For the best experience, open
https://m.punjabitribuneonline.com
on your mobile browser.
Advertisement

ਮਨੀਪੁਰ: ਕੇਂਦਰੀ ਬਲਾਂ ਦੀਆਂ 10 ਹੋਰ ਕੰਪਨੀਆਂ ਤਾਇਨਾਤ

08:07 AM Aug 07, 2023 IST
ਮਨੀਪੁਰ  ਕੇਂਦਰੀ ਬਲਾਂ ਦੀਆਂ 10 ਹੋਰ ਕੰਪਨੀਆਂ ਤਾਇਨਾਤ
ਮਨੀਪੁਰ ਹਿੰਸਾ ਖ਼ਿਲਾਫ਼ ਦਿੱਲੀ ਦੇ ਜੰਤਰ-ਮੰਤਰ ’ਤੇ ਪ੍ਰਦਰਸ਼ਨ ਕਰਦੇ ਹੋਏ ਮੈਤੇਈ ਭਾਈਚਾਰੇ ਦੇ ਲੋਕ। -ਫੋਟੋ: ਪੀਟੀਆਈ
Advertisement

ਇੰਫਾਲ, 6 ਅਗਸਤ
ਮਨੀਪੁਰ ’ਚ ਜਾਰੀ ਹਿੰਸਾ ਦੌਰਾਨ ਗ੍ਰਹਿ ਮੰਤਰਾਲੇ ਨੇ ਕੇਂਦਰੀ ਹਥਿਆਰਬੰਦ ਪੁਲੀਸ ਬਲਾਂ ਦੀਆਂ 10 ਹੋਰ ਕੰਪਨੀਆਂ ਉੱਤਰ-ਪੂਰਬੀ ਸੂਬੇ ’ਚ ਭੇਜ ਦਿੱਤੀਆਂ ਹਨ। ਇਸ ਦੌਰਾਨ ਇੰਫਾਲ ਪੱਛਮੀ ਜ਼ਿਲ੍ਹੇ ’ਚ ਸ਼ਨਿਚਰਵਾਰ ਨੂੰ ਹੋਈ ਹਿੰਸਾ ਦੌਰਾਨ ਭੀੜ ਨੇ 15 ਘਰਾਂ ਨੂੰ ਅੱਗ ਲਗਾ ਦਿੱਤੀ ਅਤੇ ਇਕ ਵਿਅਕਤੀ ਗੋਲੀ ਲੱਗਣ ਕਾਰਨ ਜ਼ਖ਼ਮੀ ਹੋ ਗਿਆ। ਉਧਰ ਪੁਲੀਸ ਨੇ ਦੋ ਆਦਿਵਾਸੀ ਮਹਿਲਾਵਾਂ ਨੂੰ ਨਿਰਵਸਤਰ ਕਰਕੇ ਘੁਮਾਉਣ ਨਾਲ ਸਬੰਧਤ ਵੀਡੀਓ ਮਾਮਲੇ ਵਿੱਚ ਥੋਊਬਲ ਜ਼ਿਲ੍ਹੇ ਦੇ ਨੋਂਗਪੋਕ ਸੇਕਮਾਈ ਥਾਣੇ ਦੇ ਇੰਚਾਰਜ ਸਣੇ ਪੰਜ ਪੁਲੀਸ ਮੁਲਾਜ਼ਮਾਂ ਨੂੰ ਮੁਅੱਤਲ ਕਰ ਦਿੱਤਾ ਹੈ। ਇਸ ਦੇ ਨਾਲ ਹੀ ਬਿਸ਼ਨੂਪੁਰ ਜ਼ਿਲ੍ਹੇ ਵਿੱਚ ਦੂਜੀ ਭਾਰਤੀ ਰਿਜ਼ਰਵ ਬਟਾਲੀਅਨ ਦੇ ਅਸਲਾਖਾਨੇ ਵਿੱਚੋਂ ਹਥਿਆਰ ਤੇ ਗੋਲੀ-ਸਿੱਕਾ ਲੁੱਟਣ ਨਾਲ ਜੁੜੇ ਮਾਮਲੇ ਦੀ ਆਈਜੀ ਦੀ ਅਗਵਾਈ ਹੇਠ ਛੇ ਹਫ਼ਤਿਆਂ ’ਚ ਜਾਂਚ ਪੂਰੀ ਕਰਨ ਦੇ ਹੁਕਮ ਦਿੱਤੇ ਗਏ ਹਨ।
ਪੁਲੀਸ ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਸੀਆਰਪੀਐੱਫ, ਬੀਐੱਸਐੱਫ, ਆਈਟੀਬੀਪੀ ਅਤੇ ਐੱਸਐੱਸਬੀ ਦੀਆਂ 10 ਕੰਪਨੀਆਂ (ਕਰੀਬ 900 ਜਵਾਨ ਅਤੇ ਕੁਝ ਅਧਿਕਾਰੀ) ਸ਼ਨਿਚਰਵਾਰ ਨੂੰ ਇਥੇ ਪੁੱਜ ਗਈਆਂ ਹਨ ਅਤੇ ਉਨ੍ਹਾਂ ਨੂੰ ਵੱਖ ਵੱਖ ਜ਼ਿਲ੍ਹਿਆਂ ’ਚ ਤਾਇਨਾਤ ਕੀਤਾ ਜਾਵੇਗਾ। ਮਨੀਪੁਰ ’ਚ 3 ਮਈ ਤੋਂ ਸ਼ੁਰੂ ਹੋਈ ਹਿੰਸਾ ਮਗਰੋਂ ਰੱਖਿਆ ਅਤੇ ਗ੍ਰਹਿ ਮੰਤਰਾਲੇ ਨੇ ਫ਼ੌਜ, ਅਸਾਮ ਰਾਈਫ਼ਲਜ਼ ਅਤੇ ਵੱਖ ਵੱਖ ਹਥਿਆਰਬੰਦ ਬਲਾਂ ਦੇ 40 ਹਜ਼ਾਰ ਤੋਂ ਜ਼ਿਆਦਾ ਜਵਾਨ ਤਾਇਨਾਤ ਕੀਤੇ ਸਨ। ਮੈਤੇਈ ਅਤੇ ਕੁਕੀ ਭਾਈਚਾਰਿਆਂ ਨਾਲ ਸਬੰਧਤ ਜਥੇਬੰਦੀਆਂ ਵੱਲੋਂ ਪੁਲੀਸ ਅਤੇ ਕੇਂਦਰੀ ਬਲਾਂ ਦੇ ਇਕ ਧੜੇ ’ਤੇ ਪੱਖਪਾਤ ਕੀਤੇ ਜਾਣ ਦੇ ਦੋਸ਼ ਲਾਏ ਗਏ ਸਨ।
ਇੰਫਾਲ ਪੱਛਮੀ ਜ਼ਿਲ੍ਹੇ ਦੇ ਲੰਗੋਲ ਖੇਡ ਪਿੰਡ ’ਚ ਸ਼ਨਿਚਰਵਾਰ ਸ਼ਾਮ ਭੀੜ ਨੇ 15 ਘਰਾਂ ਨੂੰ ਅੱਗ ਲਗਾ ਦਿੱਤੀ। ਸੁਰੱਖਿਆ ਬਲਾਂ ਨੇ ਭੀੜ ਖਿੰਡਾਉਣ ਲਈ ਅੱਥਰੂ ਗੈਸ ਦੇ ਕਈ ਗੋਲੇ ਦਾਗ਼ੇ। ਹਿੰਸਾ ਦੌਰਾਨ 45 ਵਰ੍ਹਿਆਂ ਦਾ ਇਕ ਵਿਅਕਤੀ ਗੋਲੀ ਲੱਗਣ ਕਾਰਨ ਜ਼ਖ਼ਮੀ ਹੋ ਗਿਆ। ਇੰਫਾਲ ਪੂਰਬੀ ਜ਼ਿਲ੍ਹੇ ਦੇ ਚੈਕਓਨ ਇਲਾਕੇ ’ਚ ਵੀ ਹਿੰਸਾ ਦੀਆਂ ਰਿਪੋਰਟਾਂ ਹਨ ਜਿਥੇ ਇਕ ਵੱਡੇ ਵਪਾਰਕ ਅਦਾਰੇ ਅਤੇ ਤਿੰਨ ਘਰਾਂ ਨੂੰ ਅੱਗ ਲਗਾ ਦਿੱਤੀ ਗਈ। ਕਾਂਗਪੋਕਪੀ ਜ਼ਿਲ੍ਹੇ ’ਚ ਸੁਰੱਖਿਆ ਬਲਾਂ ਅਤੇ ਅਤਿਵਾਦੀਆਂ ਵਿਚਕਾਰ ਸ਼ਨਿਚਰਵਾਰ ਨੂੰ ਮੁਕਾਬਲਾ ਹੋਇਆ। ਇਕ ਵਿਅਕਤੀ ਨੂੰ ਐੱਸਐੱਲਆਰ ਅਤੇ 50 ਕਾਰਤੂਸਾਂ ਨਾਲ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲੀਸ ਨੇ ਹੁਣ ਤੱਕ 300 ਵਿਅਕਤੀਆਂ ਨੂੰ ਵੱਖ ਵੱਖ ਮਾਮਲਿਆਂ ਤਹਿਤ ਗ੍ਰਿਫ਼ਤਾਰ ਕੀਤਾ ਹੈ। ਡੀਜੀਪੀ ਰਾਜੀਵ ਸਿੰਘ ਨੇ ਕਿਹਾ ਕਿ ਸੂਬੇ ਦੇ ਵੱਖ ਵੱਖ ਹਿੱਸਿਆਂ ’ਚੋਂ ਲੁੱਟੇ ਗਏ 1195 ਹਥਿਆਰ ਬਰਾਮਦ ਕਰ ਲਏ ਗਏ ਹਨ। ਉਨ੍ਹਾਂ ਕਿਹਾ ਕਿ 1057 ਹਥਿਆਰ ਘਾਟੀ ਦੇ ਜ਼ਿਲ੍ਹਿਆਂ ਜਦਕਿ 138 ਹਥਿਆਰ ਪਹਾੜੀ ਜ਼ਿਲ੍ਹਿਆਂ ’ਚੋਂ ਮਿਲੇ ਹਨ। ਡੀਜੀਪੀ ਨੇ ਕਿਹਾ ਕਿ ਲੁੱਟੇ ਗਏ ਹਥਿਆਰ ਬਰਾਮਦ ਕਰਨ ਲਈ ਸੁਰੱਖਿਆ ਬਲਾਂ ਵੱਲੋਂ ਲਗਾਤਾਰ ਛਾਪੇ ਮਾਰੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਸੁਰੱਖਿਆ ਬਲਾਂ ਤੋਂ ਹਥਿਆਰ ਲੁੱਟਣ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। -ਪੀਟੀਆਈ/ਆਈਏਐੱਨਐੱਸ

Advertisement

ਐੱਨਡੀਏ ਭਾਈਵਾਲ ਕੇਪੀਏ ਨੇ ਬੀਰੇਨ ਸਿੰਘ ਸਰਕਾਰ ਤੋਂ ਹਮਾਇਤ ਵਾਪਸ ਲਈ

ਇੰਫਾਲ: ਐੱਨਡੀਏ ਭਾਈਵਾਲ ਕੁਕੀ ਪੀਪਲਜ਼ ਐਲਾਇੰਸ (ਕੇਪੀਏ) ਨੇ ਮਨੀਪੁਰ ’ਚ ਐੱਨ ਬੀਰੇਨ ਸਿੰਘ ਸਰਕਾਰ ਤੋਂ ਹਮਾਇਤ ਵਾਪਸ ਲੈਣ ਦਾ ਐਲਾਨ ਕੀਤਾ ਹੈ। ਰਾਜਪਾਲ ਅਨੁਸੂਈਆ ਉਈਕੇ ਨੂੰ ਲਿਖੇ ਪੱਤਰ ’ਚ ਜਥੇਬੰਦੀ ਦੇ ਪ੍ਰਧਾਨ ਤੋਂਗਮਾਂਗ ਹਾਓਕਿਪ ਨੇ ਭਾਜਪਾ ਦੀ ਅਗਵਾਈ ਹੇਠਲੀ ਸਰਕਾਰ ਤੋਂ ਸਮਰਥਨ ਵਾਪਸ ਲੈਣ ਦੇ ਫ਼ੈਸਲੇ ਦੀ ਜਾਣਕਾਰੀ ਦਿੱਤੀ। ਉਨ੍ਹਾਂ ਪੱਤਰ ’ਚ ਕਿਹਾ ਕਿ ਮਨੀਪੁਰ ’ਚ ਚੱਲ ਰਹੀ ਹਿੰਸਾ ਨੂੰ ਦੇਖਦਿਆਂ ਮੁੱਖ ਮੰਤਰੀ ਐੱਨ ਬੀਰੇਨ ਸਿੰਘ ਦੀ ਅਗਵਾਈ ਹੇਠਲੀ ਸਰਕਾਰ ਨੂੰ ਹਮਾਇਤ ਜਾਰੀ ਰੱਖਣਾ ਸਹੀ ਨਹੀਂ ਹੈ। ਵਿਧਾਨ ਸਭਾ ’ਚ ਕੇਪੀਏ ਦੇ ਦੋ ਵਿਧਾਇਕ ਕਿਮਨਿਓ ਹਾਓਕਿਪ ਹੈਂਗਸ਼ਿੰਗ ਅਤੇ ਚਿਨਲੁੰਗਥਾਂਗ ਹਨ। ਸਮਰਥਨ ਵਾਪਸੀ ਨਾਲ ਭਾਜਪਾ ਸਰਕਾਰ ਨੂੰ ਕੋਈ ਖ਼ਤਰਾ ਨਹੀਂ ਹੈ ਕਿਉਂਕਿ ਉਸ ਦੇ ਵਿਧਾਨ ਸਭਾ ’ਚ 32 ਵਿਧਾਇਕ ਹਨ ਜਦਕਿ ਐੱਨਪੀਐੱਫ ਦੇ ਪੰਜ ਅਤੇ ਤਿੰਨ ਆਜ਼ਾਦ ਵਿਧਾਇਕਾਂ ਦੀ ਵੀ ਉਸ ਨੂੰ ਹਮਾਇਤ ਪ੍ਰਾਪਤ ਹੈ। -ਪੀਟੀਆਈ

Advertisement

ਵਿਧਾਨ ਸਭਾ ਇਜਲਾਸ ’ਚੋਂ ਗ਼ੈਰਹਾਜ਼ਰ ਰਹਿ ਸਕਦੇ ਨੇ ਕੁਕੀ ਵਿਧਾਇਕ

ਕੋਲਕਾਤਾ: ਮਨੀਪੁਰ ’ਚ ਜਾਰੀ ਹਿੰਸਾ ਦਰਮਿਆਨ ਵਿਧਾਨ ਸਭਾ ਦੇ 21 ਅਗਸਤ ਨੂੰ ਸੱਦੇ ਗਏ ਇਜਲਾਸ ’ਚੋਂ ਕੁਕੀ ਭਾਈਚਾਰੇ ਨਾਲ ਸਬੰਧਤ ਵੱਖ ਵੱਖ ਪਾਰਟੀਆਂ ਦੇ ਵਿਧਾਇਕ ਗ਼ੈਰਹਾਜ਼ਰ ਰਹਿ ਸਕਦੇ ਹਨ। ਮੈਤੇਈ ਭਾਈਚਾਰੇ ਦੀ ਜਥੇਬੰਦੀ ਸੀਓਸੀਓਐੱਮਆਈ, ਜਿਸ ਨੇ ਕੁਕੀਆਂ ਲਈ ਵੱਖਰਾ ਪ੍ਰਸ਼ਾਸਕੀ ਪ੍ਰਬੰਧ ਕਾਇਮ ਕਰਨ ਦੀ ਮੰਗ ਖਾਰਜ ਕਰਨ ਲਈ ਵਿਧਾਨ ਸਭਾ ਦਾ ਫੌਰੀ ਇਜਲਾਸ ਸੱਦਣ ਦੀ ਮੰਗ ਕੀਤੀ ਹੈ, ਨੇ ਦਾਅਵਾ ਕੀਤਾ ਕਿ ਉਹ ਆਦਿਵਾਸੀ ਵਿਧਾਇਕਾਂ ਦੀ ਸੁਰੱਖਿਆ ਯਕੀਨੀ ਬਣਾਉਣਗੇ। ਕੋਆਰਡੀਨੇਟਿੰਗ ਕਮੇਟੀ ਆਨ ਮਨੀਪੁਰ ਇੰਟੈਗ੍ਰਿਟੀ (ਸੀਓਸੀਓਐੱਮਆਈ) ਨੇ ਐਲਾਨ ਕੀਤਾ ਹੈ ਕਿ ਸੂਬੇ ’ਚ ਅਸ਼ਾਂਤੀ ਦੇ ਮਾਹੌਲ ਨਾਲ ਸਿੱਝਣ ਅਤੇ ਵਿਧਾਨ ਸਭਾ ਦਾ ਹੰਗਾਮੀ ਇਜਲਾਸ 5 ਅਗਸਤ ਤੋਂ ਪਹਿਲਾਂ ਸੱਦਣ ’ਚ ਨਾਕਾਮ ਰਹਿਣ ਕਰਕੇ ਉਹ ਸਰਕਾਰ ਦਾ ਬਾਈਕਾਟ ਕਰਨਗੇ। ਜਥੇਬੰਦੀ ਦੇ ਕਨਵੀਨਰ ਜਿਤੇਂਦਰ ਨਿੰਗੋਂਬਾ ਨੇ ਕਿਹਾ ਕਿ ਉਹ ਸਰਕਾਰ ਨਾਲ ਕੋਈ ਸਹਿਯੋਗ ਨਹੀਂ ਕਰਨਗੇ। ਉਨ੍ਹਾਂ ਬਿਸ਼ਨੂਪਰ ਜ਼ਿਲ੍ਹੇ ਦੇ ਕਵਾਕਤਾ ’ਚ ਤਿੰਨ ਵਿਅਕਤੀਆਂ ਦੀ ਹੱਤਿਆ ਦੀ ਨਿਖੇਧੀ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਵੀ ਮੂਕ ਦਰਸ਼ਕ ਬਣੀ ਹੋਈ ਹੈ। ਭਾਜਪਾ ਦੇ ਚੂਰਾਚਾਂਦਪੁਰ ਤੋਂ ਵਿਧਾਇਕ ਐੱਲ ਐੱਮ ਖਾਉਟੇ ਨੇ ਕਿਹਾ ਕਿ ਮਨੀਪੁਰ ਦੇ ਮੌਜੂਦਾ ਹਾਲਾਤ ਨੂੰ ਦੇਖਦਿਆਂ ਉਨ੍ਹਾਂ ਦਾ ਵਿਧਾਨ ਸਭਾ ਇਜਲਾਸ ’ਚ ਆਉਣਾ ਮੁਸ਼ਕਲ ਹੈ। ਮਨੀਪੁਰ ਵਿਧਾਨ ਸਭਾ ਦੇ 60 ਵਿਧਾਇਕਾਂ ’ਚੋਂ ਕੁਕੀ-ਜ਼ੋਮੀ ਭਾਈਚਾਰੇ ਦੇ 10 ਵਿਧਾਇਕ ਹਨ ਜਿਨ੍ਹਾਂ ’ਚੋਂ ਸੱਤ ਭਾਜਪਾ ਦੇ ਹਨ। ਕੁਕੀ ਪੀਪਲਜ਼ ਅਲਾਇੰਸ ਦੇ ਪ੍ਰਧਾਨ ਤੋਂਗਮਾਂਗ ਹਾਓਕਿਪ ਨੇ ਵੀ ਕਿਹਾ ਕਿ ਵਿਧਾਇਕਾਂ ਦਾ ਇੰਫਾਲ ਜਾਣਾ ਸੁਰੱਖਿਅਤ ਨਹੀਂ ਹੈ। ਉਨ੍ਹਾਂ ਕਿਹਾ ਕਿ ਭਾਜਪਾ ਦੇ ਇਕ ਵਿਧਾਇਕ ਕੁੰਗਜ਼ਾਗਿਨ ਵਾਲਟੇ ਨੂੰ ਲੋਕਾਂ ਨੇ ਬੁਰੀ ਤਰ੍ਹਾਂ ਕੁੱਟਿਆ ਸੀ। ਕੁਝ ਜਥੇਬੰਦੀਆਂ ਨੇ ਵੀ ਕਿਹਾ ਕਿ ਵਿਧਾਇਕ ਵਿਧਾਨ ਸਭਾ ਇਜਲਾਸ ’ਚ ਹਿੱਸਾ ਲੈਣ ਲਈ ਇੰਫਾਲ ਨਾ ਜਾਣ। -ਪੀਟੀਆਈ

Advertisement
Tags :
Author Image

Advertisement