Manipur Assembly Speaker: ਸਪੀਕਰ ਦੇ ਅਹੁਦੇ ਤੋਂ ਅਸਤੀਫ਼ੇ ਦਾ ਫ਼ੈਸਲਾ ਭਗਵਾਨ ਕਰਨਗੇ: ਥੋਕਚੋਮ
11:33 PM Nov 24, 2024 IST
ਇੰਫਾਲ, 24 ਨਵੰਬਰ
ਮਨੀਪੁਰ ਵਿਧਾਨ ਸਭਾ ਦੇ ਸਪੀਕਰ ਥੋਕਚੋਮ ਸੱਤਿਆਵਰਤ Thokchom Satyabrata ਨੇ ਅੱਜ ਕਿਹਾ ਕਿ ਉਹ ਅਹੁਦੇ ਤੋਂ ਅਸਤੀਫ਼ਾ ਦੇਣਗੇ ਜਾਂ ਨਹੀਂ, ਇਸ ਦਾ ਫ਼ੈਸਲਾ ‘ਭਗਵਾਨ’ ਵੱਲੋਂ ਕੀਤਾ ਜਾਵੇਗਾ ਅਤੇ ਉਨ੍ਹਾਂ ਨਾਲ ਹੀ ਆਖਿਆ, ‘‘ਲੋਕ ਹੀ ਭਗਵਾਨ ਹਨ।’’ ਥੋਕਚੋਮ ਨੇ ਇਹ ਟਿੱਪਣੀ ਉਨ੍ਹਾਂ ਦੇ ਚੋਣ ਹਲਕੇ ਦੇ ਵੱਡੀ ਗਿਣਤੀ ਲੋਕਾਂ ਵੱਲੋਂ ਉਨ੍ਹਾਂ ਦੀ ਰਿਹਾਇਸ਼ ’ਤੇ ਆ ਕੇ ਉਨ੍ਹਾਂ ਨੂੰ ਅਸਤੀਫ਼ਾ ਨਾ ਦੇਣ ਦੀ ਅਪੀਲ ਕਰਨ ਮਗਰੋਂ ਕੀਤੀ।
ਦੱਸਣਯੋਗ ਹੈ ਮਨੀਪੁਰ ’ਚ ਮੈਤੇਈ ਤੇ ਕੁੱਕੀ ਭਾਈਚਾਰਿਆਂ ਵਿਚਾਲੇ ਜਾਤੀਗਤ ਹਿੰਸਾ (Ethnic violence) ਕਾਰਨ ਪਿਛਲੇ ਸਾਲ ਮਈ ਤੋਂ ਹੁਣ ਤੱਕ 258 ਵਿਅਕਤੀ ਮਾਰੇ ਗਏ ਹਨ। ਸੂਬੇ ’ਚ ਮੁਜ਼ਾਹਰਾਕਾਰੀਆਂ ਦੇ ਇੱਕ ਵਰਗ ਵੱਲੋਂ ਸਪੀਕਰ ਥੋਕਚੋਮ ਦੇ ਅਸਤੀਫ਼ੇ ਦੇ ਮੰਗ ਕੀਤੀ ਜਾ ਰਹੀ ਹੈ।
ਸਤਿਆਵਰਤ ਨੇ ਕਿਹਾ, ‘‘ਮੈਂ ਅਹੁਦੇ ਤੋਂ ਅਸਤੀਫ਼ਾ ਦੇਵਾਂਗਾ ਜਾਂ ਨਹੀਂ ਇਸ ਬਾਰੇ ਫ਼ੈਸਲਾ ਭਗਵਾਨ ਕਰਨਗੇ ਅਤੇ ਲੋਕ ਹੀ ਭਗਵਾਨ ਹਨ।’’ ਉਨ੍ਹਾਂ ਇਹ ਵੀ ਆਖਿਆ ਕਿ ਵਿਧਾਇਕਾਂ ਨੂੰ ਦੁੱਖ ਭੋਗ ਰਹੇ ਲੋਕਾਂ ਦੀਆਂ ਸਮੱਸਿਆਂਵਾਂ ਦੂਰ ਕਰਨ ਲਈ ਹਰ ਉਹ ਹੀਲਾ ਵਰਤਣਾ ਚਾਹੀਦਾ ਹੈ, ਜਿਹੜਾ ਉਹ ਵਰਤ ਸਕਦੇ ਹਨ। ਸਪੀਕਰ ਨੇ ਕਿਹਾ, ‘‘ਸਰਕਾਰ ਨੂੰ ਲੋਕਾਂ ਦੀਆਂ ਮੁਸ਼ਕਲਾਂ ਦਾ ਪਤਾ ਲਾਉਣ ਅਤੇ ਲੋਕਾਂ ਦੀ ਭਲਾਈ ਲਈ ਕੰਮ ਕਰਨ ਦੀ ਲੋੜ ਹੈ। ਸਾਰੇ ਵਿਧਾਇਕਾਂ ਨੂੰ ਇੱਕਜੁਟ ਹੋਣ ਅਤੇ ਮਿਲ ਕੇ ਕੰਮ ਕਰਨ ਦੀ ਲੋੜ ਹੈ।’’ ਇਹ ਘਟਨਾਕ੍ਰਮ ਪ੍ਰਦਰਸ਼ਨਕਾਰੀਆਂ ਦੇ ਇੱਕ ਵਰਗ ਵੱਲੋਂ ਗੜਬੜਜ਼ਦਾ ਸੂਬੇ ’ਚ ਆਮ ਸਥਿਤੀ ਬਹਾਲ ਕਰਨ ’ਚ ਅਸਫਲ ਰਹਿਣ ਲਈ ਸਾਰੇ ਮੰਤਰੀਆਂ ਤੇ ਵਿਧਾਇਕਾਂ ਦੇ ਅਸਤੀਫ਼ੇ ਦੀ ਮੰਗ ਤੋਂ ਬਾਅਦ ਸਾਹਮਣੇ ਆਇਆ ਹੈ। -ਪੀਟੀਆਈ
Advertisement
Advertisement