ਆਇਰਲੈਂਡ ਖ਼ਿਲਾਫ਼ ਮੰਧਾਨਾ ਸੰਭਾਲੇਗੀ ਭਾਰਤੀ ਮਹਿਲਾ ਟੀਮ ਦੀ ਕਮਾਨ
ਨਵੀਂ ਦਿੱਲੀ, 6 ਜਨਵਰੀ
ਆਇਰਲੈਂਡ ਖ਼ਿਲਾਫ਼ ਇਸ ਮਹੀਨੇ ਸ਼ੁਰੂ ਹੋ ਰਹੀ ਤਿੰਨ ਮੈਚਾਂ ਦੀ ਇੱਕ ਰੋਜ਼ਾ ਲੜੀ ਵਿੱਚ ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਕਮਾਨ ਅਨੁਭਵੀ ਸਲਾਮੀ ਬੱਲੇਬਾਜ਼ ਸਮ੍ਰਿਤੀ ਮੰਧਾਨਾ ਨੂੰ ਸੌਂਪੀ ਗਈ ਹੈ, ਜਦੋਂਕਿ ਟੀਮ ਦੀ ਰੈਗੂਲਰ ਕਪਤਾਨ ਹਰਮਨਪ੍ਰੀਤ ਕੌਰ ਨੂੰ ਆਰਾਮ ਦਿੱਤਾ ਗਿਆ ਹੈ। ਭਾਰਤੀ ਕ੍ਰਿਕਟ ਬੋਰਡ (ਬੀਸੀਸੀਆਈ) ਨੇ ਅੱਜ ਇੱਥੇ ਜਾਰੀ ਬਿਆਨ ਵਿੱਚ ਤੇਜ਼ ਗੇਂਦਬਾਜ਼ ਰੇਣੂਕਾ ਸਿੰਘ ਠਾਕੁਰ ਨੂੰ ਵੀ ਆਰਾਮ ਦੇਣ ਦਾ ਐਲਾਨ ਕੀਤਾ। ਆਇਰਲੈਂਡ ਖ਼ਿਲਾਫ਼ ਤਿੰਨ ਮੈਚਾਂ ਦੀ ਲੜੀ 10 ਜਨਵਰੀ ਤੋਂ ਸ਼ੁਰੂ ਹੋਵੇਗੀ। ਇਸ ਲੜੀ ਦੇ ਸਾਰੇ ਮੈਚ ਰਾਜਕੋਟ ਵਿੱਚ ਖੇਡੇ ਜਾਣਗੇ।
ਪਿਛਲੇ ਮਹੀਨੇ ਵੈਸਟਇੰਡੀਜ਼ ਖ਼ਿਲਾਫ਼ ਲੜੀ ਦੌਰਾਨ ਹਰਮਨਪ੍ਰੀਤ ਦੇ ਸੱਟ ਲੱਗ ਗਈ ਸੀ, ਜਿਸ ਕਾਰਨ ਉਹ ਪਹਿਲੇ ਦੋ ਟੀ-20 ਕੌਮਾਂਤਰੀ ਮੈਚ ਨਹੀਂ ਖੇਡ ਸਕੀ। ਉਸ ਨੇ ਤੀਜੇ ਟੀ-20 ਕੌਮਾਂਤਰੀ ਵਿੱਚ ਟੀਮ ’ਚ ਵਾਪਸੀ ਕੀਤੀ ਅਤੇ ਫਿਰ ਤਿੰਨ ਮੈਚਾਂ ਦੀ ਇੱਕ ਰੋਜ਼ਾ ਲੜੀ ਵਿੱਚ ਟੀਮ ਦੀ ਅਗਵਾਈ ਕੀਤੀ। ਇਸ ਤੋਂ ਪਹਿਲਾਂ ਹਰਮਨਪ੍ਰੀਤ ਨੂੰ ਅਕਤੂਬਰ ’ਚ ਦੁਬਈ ਵਿੱਚ ਮਹਿਲਾ ਟੀ-20 ਵਿਸ਼ਵ ਕੱਪ ’ਚ ਪਾਕਿਸਤਾਨ ਖ਼ਿਲਾਫ਼ ਮੈਚ ਦੌਰਾਨ ਸੱਟ ਲੱਗ ਗਈ ਸੀ।
ਟੀਮ ਦੀ ਮੁੱਖ ਤੇਜ਼ ਗੇਂਦਬਾਜ਼ ਰੇਣੂਕਾ ਨੂੰ ਵੈਸਟਇੰਡੀਜ਼ ਖ਼ਿਲਾਫ਼ ਤਿੰਨ ਮੈਚਾਂ ਵਿੱਚ 10 ਵਿਕਟਾਂ ਲੈ ਕੇ ਲੜੀ ਦੀ ਸਰਵੋਤਮ ਖਿਡਾਰਨ ਚੁਣਿਆ ਗਿਆ ਸੀ। ਉਹ ਪਿਛਲੇ ਸਮੇਂ ਪਿੱਠ ਦੇ ਸਟ੍ਰੈੱਸ ਫਰੈਕਚਰ ਤੋਂ ਪ੍ਰੇਸ਼ਾਨ ਰਹੀ ਹੈ। ਇਸ ਤਰ੍ਹਾਂ ਉਸ ਨੂੰ ਆਇਰਲੈਂਡ ਖ਼ਿਲਾਫ਼ ਲੜੀ ਤੋਂ ਆਰਾਮ ਦਿੱਤਾ ਗਿਆ ਹੈ।
ਭਾਰਤੀ ਮਹਿਲਾ ਟੀਮ ਨੇ ਪਿਛਲੇ ਮਹੀਨੇ ਵੈਸਟਇੰਡੀਜ਼ ਨੂੰ 2-1 ਨਾਲ ਹਰਾ ਕੇ ਪੰਜ ਸਾਲਾਂ ’ਚ ਆਪਣੀ ਧਰਤੀ ’ਤੇ ਟੀ-20 ਕੌਮਾਂਤਰੀ ਲੜੀ ਜਿੱਤੀ ਸੀ। ਇਸ ਮਗਰੋਂ ਟੀਮ ਨੇ ਇੱਕ ਰੋਜ਼ਾ ਲੜੀ ਵਿਚ ਵੈਸਟਇੰਡੀਜ਼ ਨੂੰ 3-0 ਨਾਲ ਹਰਾਇਆ। ਇਸ ਜਿੱਤ ਨਾਲ ਆਇਰਲੈਂਡ ਖ਼ਿਲਾਫ਼ ਟੀਮ ਦਾ ਮਨੋਬਲ ਕਾਫੀ ਵਧਿਆ ਹੋਇਆ ਹੈ। ਸੀਮਤ ਓਵਰਾਂ ਦੀਆਂ ਇਨ੍ਹਾਂ ਲੜੀਆਂ ਦੌਰਾਨ ਮੰਧਾਨਾ ਸ਼ਾਨਦਾਰ ਲੈਅ ਵਿੱਚ ਸੀ। ਉਸ ਨੇ ਟੀ-20 ’ਚ ਲਗਾਤਾਰ ਤਿੰਨ ਅਰਧ ਸੈਂਕੜੇ ਜੜਨ ਮਗਰੋਂ ਇੱਕ ਰੋਜ਼ਾ ਵਿੱਚ ਦੋ ਅਰਧ ਸੈਂਕੜੇ ਵੀ ਮਾਰੇ। ਪਹਿਲਾ ਇੱਕ ਰੋਜ਼ਾ 10 ਜਨਵਰੀ, ਦੂਜਾ 12 ਜਨਵਰੀ ਅਤੇ ਤੀਜਾ 15 ਜਨਵਰੀ ਨੂੰ ਖੇਡਿਆ ਜਾਵੇਗਾ। ਸਾਰੇ ਮੈਚ ਰਾਜਕੋਟ ਵਿੱਚ ਸਵੇਰੇ 11 ਵਜੇ ਸ਼ੁਰੂ ਹੋਣਗੇ। -ਪੀਟੀਆਈ
ਆਇਰਲੈਂਡ ਖ਼ਿਲਾਫ਼ ਤਿੰਨ ਮੈਚਾਂ ਦੀ ਇੱਕ ਰੋਜ਼ਾ ਲੜੀ ਲਈ ਭਾਰਤੀ ਟੀਮ
ਸਮ੍ਰਿਤੀ ਮੰਧਾਨਾ (ਕਪਤਾਨ), ਦੀਪਤੀ ਸ਼ਰਮਾ (ਉਪ ਕਪਤਾਨ), ਪ੍ਰਤੀਕਾ ਰਾਵਲ, ਹਰਲੀਨ ਦਿਓਲ, ਜੈਮਿਮਾ ਰੌਡਰਿਗਜ਼, ਉਮਾ ਛੇਤਰੀ (ਵਿਕਟਕੀਪਰ), ਰਿਚਾ ਘੋਸ਼ (ਵਿਕਟਕੀਪਰ), ਤੇਜਲ ਹਸਬਨਿਸ, ਰਾਘਵੀ ਬਿਸਟ, ਮਿੰਨੂ ਮਨੀ, ਪ੍ਰੀਆ ਮਿਸ਼ਰਾ, ਤਨੁਜਾ ਕੰਵਰ, ਟਿਟਾਸ ਸਾਧੂ, ਸਾਇਮਾ ਠਾਕੋਰ, ਸਿਆਲੀ ਸਤਘਰੇ।