For the best experience, open
https://m.punjabitribuneonline.com
on your mobile browser.
Advertisement

ਸਿਹਤ ਲਈ ਖ਼ਤਰਨਾਕ ਨੇ ਰਸਾਇਣਾਂ ਨਾਲ ਪਕਾਏ ਅੰਬ

06:47 AM Jul 05, 2024 IST
ਸਿਹਤ ਲਈ ਖ਼ਤਰਨਾਕ ਨੇ ਰਸਾਇਣਾਂ ਨਾਲ ਪਕਾਏ ਅੰਬ
ਵੇਚਣ ਲਈ ਰੇਹੜੀ ’ਤੇ ਰੱਖੇ ਅੰਬ।
Advertisement

ਹੁਸ਼ਿਆਰ ਸਿੰਘ ਰਾਣੂ
ਮਾਲੇਰਕੋਟਲਾ, 4 ਜੁਲਾਈ
ਇੱਥੇ ਸਬਜ਼ੀ ਮੰਡੀ ’ਚ ਰੋਜ਼ਾਨਾ ਦੂਜੇ ਰਾਜਾਂ ਤੋਂ ਅੰਬ ਵਿਕਣ ਲਈ ਆ ਰਹੇ ਹਨ। ਕੁਝ ਫ਼ਲ ਵਪਾਰੀਆਂ ਵੱਲੋਂ ਅੰਬਾਂ ਨੂੰ ਜਲਦੀ ਪਕਾਉਣ ਲਈ ਫੂਡ ਸੇਫਟੀ ਐਂਡ ਸਟੈਂਡਰਡ ਅਥਾਰਿਟੀ ਦੇ ਮਾਪਦੰਡਾਂ ਨੂੰ ਦਰਕਿਨਾਰ ਕਰਕੇ ਕੈਲਸ਼ੀਅਮ ਕਾਰਬਾਈਡ ਅਤੇ ਹੋਰ ਹਾਨੀਕਾਰਕ ਰਸਾਇਣਾਂ ਦੀ ਵਰਤੋਂ ਕੀਤੀ ਜਾ ਰਹੀ ਹੈ। ਇਸ ਲਈ ਅੰਬ ਖ਼ਰੀਦਣ ਤੋਂ ਪਹਿਲਾਂ ਉਸ ਦੀ ਪਰਖ ਕਰ ਲੈਣੀ ਜ਼ਰੂਰੀ ਹੈ ਕਿ ਇਹ ਕੁਦਰਤੀ ਤੌਰ ’ਤੇ ਪੱਕੇ ਹੋਏ ਹਨ ਜਾਂ ਨਹੀਂ। ਕੈਲਸ਼ੀਅਮ ਕਾਰਬਾਈਡ ਨਾਲ ਪਕਾਏ ਇਹ ਅੰਬ ਅੱਗੇ ਬਾਜ਼ਾਰ ’ਚ ਫਲ ਵਿਕਰੇਤਾਵਾਂ ਅਤੇ ਰੇਹੜੀ- ਫੜ੍ਹੀ ਵਾਲਿਆਂ ਕੋਲ ਪਹੁੰਚਦੇ ਹੋਏ ਗਾਹਕ ਦੇ ਘਰ ਪੁੱਜ ਰਹੇ ਹਨ ਜੋ ਸਿਹਤ ਦਾ ਨੁਕਸਾਨ ਕਰ ਰਹੇ ਹਨ।
ਇੱਕ ਫਲ ਵਿਕਰੇਤਾ ਨੇ ਦੱਸਿਆ ਕਿ ਕੈਲਸ਼ੀਅਮ ਕਾਰਬਾਈਡ ਨਾਲ ਪਕਾਏ ਅੰਬਾਂ ’ਤੇ ਕਾਲੇ-ਚਿੱਟੇ ਧੱਬੇ ਨਜ਼ਰ ਆਉਂਦੇ ਹਨ ਅਤੇ ਅੰਬ ਬਹੁਤ ਪੀਲਾ ਹੋ ਜਾਂਦਾ ਹੈ। ਫਲਾਂ ਦੇ ਕਾਰੋਬਾਰ ਨਾਲ ਜੁੜੇ ਇੱਕ ਕਾਮੇ ਨੇ ਦੱਸਿਆ ਕਿ ਅੰਬਾਂ ਦੀ ਜਲਦੀ ਵਿਕਰੀ ਅਤੇ ਮੁਨਾਫ਼ੇ ਦੇ ਲਾਲਚ ’ਚ ਵਪਾਰੀ ਅੰਬਾਂ ਨੂੰ ਪਕਾਉਣ ਲਈ ਮਾਰੂ ਰਸਾਇਣਾਂ ਦੀ ਵਰਤੋਂ ਕਰ ਰਹੇ ਹਨ। ਉਹ ਅੰਬਾਂ ਦੇ ਡੱਬਿਆਂ ਵਿੱਚ ਰਸਾਇਣਾਂ ਦੇ ਪੈਕੇਟ ਰੱਖ ਦਿੰਦੇ ਹਨ ਜਾਂ ਫਲ਼ਾਂ ਦੀ ਸਤ੍ਵਾ ’ਤੇ ਕੈਲਸ਼ੀਅਮ ਕਾਰਬਾਈਡ ਪਾਊਡਰ ਦਾ ਛਿੜਕਾਅ ਕਰ ਦਿੰਦੇ ਹਨ। ਅਜਿਹਾ ਕਰਨ ਨਾਲ ਇੱਕ-ਦੋ ਦਿਨਾਂ ਵਿੱਚ ਅੰਬ ਪੂਰੀ ਤਰ੍ਹਾਂ ਪੱਕਣ ਲੱਗ ਜਾਂਦੇ ਹਨ।
ਡਾ. ਗੁਰਵਿੰਦਰ ਸਿੰਘ ਨੇ ਦੱਸਿਆ ਕਿ ਕੈਲਸ਼ੀਅਮ ਕਾਰਬਾਈਡ ਫਲ਼ਾਂ ’ਤੇ ਸਿਹਤ ਨੂੰ ਨੁਕਸਾਨ ਪਹੁੰਚਾਉਣ ਵਾਲੇ ਤੱਤ ਛੱਡਦਾ ਹੈ। ਇਸ ਕਾਰਨ ਚੱਕਰ ਆਉਣਾ, ਵਾਰ-ਵਾ ਪਿਆਸ ਲੱਗਣਾ, ਢਿੱਡ ਵਿੱਚ ਜਲਣ, ਕਮਜ਼ੋਰੀ, ਕੁਝ ਵੀ ਨਿਗਲਣ ਵਿੱਚ ਦਿੱਕਤ ,ਉਲਟੀ ਆਉਣ ਅਤੇ ਅਲਸਰ ਵਰਗੀਆਂ ਸਿਹਤ ਸਮੱਸਿਆਵਾਂ ਹੋ ਸਕਦੀਆਂ ਹਨ। ਕੈਂਸਰ, ਚਮੜੀ ਦੀ ਐਲਰਜੀ, ਕਿਡਨੀ ਅਤੇ ਲਿਵਰ ਨਾਲ ਸਬੰਧ ਬਿਮਾਰੀਆਂ ਦਾ ਖ਼ਤਰਾ ਰਹਿੰਦਾ ਹੈ। ਅਜਿਹੇ ਅੰਬਾਂ ਨੂੰ ਧੋ ਕੇ ਹੀ ਵਰਤਣਾ ਚਾਹੀਦਾ ਹੈ।
ਫੂਡ ਸੇਫਟੀ ਸਹਾਇਕ ਕਮਿਸ਼ਨਰ ਰਾਖੀ ਵਿਨਾਇਕ ਨੇ ਦੱਸਿਆ ਕਿ ਫੂਡ ਸੇਫਟੀ ਐਂਡ ਸਟੈਂਡਰਡ ਅਥਾਰਿਟੀ ਆਫ ਇੰਡੀਆ ਵੱਲੋਂ ਅੰਬ ਜਾਂ ਹੋਰ ਫਲ਼ਾਂ ਨੂੰ ਐਥੀਲੀਨ ਗੈਸ ਨਾਲ ਪਕਾਉਣ ਦੀ ਤਾਂ ਪ੍ਰਵਾਨਗੀ ਹੈ, ਜੇਕਰ ਕੋਈ ਵਿਅਕਤੀ ਫਲਾਂ ਨੂੰ ਕੈਲਸ਼ੀਅਮ ਕਾਰਬਾਈਡ ਜਾਂ ਕਿਸੇ ਹੋਰ ਘਾਤਕ ਰਸਾਇਣ ਨਾਲ ਪਕਾਉਂਦਾ ਹੈ ਤਾਂ ਉਹ ਗ਼ੈਰਕਾਨੂੰਨੀ ਹੈ।
ਰਾਖੀ ਵਿਨਾਇਕ ਨੇ ਕਿਹਾ ਕਿ ਉਨ੍ਹਾਂ ਨੇ ਸਬਜ਼ੀ ਮੰਡੀ ਵਿੱਚੋਂ ਅੰਬਾਂ ਦੇ ਨਮੂਨੇ ਲੈ ਕੇ ਜਾਂਚ ਲਈ ਪ੍ਰਯੋਗਸ਼ਾਲਾ ਭੇਜੇ ਹਨ। ਜੇਕਰ ਭੇਜੇ ਨਮੂਨਿਆਂ ਦੀ ਪ੍ਰਯੋਗਸ਼ਾਲਾ ਰਿਪੋਰਟ ਵਿੱਚ ਅੰਬ ਪਕਾਉਣ ਲਈ ਕਿਸੇ ਘਾਤਕ ਰਸਾਇਣ ਦੀ ਵਰਤੋਂ ਕੀਤੀ ਗਈ ਪਾਈ ਗਈ ਤਾਂ ਅਜਿਹਾ ਕਰਨ ਵਾਲਿਆਂ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇਗੀ।

Advertisement

Advertisement
Advertisement
Author Image

joginder kumar

View all posts

Advertisement