ਮਨੀਪੁਰ ਕਾਰ ਬੰਬ ਧਮਾਕਾ: ਦੋ ਮੁਲਜ਼ਮਾਂ ਖ਼ਿਲਾਫ਼ ਦੋਸ਼ ਪੱਤਰ ਦਾਖਲ
ਨਵੀਂ ਦਿੱਲੀ, 13 ਅਪਰੈਲ
ਕੌਮੀ ਜਾਂਚ ਏਜੰਸੀ (ਐੱਨਆਈਏ) ਨੇ ਮਨੀਪੁਰ ’ਚ ਪਿਛਲੇ ਵਰ੍ਹੇ ਹੋਏ ਕਾਰ ਬੰਬ ਧਮਾਕੇ ਸਬੰਧੀ ਕੇਸ ’ਚ ਮੁੱਖ ਸਾਜ਼ਿਸ਼ਘਾੜੇ ਸਣੇ ਦੋ ਮੁਲਜ਼ਮਾਂ ਖ਼ਿਲਾਫ਼ ਦੋਸ਼ ਪੱਤਰ ਦਾਖਲ ਕੀਤਾ ਹੈ। ਅੱਜ ਜਾਰੀ ਇੱਕ ਅਧਿਕਾਰਤ ਬਿਆਨ ’ਚ ਇਹ ਜਾਣਕਾਰੀ ਦਿੱਤੀ ਗਈ। ਬਿਆਨ ’ਚ ਕਿਹਾ ਗਿਆ ਕਿ ਏਜੰਸੀ ਨੇ ਮਨੀਪੁਰ ਬਿਸ਼ਨੂਪੁਰ ’ਚ ਐੱਨਆਈਏ ਦੀ ਇੱਕ ਵਿਸ਼ੇਸ਼ ਅਦਾਲਤ ’ਚ ਦੋਸ਼ ਪੱਤਰ ਦਾਖਲ ਕੀਤਾ ਹੈ। ਇਹ ਧਮਾਕਾ 21 ਜੂਨ 2023 ਨੂੰ ਬਿਸ਼ਨੂਪੁਰ ’ਚ ਫੌਗਾਕਚਾਓ ਇਖਈ ਅਵਾਂਗ ਲੇਈਕੇਈ ਅਤੇ ਕਾਵਾਤਕਾ ਨੂੰ ਇਲਾਕੇ ਨੂੰ ਜੋੜਦੇ ਪੁਲ ’ਤੇ ਸਕਾਰਪੀਓ ਗੱਡੀ ’ਚ ਫਿੱਟ ਕੀਤੇ ਬੰਬ ਕਾਰਨ ਹੋਇਆ ਸੀ। ਧਮਾਕੇ ’ਚ ਤਿੰਨ ਵਿਅਕਤੀ ਜ਼ਖਮੀ ਹੋਏ ਸਨ। ਧਮਾਕੇ ਦੇ ਸਬੰਧ ’ਚ ਮੁਹੰਮਦ ਨੂਰ ਹੁਸੈਨ ਉਰਫ਼ ਤੋਂਬਾ ਉਰਫ਼ ਨੂਰ ਹਸਨ ਅਤੇ ਸੇਈਮਿਨਲੁਨ ਗੰਗਟੇ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ, ਜਿਨ੍ਹਾਂ ਦੀ ਪਛਾਣ ਮੁੱਖ ਸਾਜ਼ਿਸ਼ਘਾੜਿਆਂ ਵਜੋਂ ਹੋਈ ਸੀ। ਬਿਆਨ ਮੁਤਾਬਕ ਐੱਨਆਈਏ ਨੇ ਸ਼ੁੱਕਰਵਾਰ ਨੂੰ ਕਵਾਤਕਾ (ਮਨੀਪੁਰ) ਵਾਹਨ ਬਾਰੂਦੀ ਸੁਰੰਗ (ਆਈਈਡੀ) ਧਮਾਕਾ ਕੇਸ ’ਚ ਮੁੱੱਖ ਸਾਜ਼ਿਸ਼ਘਾੜੇ ਸਣੇ ਦੋ ਮੁਲਜ਼ਮਾਂ ਖ਼ਿਲਾਫ਼ ਦੋਸ਼ ਪੱਤਰ ਦਾਇਰ ਕੀਤਾ। ਚਾਰਜਸ਼ੀਟ ’ਚ ਮੁਲਜ਼ਮਾਂ ਖ਼ਿਲਾਫ਼ ਆਈਪੀਸੀ, ਯੂਏਪੀਏ, ਧਮਾਕਾਖੇਜ਼ ਸਮੱਗਰੀ ਕਾਨੂੰਨ-1908 ਅਤੇ ਪਲਲਿਕ ਪ੍ਰਾਪਰਟੀ ਨੁਕਸਾਨ ਰੋਕੂ ਕਾਨੂੰਨ ਦੀਆਂ ਧਾਰਾਵਾ ਤਹਿਤ ਦੋਸ਼ ਲਾਏ ਗਏ ਹਨ। ਐੱਨਆਈਏ ਨੇ ਹੁਸੈਨ ਨੂੰ ਪਿਛਲੇ ਸਾਲ 24 ਅਕਤੂਬਰ ਨੂੰ ਜਦਕਿ ਗੰਗਟੇ ਨੂੰ 2 ਨਵੰਬਰ ਨੂੰ ਗ੍ਰਿਫ਼ਤਾਰ ਕੀਤਾ ਸੀ। -ਪੀਟੀਆਈ
ਮਨੀਪੁਰ ’ਚ ਚੋਣ ਮੀਟਿੰਗ ਦੌਰਾਨ ਫਾਇਰਿੰਗ, ਕਾਂਗਰਸ ਵੱਲੋਂ ਸ਼ਿਕਾਇਤ
ਇੰਫਾਲ: ਮਨੀਪੁਰ ਪ੍ਰਦੇਸ਼ ਕਾਂਗਰਸ ਕਮੇਟੀ (ਐੱਮਪੀਸੀਸੀ) ਨੇ ਬਿਸ਼ਨੂਪੁਰ ਜ਼ਿਲ੍ਹੇ ਦੇ ਫੇਰੇਮਬਾਮ ਵਿਚ ਕਾਂਗਰਸੀ ਉਮੀਦਵਾਰ ਅੰਗੋਮਚਾ ਬਿਮੋਲ ਅਕੋਈਜਾਮ ਦੇ ਹੱਕ ਵਿਚ ਕੀਤੀ ਚੋਣ ਮੀਟਿੰਗ ਦੌਰਾਨ ਕੁਝ ਗੈਰਸਮਾਜੀ ਅਨਸਰਾਂ ਵੱਲੋਂ ਕੀਤੀ ਕਥਿਤ ਫਾਇਰਿੰਗ ਦੀ ਸ਼ਿਕਾਇਤ ਮਨੀਪੁਰ ਦੇ ਮੁੱਖ ਚੋਣ ਅਧਿਕਾਰੀ ਨੂੰ ਕੀਤੀ ਹੈ। ਸ਼ਿਕਾਇਤ ਵਿਚ ਇਨ੍ਹਾਂ ਅਨਸਰਾਂ ਖਿਲਾਫ਼ ਲੋੜੀਂਦੀ ਕਾਰਵਾਈ ਦੀ ਮੰਗ ਕੀਤੀ ਗਈ ਹੈ। ਐੱਮਪੀਸੀਸੀ ਨੇ ਸੀਈਓ ਨੂੰ ਲਿਖੇ ਪੱਤਰ ਵਿਚ ਕਿਹਾ ਕਿ ਸ਼ੁੱਕਰਵਾਰ ਨੂੰ ਸ਼ਾਮੀਂ ਸਾਢੇ ਤਿੰਨ ਵਜੇ ਦੇ ਕਰੀਬ 400 ਤੋਂ 500 ਦੇ ਕਰੀਬ ਲੋਕ ਚੋਣ ਰੈਲੀ ਲਈ ਜੁੜੇ ਸਨ ਜਦੋਂ ਅਚਾਨਕ ਅਣਪਛਾਤੇ ਵਿਅਕਤੀਆਂ ਨੇ ਫਾਇਰਿੰਗ ਕੀਤੀ। ਕਾਂਗਰਸ ਕਮੇਟੀ ਨੇ ਦਾਅਵਾ ਕੀਤਾ ਕਿ ਅਣਪਛਾਤੇ ਬੰਦੂਕਧਾਰੀਆਂ ਨੇ ਰੈਲੀ ਦੇ ਪ੍ਰਬੰਧਕਾਂ ਤੇ ਹਜੂਮ ਨੂੰ ਡਰਾਇਆ ਧਮਕਾਇਆ। -ਪੀਟੀਆਈ