ਮਨੀਪੁਰ: ਔਰਤਾਂ ਦੀ ਅਗਵਾਈ ਹੇਠਲੀ ਭੀੜ ਨੇ 12 ਦਹਿਸ਼ਤਗਰਦ ਛੁਡਵਾਏ
ਇੰਫਾਲ/ਕੋਲਕਾਤਾ, 25 ਜੂਨ
ਇੰਫਾਲ ਪੂਰਬੀ ਦੇ ਇਥਮ ਪਿੰਡ ‘ਚ ਮਹਿਲਾਵਾਂ ਦੀ ਅਗਵਾਈ ਹੇਠਲੀ ਭੀੜ ਅਤੇ ਸੁਰੱਖਿਆ ਬਲਾਂ ਵਿਚਾਲੇ ਟਕਰਾਅ ਬਣਨ ਮਗਰੋਂ ਸੈਨਾ ਨੇ ਲੋਕਾਂ ਦੀ ਜਾਨ ਜੋਖਮ ‘ਚ ਨਾ ਪਾਉਣ ਦਾ ਸਿਆਣਪ ਭਰਿਆ ਫ਼ੈਸਲਾ ਲਿਆ ਤੇ ਬਰਾਮਦ ਕੀਤੇ ਹਥਿਆਰਾਂ ਤੇ ਗੋਲਾ-ਬਾਰੂਦ ਨਾਲ ਉੱਥੋਂ ਚਲੀ ਗਈ। ਇਸ ਦੌਰਾਨ ਭੀੜ ਨੇ ਫੌਜ ਵੱਲੋਂ ਕਾਬੂ ਕੀਤੇ 12 ਦਹਿਸ਼ਤਗਰਦ ਵੀ ਛੁਡਵਾ ਲਏ। ਇਹ ਜਾਣਕਾਰੀ ਅਧਿਕਾਰੀਆਂ ਨੇ ਦਿੱਤੀ।
ਮਨੀਪੁਰ ਵਿੱਚ ਬੀਤੇ ਦੋ ਮਹੀਨਿਆਂ ਤੋਂ ਹਿੰਸਾ ਜਾਰੀ ਹੈ ਤੇ ਇੱਥੇ ਫੌਜ ਵੱਲੋਂ ਸਥਿਤੀ ਨੂੰ ਕਾਬੂ ਹੇਠ ਪਾਉਣ ਲਈ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਸੀ ਪਰ ਵੱਡੀ ਗਿਣਤੀ ਔਰਤਾਂ ਦੀ ਅਗਵਾਈ ਹੇਠਲੀ ਭੀੜ ਨੇ ਸੁਰੱਖਿਆ ਬਲਾਂ ਦੀ ਇਸ ਕਾਰਵਾਈ ਦਾ ਵਿਰੋਧ ਕੀਤਾ ਜਿਸ ਕਾਰਨ ਫੌਜ ਨੂੰ ਆਪਣੀ ਮੁਹਿੰਮ ਰੋਕਣੀ ਪਈ ਅਤੇ ਲੰਬੇ ਸਮੇਂ ਤੋਂ ਇਲਾਕਾ ਵਾਸੀਆਂ ਤੇ ਫੌਜ ਦਰਮਿਆਨ ਚਲਦਾ ਟਕਰਾਅ ਸਮਾਪਤ ਹੋ ਗਿਆ। ਇਸ ਕਾਰਨ ਸੁਰੱਖਿਆ ਬਲਾਂ ਨੂੰ ਤਲਾਸ਼ੀ ਮੁਹਿੰਮ ਦੌਰਾਨ ਕਾਬੂ ਕੀਤੇ 12 ਜਣਿਆਂ ਨੂੰ ਵੀ ਛੱਡਣਾ ਪਿਆ।
ਜਾਣਕਾਰੀ ਅਨੁਸਾਰ ਜਦੋਂ ਸੁਰੱਖਿਆ ਬਲਾਂ ਵੱਲੋਂ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਸੀ ਤਾਂ ਵੱਡੀ ਗਿਣਤੀ ਔਰਤਾਂ ਨੇ ਇਥਮ ਪਿੰਡ ਨੂੰ ਘੇਰ ਲਿਆ। ਅਧਿਕਾਰੀਆਂ ਨੇ ਅੱਜ ਦੱਸਿਆ, ‘ਇੰਫਾਲ ਦੇ ਪੂਰਬ ਵਿੱਚ ਅਤਿਵਾਦੀ ਸਮੂਹ ਕਾਂਗਲੇਈ ਯਾਵੋਲ ਕੰਨਾ ਲੂਪ (ਕੇਵਾਈਕੇਐੱਲ) ਦੇ ਇੱਕ ਦਰਜਨ ਮੈਂਬਰ ਲੁਕੇ ਹੋਏ ਸਨ ਪਰ ਔਰਤਾਂ ਦੀ ਅਗਵਾਈ ਹੇਠ ਇਕੱਠੇ ਹੋਏ ਤਕਰੀਬਨ 1500 ਲੋਕਾਂ ਨੇ ਉਨ੍ਹਾਂ ਨੂੰ ਛੁਡਵਾ ਲਿਆ।’ ਉਨ੍ਹਾਂ ਕਿਹਾ ਕਿ ਕੇਵਾਈਕੇਐਲ ਸਮੂਹ ਨੇ 2015 ਵਿੱਚ 6 ਡੋਗਰਾ ਯੂਨਿਟ ‘ਤੇ ਘਾਤ ਲਾ ਕੇ ਹਮਲਾ ਕੀਤਾ ਸੀ। -ਪੀਟੀਆਈ
ਬੀਰੇਨ ਸਿੰਘ ਵੱਲੋਂ ਅਮਿਤ ਸ਼ਾਹ ਨਾਲ ਮੁਲਾਕਾਤ
ਨਵੀਂ ਦਿੱਲੀ: ਮਨੀਪੁਰ ਦੇ ਮੁੱਖ ਮੰਤਰੀ ਐਨ ਬੀਰੇਨ ਸਿੰਘ ਨੇ ਅੱਜ ਇੱਥੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਮਨੀਪੁਰ ਦੇ ਮੌਜੂਦਾ ਹਾਲਾਤ ਬਾਰੇ ਜਾਣੂ ਕਰਵਾਇਆ। ਉਨ੍ਹਾਂ ਟਵੀਟ ਕਰਦਿਆਂ ਕਿਹਾ ਕਿ ਰਾਜ ਅਤੇ ਕੇਂਦਰ ਸਰਕਾਰਾਂ ਹਿੰਸਾ ਨੂੰ ਕਾਫੀ ਹੱਦ ਤਕ ਕਾਬੂ ਕਰਨ ਵਿੱਚ ਸਮਰੱਥ ਹਨ। ਉਹ ਅੱਜ ਸਵੇਰੇ ਇੰਫਾਲ ਤੋਂ ਕੌਮੀ ਰਾਜਧਾਨੀ ਪੁੱਜੇ ਤੇ ਸ੍ਰੀ ਸ਼ਾਹ ਦੀ ਰਿਹਾਇਸ਼ ‘ਤੇ ਮੁਲਾਕਾਤ ਕੀਤੀ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੇ ਭਰੋਸਾ ਦਿੱਤਾ ਹੈ ਕਿ ਕੇਂਦਰ ਸਰਕਾਰ ਮਨੀਪੁਰ ਵਿੱਚ ਸਥਿਤੀ ਆਮ ਵਾਂਗ ਲਿਆਉਣ ਲਈ ਹਰ ਸੰਭਵ ਕਦਮ ਚੁੱਕੇਗੀ। -ਪੀਟੀਆਈ
ਮਨੀਪੁਰ ਵਿੱਚ ਇੰਟਰਨੈੱਟ ਸੇਵਾਵਾਂ 30 ਜੂਨ ਤੱਕ ਬੰਦ ਰਹਿਣਗੀਆਂ
ਇੰਫਾਲ: ਮਨੀਪੁਰ ਸਰਕਾਰ ਨੇ ਸੂਬੇ ਵਿਚ ਹਾਲਾਤ ਨੂੰ ਕਾਬੂ ਹੇਠ ਰੱਖਣ ਲਈ ਇੰਟਰਨੈਟ ਸੇਵਾਵਾਂ ਪੰਜ ਦਿਨ ਹੋਰ ਬੰਦ ਰੱਖਣ ਦਾ ਐਲਾਨ ਕੀਤਾ ਹੈ। ਅਧਿਕਾਰੀਆਂ ਨੇ ਦੱਸਿਆ ਕਿ ਸੂਬੇ ਵਿਚ ਹਿੰਸਾ ‘ਤੇ ਕਾਬੂ ਪਾਉਣ ਤੇ ਸ਼ਾਂਤੀ ਬਣਾਈ ਰੱਖਣ ਦੇ ਮੰਤਵ ਨਾਲ ਉਤਰ ਪੂਰਬੀ ਰਾਜ ਵਿਚ ਇੰਟਰਨੈੱਟ ਸੇਵਾਵਾਂ 30 ਜੂਨ ਦੁਪਹਿਰ ਤਿੰਨ ਵਜੇ ਤਕ ਬੰਦ ਰਹਿਣਗੀਆਂ। ਸਰਕਾਰ ਵਲੋਂ ਜਾਰੀ ਬਿਆਨ ਵਿਚ ਦੱਸਿਆ ਗਿਆ ਹੈ ਕਿ ਮੌਜੂਦਾ ਹਾਲਾਤ ਕਾਰਨ ਇਨ੍ਹਾਂ ਸੇਵਾਵਾਂ ਨੂੰ ਮੁੜ ਤੋਂ ਬੰਦ ਰੱਖਣ ਦਾ ਐਲਾਨ ਕੀਤਾ ਗਿਆ ਹੈ। ਮਨੀਪੁਰ ਦੇ ਡਾਇਰੈਕਟਰ ਜਨਰਲ ਆਫ ਪੁਲੀਸ ਵਲੋਂ ਦੱਸਿਆ ਗਿਆ ਹੈ ਕਿ ਹਾਲੇ ਵੀ ਕਈ ਥਾਵਾਂ ‘ਤੇ ਹਿੰਸਾ, ਹਮਲੇ ਤੇ ਅਗਜ਼ਨੀ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ। ਇਸ ਕਰ ਕੇ ਖਦਸ਼ਾ ਹੈ ਕਿ ਸ਼ਰਾਰਤੀ ਅਨਸਰ ਸੋਸ਼ਲ ਮੀਡੀਆ ‘ਤੇ ਅਜਿਹੀਆਂ ਭੜਕਾਊ ਪੋਸਟਾਂ ਪਾ ਕੇ ਮਾਹੌਲ ਖਰਾਬ ਕਰ ਸਕਦੇ ਹਨ। ਸੂਬਾ ਸਰਕਾਰ ਨੇ ਮੋਬਾਈਲ ਇੰਟਰਨੈੱਟ ਸੇਵਾਵਾਂ ਬੰਦ ਰੱਖਣ ਦੀ ਮਿਆਦ ਤੀਜੀ ਵਾਰ ਵਧਾਈ ਹੈ। -ਏਐੱਨਆਈ