ਮਨੀਪੁਰ: ਅਤਿਵਾਦੀ ਹਮਲੇ ਤੋਂ ਬਾਅਦ ਮੋਰੇਹ ’ਚ ਸਥਿਤੀ ਤਣਾਅਪੂਰਨ
ਇੰਫਾਲ, 31 ਦਸੰਬਰ
ਮਨੀਪੁਰ ਦੇ ਕਸਬਾ ਮੋਰੇਹ ਵਿੱਚ ਸ਼ਨਿਚਰਵਾਰ ਰਾਤ ਨੂੰ ਇਕ ਚੌਕੀ ’ਤੇ ਹੋਏ ਆਰਪੀਜੀ ਹਮਲੇ ਵਿੱਚ ਮਨੀਪੁਰ ਪੁਲੀਸ ਦੇ ਤਿੰਨ ਕਮਾਂਡੋਜ਼ ਦੇ ਜ਼ਖ਼ਮੀ ਹੋਣ ਤੋਂ ਇਕ ਦਿਨ ਬਾਅਦ ਅੱਜ ਵੀ ਹਾਲਾਤ ਤਣਾਅਪੂਰਨ ਬਣੇ ਹੋਏ ਹਨ। ਇਹ ਜਾਣਕਾਰੀ ਅਧਿਕਾਰੀਆਂ ਨੇ ਦਿੱਤੀ। ਅਧਿਕਾਰੀਆਂ ਨੇ ਅੱਜ ਕਿਹਾ ਕਿ ਸ਼ੱਕੀ ਅਤਿਵਾਦੀਆਂ ਵੱਲੋਂ ਕਈ ਆਰਪੀਜੀ ਦਾਗੇ ਗਏ ਜਿਹੜੇ ਕਿ ਮੋਰੇਹ ਤੁਰੇਲਵਾਂਗਮਾ ਲੀਕਈ ਵਿੱਚ ਸਥਿਤ ਸੀਡੀਓ ਆਊਟਪੋਸਟ ਇਮਾਰਤ ਵਿੱਚ ਫਟੇ, ਜਿੱਥੇ ਕਿ ਕਮਾਂਡੋਜ਼ ਰੁਕੇ ਹੋਏ ਸਨ। ਪੁਲੀਸ ਨੇ ਕਿਹਾ, ‘‘ਕਮਾਂਡੋਜ਼ ਦਾ ਅਸਾਮ ਰਾਈਫਲਜ਼ ਕੇਪੀਐੱਲ ਕੈਂਪ ਵਿੱਚ ਇਲਾਜ ਚੱਲ ਰਿਹਾ ਹੈ ਅਤੇ ਉਨ੍ਹਾਂ ਦੀ ਹਾਲਤ ਖ਼ਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ।’’ ਉਨ੍ਹਾਂ ਕਿਹਾ ਕਿ ਇਸ ਹਮਲੇ ਦੌਰਾਨ ਪੁਲੀਸ ਦੇ ਕਈ ਵਾਹਨ ਵੀ ਨੁਕਸਾਨੇ ਗਏ ਸਨ। ਪੁਲੀਸ ਨੇ ਕਿਹਾ ਕਿ ਜਵਾਬੀ ਗੋਲੀਬਾਰੀ ਵਿੱਚ ਛੇ ਸ਼ੱਕੀ ਅਤਿਵਾਦੀ ਵੀ ਜ਼ਖ਼ਮੀ ਹੋ ਗਏ ਸਨ। ਇਕ ਅਧਿਕਾਰੀ ਨੇ ਕਿਹਾ, ‘‘ਮੌਤਾਂ ਹੋਣ ਦੀ ਜਾਣਕਾਰੀ ਵੀ ਮਿਲੀ ਹੈ ਪਰ ਖ਼ਬਰ ਲਿਖੇ ਜਾਣ ਤੱਕ ਇਸ ਦੀ ਪੁਸ਼ਟੀ ਨਹੀਂ ਸੀ ਹੋ ਸਕੀ। ਅਗਲੀ ਜਾਣਕਾਰੀ ਦੀ ਉਡੀਕ ਕੀਤੀ ਜਾ ਰਹੀ ਹੈ।’’
ਇਸੇ ਦੌਰਾਨ ਇੰਫਾਲ ਪੂਰਬੀ ਜ਼ਿਲ੍ਹੇ ਵਿੱਚ ਤਾਬੁੰਗਖੋਕ ਇਲਾਕੇ ਵਿੱਚ ਦੋ ਸਮੂਹਾਂ ਵਿਚਾਲੇ ਹੋਈ ਗੋਲੀਬਾਰੀ ਵਿੱਚ ਇਕ ਪਿੰਡ ਦਾ ਵਾਲੰਟੀਅਰ ਜ਼ਖ਼ਮੀ ਹੋ ਗਿਆ। ਅਧਿਕਾਰੀਆਂ ਨੇ ਕਿਹਾ ਕਿ ਜਿਸ ਵੇਲੇ ਇਹ ਗੋਲੀਬਾਰੀ ਸ਼ੁਰੂ ਹੋਈ ਵਾਲੰਟੀਅਰ ਸੀ ਲਾਮਯਾਂਬਾ ਪਿੰਡ ਦੀ ਰਾਖੀ ਦੀ ਡਿਊਟੀ ਕਰ ਰਿਹਾ ਸੀ। ਉਸ ਨੂੰ ਇਲਾਜ ਲਈ ਰਾਜ ਮੈਡੀਸਿਟੀ ਵਿੱਚ ਭਰਤੀ ਕਰਵਾਇਆ ਗਿਆ ਹੈ। -ਪੀਟੀਆਈ