ਮੰਧਾਨਾ ਇੱਕ ਰੋਜ਼ਾ ਕ੍ਰਿਕਟ ’ਚ ਸਭ ਤੋਂ ਤੇਜ਼ ਸੈਂਕੜਾ ਬਣਾਉਣ ਵਾਲੀ ਭਾਰਤੀ ਖਿਡਾਰਨ ਬਣੀ
ਰਾਜਕੋਟ:
ਭਾਰਤੀ ਕਪਤਾਨ ਸਮ੍ਰਿਤੀ ਮੰਧਾਨਾ ਅੱਜ ਇੱਥੇ ਆਇਰਲੈਂਡ ਖ਼ਿਲਾਫ਼ ਤੀਜੇ ਅਤੇ ਆਖਰੀ ਇੱਕ ਰੋਜ਼ਾ ਮੈਚ ਵਿੱਚ ਸਿਰਫ਼ 70 ਗੇਂਦਾਂ ’ਚ ਸੈਂਕੜਾ ਪੂਰਾ ਕਰਕੇ ਖੇਡ ਦੀ ਇਸ ਵੰਨਗੀ ਵਿੱਚ ਸਭ ਤੋਂ ਤੇਜ਼ ਸੈਂਕੜਾ ਮਾਰਨ ਵਾਲੀ ਭਾਰਤੀ ਮਹਿਲਾ ਕ੍ਰਿਕਟਰ ਬਣ ਗਈ ਹੈ। ਨਿਯਮਤ ਕਪਤਾਨ ਹਰਮਨਪ੍ਰੀਤ ਕੌਰ ਦੀ ਗੈਰਹਾਜ਼ਰੀ ਵਿੱਚ ਟੀਮ ਦੀ ਅਗਵਾਈ ਕਰ ਰਹੀ ਸਲਾਮੀ ਬੱਲੇਬਾਜ਼ ਨੇ 80 ਗੇਂਦਾਂ ’ਚ 135 ਦੌੜਾਂ ਬਣਾਈਆਂ। ਮੰਧਾਨਾ ਨੇ ਸਭ ਤੋਂ ਤੇਜ਼ ਸੈਂਕੜਾ ਪੂਰਾ ਕਰਨ ਦਾ ਹਰਮਨਪ੍ਰੀਤ ਦਾ ਪਿਛਲਾ ਭਾਰਤੀ ਰਿਕਾਰਡ ਤੋੜਿਆ, ਜਿਸ ਨੇ ਪਿਛਲੇ ਸਾਲ ਬੰਗਲੂਰੂ ਵਿੱਚ ਦੱਖਣੀ ਅਫਰੀਕਾ ਖ਼ਿਲਾਫ਼ 87 ਗੇਂਦਾਂ ਵਿੱਚ ਸੈਂਕੜਾ ਪੂਰਾ ਕੀਤਾ ਸੀ। ਮੰਧਾਨਾ ਦਾ ਇਹ ਸੈਂਕੜਾ ਇਸ ਵੰਨਗੀ ਵਿੱਚ ਸਾਂਝੇ ਤੌਰ ’ਤੇ ਸੱਤਵਾਂ ਸਭ ਤੋਂ ਤੇਜ਼ ਸੈਂਕੜਾ ਹੈ। ਇਸੇ ਤਰ੍ਹਾਂ ਇਹ ਮੰਧਾਨਾ ਦਾ ਇੱਕ ਰੋਜ਼ਾ ਕ੍ਰਿਕਟ ਵਿੱਚ 10ਵਾਂ ਸੈਂਕੜਾ ਹੈ ਅਤੇ ਉਹ ਸਭ ਤੋਂ ਵੱਧ ਸੈਂਕੜੇ ਬਣਾਉਣ ਵਾਲੀਆਂ ਬੱਲੇਬਾਜ਼ਾਂ ਦੀ ਸੂਚੀ ਵਿੱਚ ਇੰਗਲੈਂਡ ਦੀ ਟੈਮੀ ਬਿਊਮੋਂਟ ਨਾਲ ਸਾਂਝੇ ਤੌਰ ’ਤੇ ਤੀਜੇ ਸਥਾਨ ’ਤੇ ਪਹੁੰਚ ਗਈ ਹੈ। -ਪੀਟੀਆਈ