇ ਕੇਂਦਰ ਸਰਕਾਰ ਵੱਲੋਂ ਸੰਵੇਦਨਹੀਣ ਰਵੱਈਆ ਅਪਨਾਉਣ ਦੀ ਸਖਤ ਸਬਦਾਂ ਵਿੱਚ ਨਿਖੇਧੀ ਕੀਤੀ।
ਡੀਸੀ ਨੂੰ ਦਿੱਤਾ ਮੰਗ ਪੱਤਰ
ਲੁਧਿਆਣਾ (ਨਿੱਜੀ ਪੱਤਰ ਪ੍ਰੇਰਕ): ਮਨੀਪੁਰ ਵਿੱਚ ਮੈਤਈ ਤੇ ਕੁਕੀ ਸਮਾਜ ਵਿੱਚ ਚੱਲ ਰਹੇ ਸੰਘਰਸ਼ ਕਾਰਨ ਬਣੇ ਹਾਲਾਤਾਂ ਦੇ ਮੱਦੇਨਜ਼ਰ ਅੰਬੇਡਕਰ ਨਵਯੁਵਕ ਦਲ ਅਤੇ ਭਾਰਤੀ ਸਮਾਜ ਮੋਰਚਾ ਵੱਲੋਂ ਰਾਸ਼ਟਰਪਤੀ ਲਈ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਸੌਂਪਕੇ ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਦੇਣ ਦੀ ਮੰਗ ਕੀਤੀ। ਇਸ ਮੌਕੇ ਅੰਬੇਡਕਰ ਨਵਯੁਵਕ ਦਲ ਦੇ ਸਰਪ੍ਰਸਤ ਰਾਜੀਵ ਕੁਮਾਰ ਲਵਲੀ ਨੇ ਕਿਹਾ ਕਿ 2 ਮਹੀਨੇ ਪਹਿਲਾਂ ਮਨੀਪੁਰ ਵਿੱਚ ਆਦਿ ਵਾਸੀ ਲੋਕਾਂ ਤੇ ਅਣਮਨੁੱਖੀ ਕਾਰਵਾਈਆਂ ਕਰਦਿਆਂ ਵੱਡੇ ਪੱਧਰ ਤੇ ਮਨੁੱਖਤਾ ਦਾ ਘਾਣ ਕੀਤਾ ਗਿਆ ਹੈ। ਇਸ ਦੌਰਾਨ ਅਣਗਿਣਤ ਲੋਕਾਂ ਨੂੰ ਆਪਣੀ ਜਾਨ ਤੋਂ ਹੱਥ ਧੋਣਾ ਪਿਆ ਹੈ ਅਤੇ ਔਰਤ ਜਾਤੀ ਨੂੰ ਬੇਪੱਤ ਕੀਤਾ ਗਿਆ ਹੈ ਜਿਸ ਨਾਲ ਪੂਰੇ ਭਾਰਤ ਦਾ ਸਿਰ ਵਿਸ਼ਵ ਪੱਧਰ ਤੇ ਨੀਵਾਂ ਹੋਇਆ ਹੈ। ਉਨ੍ਹਾਂ ਕਿਹਾ ਕਿ ਮਨੀਪੁਰ ਸਰਕਾਰ ਅਤੇ ਪ੍ਰਸ਼ਾਸਨ ਲੋਕਾਂ ਦੀ ਜਾਨ ਅਤੇ ਮਾਲ ਦੀ ਰਾਖੀ ਕਰਨ ਵਿੱਚ ਫੇਲ੍ਹ ਸਾਬਤ ਹੋਇਆ ਹੈ। ਇਸ ਮੌਕੇ ਆਰਐਲ ਸੁਮਨ ਐਡਵੋਕੇਟ, ਰਾਜ ਕੁਮਾਰ ਹੈਪੀ, ਗੁਰਦੇਵ ਸਿੰਘ ਸੀਪੀ. ਆਫ਼ਿਸ ਆਦਿ ਵੀ ਹਾਜ਼ਰ ਸਨ।