ਪ੍ਰਭ ਆਸਰਾ ਦੇ ਪ੍ਰਬੰਧਕ ‘ਦਿ ਪ੍ਰੌਮੀਨੈਂਟ ਪੰਜਾਬੀ’ ਐਵਾਰਡ ਨਾਲ ਸਨਮਾਨੇ
ਮਿਹਰ ਸਿੰਘ
ਕੁਰਾਲੀ, 26 ਅਕਤੂਬਰ
ਸ਼ਹਿਰ ਦੀ ਹੱਦ ਅੰਦਰ ਪਿੰਡ ਪਡਿਆਲਾ ਵਿੱਚ ਚੱਲ ਰਹੀ ਸਮਾਜ ਸੇਵੀ ਸੰਸਥਾ ਨੂੰ ‘ਦਿ ਪ੍ਰੌਮੀਨੈਂਟ ਪੰਜਾਬੀ’ ਐਵਾਰਡ ਨਾਲ ਸਨਮਾਨਿਆ ਗਿਆ। ਇੱਕ ਪ੍ਰਾਈਵੇਟ ਟੈਲੀਵੀਜ਼ਨ ਨੈੱਟਵਰਕ ਵਲੋਂ ਕਰਵਾਏ ਸ਼ੋਅ ਦੌਰਾਨ ਸੰਸਥਾ ਦੇ ਪ੍ਰਬੰਧਕਾਂ ਨੂੰ ਇਹ ਸਨਮਾਨ ਦਿੱਤਾ ਗਿਆ।
ਇਸ ਸਬੰਧੀ ਸੰਸਥਾ ਦੇ ਬੁਲਾਰੇ ਨੇ ਦੱਸਿਆ ‘ਪ੍ਰਭ ਆਸਰਾ’ ਦੇ ਮੁੱਖ ਸੰਚਾਲਕਾਂ ਭਾਈ ਸ਼ਮਸ਼ੇਰ ਸਿੰਘ ਅਤੇ ਬੀਬੀ ਰਜਿੰਦਰ ਕੌਰ ਨੂੰ ਪਿਛਲੇ ਦੋ ਦਹਾਕਿਆਂ ਤੋਂ ਸਮਾਜ ਸੇਵਾ ਖੇਤਰ ਵਿੱਚ ਨਿਵੇਕਲੀ ਤੇ ਫ਼ਖਰਯੋਗ ਸੇਵਾ ਲਈ ਇਹ ਸਨਮਾਨ ਦਿੱਤਾ ਗਿਆ ਹੈ। ਇਸ ਐਵਾਰਡ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਪੁੱਜੇ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਵੀ ਸੰਸਥਾ ਦੀ ਸੇਵਾ ਦੀ ਸ਼ਲਾਘਾ ਕੀਤੀ। ਜ਼ਿਕਰਯੋਗ ਹੈ ਕਿ ਪ੍ਰਭ ਆਸਰਾ ਪਿਛਲੇ 20 ਸਾਲਾਂ ਤੋਂ ਲਾਵਾਰਿਸ ਨਾਗਰਿਕਾਂ ਦੇ ਇਲਾਜ, ਸਾਂਭ-ਸੰਭਾਲ ਅਤੇ ਮੁੜ-ਵਸੇਬੇ ਲਈ ਕੰਮ ਕਰ ਰਹੀ ਹੈ। ਸੰਸਥਾ ਹੁਣ ਤੱਕ ਹਜ਼ਾਰਾਂ ਨਾਗਰਿਕਾਂ ਨੂੰ ਆਸਰਾ ਦੇਣ ਤੋਂ ਇਲਾਵਾ ਸੈਂਕੜੇ ਨਾਗਰਿਕਾਂ ਨੂੰ ਉਨ੍ਹਾਂ ਦੇ ਪਰਿਵਾਰਾਂ ਨਾਲ ਮਿਲਾ ਚੁੱਕੀ ਹੈ।