For the best experience, open
https://m.punjabitribuneonline.com
on your mobile browser.
Advertisement

ਜਲੰਧਰ ਵਿੱਚ ਝੋਨੇ ਨਾਲ ਨੱਕੋ-ਨੱਕ ਭਰੀਆਂ ਮੰਡੀਆਂ

08:53 AM Oct 21, 2024 IST
ਜਲੰਧਰ ਵਿੱਚ ਝੋਨੇ ਨਾਲ ਨੱਕੋ ਨੱਕ ਭਰੀਆਂ ਮੰਡੀਆਂ
ਜਲੰਧਰ ਦੀ ਅਨਾਜ ਮੰਡੀ ਵਿੱਚ ਝੋਨਾ ਸੁਕਾ ਰਿਹਾ ਇੱਕ ਕਾਮਾ। -ਫੋਟੋ: ਸਰਬਜੀਤ ਸਿੰਘ
Advertisement

ਪਾਲ ਸਿੰਘ ਨੌਲੀ
ਜਲੰਧਰ, 20 ਅਕਤੂਬਰ
ਝੋਨੇ ਦੀ ਖਰੀਦ ਅਤੇ ਚੁਕਾਈ ਦੀ ਰਫ਼ਤਾਰ ਮੱਠੀ ਹੋਣ ਕਾਰਨ ਅਤੇ ਮੰਡੀਆਂ ਝੋਨੇ ਨਾਲ ਨੱਕੋ-ਨੱਕ ਭਰੀਆਂ ਹੋਈਆਂ ਹਨ। ਝੋਨੇ ਦੀ ਕਟਾਈ ਸਿਖ਼ਰ ’ਤੇ ਹੋਣ ਕਾਰਨ ਇਹ ਸਮੱਸਿਆ ਆਏ ਦਿਨ ਹੋਰ ਡੂੰਘੀ ਹੁੰਦੀ ਜਾ ਰਹੀ ਹੈ। ਜਲੰਧਰ ਵਿੱਚ 80 ਤੋਂ ਵੱਧ ਅਤੇ ਕਪੂਰਥਲਾ ਵਿੱਚ 78 ਛੋਟੀਆਂ-ਵੱਡੀਆਂ ਮੰਡੀਆਂ ਹਨ ਜਿੱਥੇ ਹੁਣ ਹੋਰ ਝੋਨਾ ਸੁੱਟਣ ਦੀ ਗੁੰਜ਼ਾਇਸ਼ ਨਹੀਂ ਰਹੀ। ਉੱਧਰ, ਸ਼ੈਲਰਾਂ ਕੋਲ ਜਿਹੜੇ ਕਿਸਾਨਾਂ ਨੇ ਝੋਨਾ ਵੇਚਿਆ ਹੈ, ਉਹ ਉਂਝ ਰਗੜੇ ਗਏ ਹਨ। ਕਿਸਾਨਾਂ ਦਾ ਦਾਅਵਾ ਹੈ ਕਿ ਸ਼ੈਲਰਾਂ ਵਾਲੇ ਪ੍ਰਤੀ ਕੁਇੰਟਲ 200 ਰੁਪਏ ਦਾ ਕੱਟ ਲਾ ਰਹੇ ਹਨ ਜੋ ਕਿ ਬਹੁਤ ਜ਼ਿਆਦਾ ਹੈ। ਜਾਣਕਾਰੀ ਅਨੁਸਾਰ ਸੁਲਤਾਨਪੁਰ ਲੋਧੀ ਅਧੀਨ ਪੈਂਦੀਆਂ ਮੰਡੀਆਂ ਜਿਨ੍ਹਾਂ ਵਿੱਚ ਟਿੱਬਾ, ਪਰਮਜੀਤ ਪੁਰ, ਤਲਵੰਡੀ ਚੌਧਰੀਆਂ, ਡੱਲਾ, ਮੈਰੀਪੁਰ ਤੇ ਸੁਲਤਾਨਪੁਰ ਲੋਧੀ ਵਿੱਚ ਝੋਨੇ ਦੀ ਜ਼ਿਆਦਾਤਰ ਖਰੀਦ ਸ਼ੈਲਰ ਮਾਲਕਾਂ ਵੱਲੋਂ ਕੀਤੀ ਜਾ ਰਹੀ ਹੈ। ਸ਼ੈਲਰ ਮਾਲਕਾਂ ਵੱਲੋਂ ਕਿਸਾਨਾਂ ਤੋਂ ਖ੍ਰੀਦਿਆ ਜਾ ਰਿਹਾ ਝੋਨਾ ਘੱਟੋ ਘੱਟ ਸਮਰਥਨ ਮੁੱਲ ਤੋਂ 300 ਤੋਂ ਲੈ ਕੇ 400 ਰੁਪਏ ਤੱਕ ਘੱਟ ਰੇਟ ’ਤੇ ਖਰੀਦਿਆ ਜਾ ਰਿਹਾ ਹੈ, ਜਿਸ ਨਾਲ ਕਿਸਾਨਾਂ ਨੂੰ ਪ੍ਰਤੀ ਏਕੜ 10 ਹਜ਼ਾਰ ਤੋਂ ਲੈ ਕੇ 14 ਹਜ਼ਾਰ ਰੁਪਏ ਦਾ ਨੁਕਸਾਨ ਝੱਲਣਾ ਪੈ ਰਿਹਾ ਹੈ।
ਬੀਕੇਯੂ ਦੋਆਬਾ ਦੇ ਆਗੂ ਸਤਨਾਮ ਸਿੰਘ ਸਾਹਨੀ ਨੇ ਦੱਸਿਆ ਕਿ ਕੇਂਦਰ ਸਰਕਾਰ ਵੱਲੋਂ ਸੁਪਰਫਾਈਨ ਝੋਨੇ ਦਾ ਭਾਅ 2320 ਪ੍ਰਤੀ ਕੁਇੰਟਲ ਤੈਅ ਕੀਤਾ ਹੋਇਆ ਹੈ ਜਦਕਿ ਮੰਡੀਆਂ ਵਿੱਚ ਕਿਸਾਨਾਂ ਨੂੰ 1900 ਤੋਂ ਲੈਕੇ 2200 ਰੁਪਏ ਪ੍ਰਤੀ ਕੁਇੰਟਲ ਦਿੱਤਾ ਜਾ ਰਿਹਾ ਹੈ। ਮੰਡੀਆਂ ਵਿੱਚ ਪੀ ਆਰ 110 ਅਤੇ ਪੀ ਆਰ 126 ਦੀ ਆਮਦ ਵੱਡੇ ਪੱਧਰ ਤੇ ਹੋ ਰਹੀ ਹੈ ਪਰ ਸਰਕਾਰੀ ਭਾਅ ਨਾ ਮਿਲਣ ਕਰਕੇ ਕਿਸਾਨ ਨਿਰਾਸ਼ ਹਨ। ਉੱਧਰ ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਸੁਰਿੰਦਰ ਕੁਮਾਰ ਨੇ ਦੱਸਿਆ ਕਿ ਸਰਕਾਰ ਨੇ ਬੋਲੀ ਤਾਂ ਸ਼ੁਰੂ ਕਰਵਾ ਦਿੱਤੀ ਹੈ, ਪਰ ਸ਼ੈਲਰਾਂ ਨੂੰ ਝੋਨੇ ਦੀ ਅਲਾਟਮੈਂਟ ਨਾ ਕੀਤੇ ਜਾਣ ਕਰਕੇ ਮੰਡੀਆਂ ਵਿੱਚ ਬੋਰੀਆਂ ਦੇ ਅੰਬਾਰ ਲੱਗੇ ਪਏ ਹਨ।

Advertisement

ਫਗਵਾੜਾ ਸ਼ੂਗਰ ਮਿੱਲ ਚੌਕ ’ਚ ਕਿਸਾਨਾਂ ਵੱਲੋਂ ਜਾਮ ਅੱਜ

ਫਗਵਾੜਾ: ਪੰਜਾਬ ਦੀਆਂ ਮੰਡੀਆਂ ’ਚ ਰੁਲ ਰਹੇ ਝੋਨੇ ਦੀ ਚੁਕਾਈ ਦੇ ਮਾਮਲੇ ਨੂੰ ਲੈ ਕੇ ਭਾਰਤੀ ਕਿਸਾਨ ਯੂਨੀਅਨ ਦੋਆਬਾ ਵੱਲੋਂ ਫਗਵਾੜਾ ਸ਼ੂਗਰ ਮਿੱਲ ਚੌਕ ’ਚ ਕਿਸਾਨਾਂ ਵੱਲੋਂ ਜਾਮ ਲਗਾਇਆ ਜਾਵੇਗਾ। ਦਾਣਾ ਮੰਡੀ ਵਿੱਚ ਪ੍ਰਧਾਨ ਮਨਜੀਤ ਸਿੰਘ ਰਾਏ ਤੇ ਜਨਰਲ ਸਕੱਤਰ ਸਤਨਾਮ ਸਿੰਘ ਸਾਹਨੀ ਦੀ ਹੋਈ ਮੀਟਿੰਗ ’ਚ ਇਨ੍ਹਾਂ ਆਗੂਆਂ ਨੇ ਕਿਹਾ ਕਿ ਸਰਕਾਰ ਕਿਸਾਨਾਂ ਦੇ ਰੁਲਦੇ ਝੋਨੇ ਨੂੰ ਬਚਾਉਣ ਲਈ ਗੰਭੀਰ ਨਹੀਂ ਹੈ ਤੇ ਮੀਟਿੰਗਾਂ ਕਰਕੇ ਵੀ ਸਰਕਾਰ ਕੋਈ ਹੱਲ ਕੱਢਣ ’ਚ ਅਸਫ਼ਲ ਹੀ ਰਹੀ ਹੈ। ਉਨ੍ਹਾਂ ਕਿਹਾ ਕਿ ਜੋ ਅੰਕੜੇ ਪ੍ਰਸ਼ਾਸਨ ਜਾਰੀ ਕਰ ਰਿਹਾ ਹੈ, ਉਸ ਮੁਤਾਬਕ ਖਰੀਦ ਨਹੀਂ ਹੋ ਰਹੀ ਜਿਸ ਦੇ ਰੋਸ ਵਜੋਂ ਅੱਜ ਵੱਡੀ ਪੱਧਰ ’ਤੇ ਕਿਸਾਨ ਝੋਨੇ ਨਾਲ ਭਰੀਆਂ ਟਰਾਲੀਆਂ ਲੈ ਕੇ ਫਗਵਾੜਾ ਦਾਣਾ ਮੰਡੀ ਪੁੱਜਣਗੇ ਤੇ ਇੱਥੋਂ ਕਾਫ਼ਲੇ ਦੇ ਰੂਪ ’ਚ ਸ਼ੂਗਰ ਮਿੱਲ ਚੌਕ ’ਚ ਜਾਣਗੇ ਤੇ ਆਵਾਜਾਈ ਠੱਪ ਕਰਨਗੇ। ਾਕਿਸਾਨਾਂ ਵੱਲੋਂ ਜੀ.ਟੀ. ਰੋਡ ਜਾਮ ਕਰਨ ਦੇ ਦਿੱਤੇ ਸੱਦੇ ਤੋਂ ਬਾਅਦ ਫਗਵਾੜਾ ਪੁਲੀਸ ਨੇ ਟਰੈਫ਼ਿਕ ਰੂਟ ਡਾਈਵਰਟ ਕਰ ਦਿੱਤੇ ਹਨ। ਇਸ ਸਬੰਧੀ ਟਰੈਫ਼ਿਕ ਇੰਚਾਰਜ ਅਮਨ ਕੁਮਾਰ ਨੇ ਦੱਸਿਆ ਜਲੰਧਰ ਸਾਈਡ ਤੋਂ ਆਉਣ ਵਾਲੇ ਛੋਟੇ ਵਾਹਨਾਂ ਨੂੰ ਮੇਹਲੀ ਤੋਂ ਬੰਗਾ ਰੋਡ, ਖੋਥੜਾ ਰੋਡ ਰਾਹੀਂ ਹੁੰਦੇ ਗੁਰਾਇਆ ਲਈ ਰਵਾਨਾ ਕੀਤਾ ਜਾਵੇਗਾ। ਲੁਧਿਆਣਾ ਤੋਂ ਆਉਣ ਵਾਲੇ ਛੋਟੇ ਵਾਹਨਾਂ ਨੂੰ ਫ਼ਿਲੌਰ ਤੋਂ ਨੂਰਮਹਿਲ ਦੇ ਰਸਤੇ ਰਾਹੀਂ ਭੇਜਿਆ ਜਾਵੇਗਾ। - ਪੱਤਰ ਪ੍ਰੇਰਕ

Advertisement

Advertisement
Author Image

sukhwinder singh

View all posts

Advertisement