ਲੰਕਾ ਦਾ ਫ਼ਤਵਾ
ਸ੍ਰੀਲੰਕਾ ’ਚ ਆਰਥਿਕ ਸੰਕਟ ਕਾਰਨ ਹੋਈ ਬਗ਼ਾਵਤ ਤੋਂ ਦੋ ਸਾਲ ਬਾਅਦ ਮਾਰਕਸਵਾਦੀ ਵਿਚਾਰਧਾਰਾ ਵਾਲੇ ਅਨੂਰਾ ਕੁਮਾਰ ਦੀਸਨਾਇਕੇ ਨੇ ਰਾਸ਼ਟਰਪਤੀ ਚੋਣਾਂ ਵਿੱਚ ਸਜਿਤ ਪ੍ਰੇਮਦਾਸਾ ਨੂੰ ਮਾਤ ਦੇ ਦਿੱਤੀ ਹੈ। ਮੌਜੂਦਾ ਰਾਸ਼ਟਰਪਤੀ ਤੇ ਛੇ ਵਾਰ ਪ੍ਰਧਾਨ ਮੰਤਰੀ ਰਹੇ ਰਨਿਲ ਵਿਕਰਮਸਿੰਘੇ ਤੀਜੇ ਸਥਾਨ ’ਤੇ ਖਿਸਕ ਗਏ ਹਨ। ਇਨ੍ਹਾਂ ਚੋਣਾਂ ਨੇ ਸਾਫ਼ ਕੀਤਾ ਹੈ ਕਿ ਵੋਟਰ ਸੰਕਟ ’ਚ ਘਿਰੇ ਇਸ ਮੁਲਕ ਵਿੱਚ ਇੱਕ ਨਵੀਂ ਸ਼ੁਰੂਆਤ ਦੀ ਹਾਮੀ ਭਰ ਰਹੇ ਹਨ। ਨੈਸ਼ਨਲ ਪੀਪਲਜ਼ ਪਾਵਰ (ਐੱਨਪੀਪੀ) ਗੱਠਜੋੜ ਦੇ ਉਮੀਦਵਾਰ ਦੀਸਨਾਇਕੇ ਨੇ ਇਹ ਜਿੱਤ ਆਪਣੇ ਭ੍ਰਿਸ਼ਟਾਚਾਰ ਵਿਰੋਧੀ ਅਤੇ ਗ਼ਰੀਬ-ਪੱਖੀ ਏਜੰਡੇ ਦੇ ਸਿਰ ਉੱਤੇ ਹਾਸਿਲ ਕੀਤੀ ਹੈ। ਟੈਕਸ ’ਚ ਕਟੌਤੀ ਦੇ ਉਸ ਦੇ ਵਾਅਦੇ ਨੂੰ ਲੋਕਾਂ ਨੇ ਪਸੰਦ ਕੀਤਾ ਹੈ ਕਿਉਂਕਿ ਉਹ ਪਹਿਲਾਂ ਹੀ ਗ਼ਰੀਬੀ ਦੀ ਮਾਰ ਝੱਲ ਰਹੇ ਹਨ ਅਤੇ ਮਹਿੰਗਾਈ ਨੇ ਉਨ੍ਹਾਂ ਦਾ ਲੱਕ
ਤੋੜ ਦਿੱਤਾ ਹੈ।
ਲੰਕਾ ਦੀ ਸਰਕਾਰ ਵਿਰੁੱਧ ਦੋ ਹਥਿਆਰਬੰਦ ਬਗ਼ਾਵਤਾਂ (1971 ਅਤੇ 1987-89) ਵਿੱਚ ਸ਼ਾਮਿਲ ਰਹੇ ਦੀਸਨਾਇਕੇ ਦੀ ਜਨਤਾ ਵਿਮੁਕਤੀ ਪੇਰਾਮੁਨਾ (ਜੇਵੀਪੀ) ਹਾਲ ਦੇ ਦਹਾਕਿਆਂ ਵਿੱਚ ਮੁੱਖਧਾਰਾ ਦੀ ਸਿਆਸਤ ਵਿੱਚ ਸਰਗਰਮ ਰਹੀ ਹੈ। ਇਹ ਦੇਖਣ ਵਾਲਾ ਹੋਵੇਗਾ ਕਿ ਕੀ ਐੱਨਪੀਪੀ ਦੀਸਨਾਇਕੇ ਤੇ ਉਸ ਦੀ ਪਾਰਟੀ ਨੂੰ ਆਰਥਿਕ ਮੋਰਚੇ ਉੱਤੇ ਕੁਝ ਇਨਕਲਾਬੀ ਕਰਨ ਦੀ ਆਜ਼ਾਦੀ ਦਿੰਦੀ ਹੈ ਜਾਂ ਨਹੀਂ। ਕੌਮਾਂਤਰੀ ਮੁਦਰਾ ਫੰਡ ਨਾਲ ਹੋਏ ਸੌਦੇ ਨੇ ਸ੍ਰੀਲੰਕਾ ਦੇ ਅਰਥਚਾਰੇ ਨੂੰ ਆਰਜ਼ੀ ਤੌਰ ’ਤੇ ਕੁਝ ਸਾਹ ਦਿਵਾਇਆ ਹੈ। ਮਹਿੰਗਾਈ 70 ਪ੍ਰਤੀਸ਼ਤ ਦੇ ਚਿੰਤਾਜਨਕ ਪੱਧਰ ਤੋਂ ਡਿੱਗ ਕੇ 0.5 ਪ੍ਰਤੀਸ਼ਤ ਉੱਤੇ ਆਈ ਹੈ। ਦੀਸਨਾਇਕੇ ਅੱਗੇ ਜਿਹੜੀਆਂ ਪ੍ਰਮੁੱਖ ਚੁਣੌਤੀਆਂ ਹਨ, ਉਨ੍ਹਾਂ ਵਿੱਚ ਮੁਲਕ ਨੂੰ ਕਰਜ਼ਾ ਮੋੜਨ ਦੇ ਸਮਰੱਥ ਬਣਾਉਣਾ ਨਿਵੇਸ਼ਕਾਂ ਦਾ ਭਰੋਸਾ ਮੁੜ ਜਿੱਤਣਾ ਅਤੇ ਆਪਣੀ ਆਬਾਦੀ ਦੇ ਚੌਥੇ ਹਿੱਸੇ ਨੂੰ ਗ਼ਰੀਬੀ ਵਿੱਚੋਂ ਕੱਢਣਾ ਸ਼ਾਮਿਲ ਹੈ। ਉਹ ਉਨ੍ਹਾਂ ਲੋਕਾਂ ਦੀਆਂ ਉਮੀਦਾਂ ਬਿਲਕੁਲ ਨਹੀਂ ਤੋੜ ਸਕਦੇ ਜਿਨ੍ਹਾਂ ਦੇ ਗੁੱਸੇ ਤੇ ਬਗ਼ਾਵਤ ਨੇ 2022 ਦੇ ਰੋਸ ਮੁਜ਼ਾਹਰਿਆਂ ਨੂੰ ਜਨਮ ਦਿੱਤਾ ਸੀ ਅਤੇ ਇਹੀ ਮੁਜ਼ਾਹਰੇ ਤਤਕਾਲੀ ਰਾਸ਼ਟਰਪਤੀ ਗੋਟਬਾਯਾ ਰਾਜਪਕਸਾ ਦੇ ਸੱਤਾ ਤੋਂ ਲਾਂਭੇ ਹੋਣ ਦਾ ਕਾਰਨ ਬਣੇ ਸਨ। ਉਸ ਵੇਲੇ ਖ਼ੁਰਾਕ ਤੇ ਈਂਧਨ ਦੀ ਹੋਈ ਕਮੀ ਦੇ ਬੁਰੇ ਦ੍ਰਿਸ਼ ਅੱਜ ਵੀ ਲੋਕਾਂ ਦੇ ਮਨਾਂ ਵਿੱਚ ਤਾਜ਼ਾ ਹਨ।
ਮੋਦੀ ਸਰਕਾਰ ਨੇ ਫਰਵਰੀ ਵਿੱਚ ਦੀਸਨਾਇਕੇ ਨੂੰ ਭਾਰਤ ਸੱਦ ਕੇ ਚੰਗਾ ਦਾਅ ਖੇਡਿਆ ਸੀ। ਹਾਲਾਂਕਿ ਕਿਸੇ ਵੇਲੇ ਜੇਵੀਪੀ ਦਾ ਰੁਖ਼ ਭਾਰਤ ਵਿਰੋਧੀ ਰਿਹਾ ਹੈ। ਮਾਲਦੀਵ ਦੇ ਚੀਨ-ਪੱਖੀ ਰਾਸ਼ਟਰਪਤੀ ਮੁਇਜ਼ੂ ਨੂੰ ਆਪਣੇ ਪੱਖ ਵਿੱਚ ਕਰਨ ਦੀ ਕੂਟਨੀਤਕ ਸਫ਼ਲਤਾ ਦੇ ਮੱਦੇਨਜ਼ਰ ਲੱਗਦਾ ਹੈ ਕਿ ਦਿੱਲੀ ਦੀਸਨਾਇਕੇ ਨੂੰ ਵੀ ਆਪਣੇ ਵੱਲ ਕਰ ਲਏਗੀ, ਜੇਕਰ ਉਹ ਪੇਈਚਿੰਗ ਦੇ ਨੇੜੇ ਹੋਣ ਦੀ ਕੋਸ਼ਿਸ਼ ਕਰਦੇ ਹਨ। ਨਵੇਂ ਰਾਸ਼ਟਰਪਤੀ ਨੂੰ ਚਾਹੀਦਾ ਹੈ ਕਿ ਉਹ ਆਪਣੇ ਮੁਲਕ ਨੂੰ ਭੂਗੋਲਿਕ ਤੇ ਵਿੱਤੀ ਤੌਰ ’ਤੇ ਚੰਗੀ ਸਥਿਤੀ ਵਿਚ ਲਿਆਉਣ ਲਈ ਸੰਤੁਲਿਤ ਕਾਰਵਾਈ ਕਰੇ।