ਖੇਤੀਬਾੜੀ ਸਹਿਕਾਰੀ ਸਭਾ ਜਰਗੜੀ ਦੀ ਪ੍ਰਬੰਧਕ ਕਮੇਟੀ ਮੁਅੱਤਲ
ਪੱਤਰ ਪ੍ਰੇਰਕ
ਪਾਇਲ, 22 ਜੁਲਾਈ
ਦਿ ਜਰਗੜੀ ਬਹੁਮੰਤਵੀ ਖੇਤੀਬਾੜੀ ਸਹਿਕਾਰੀ ਸਭਾ ਦੀ ਪ੍ਰਬੰਧਕ ਕਮੇਟੀ ਨੂੰ ਮੁਅੱਤਲ ਕੀਤਾ ਗਿਆ ਹੈ। ਪ੍ਰਾਪਤ ਜਾਣਕਾਰੀ ਮੁਤਾਬਕ ਦਿ ਬਹੁਮੰਤਵੀ ਖੇਤੀਬਾੜੀ ਸਹਿਕਾਰੀ ਸਭਾ ਨੂੰ ਦਿ ਪੰਜਾਬ ਸਹਿਕਾਰੀ ਸਭਾਵਾਂ ਐਕਟ 1961ਦੀ ਧਾਰਾ 27(1) ਅਧੀਨ ਨੋਟਿਸ ਜਾਰੀ ਕੀਤਾ ਗਿਆ ਸੀ ਕਿਉਂਕਿ ਖੇਤੀਬਾੜੀ ਸਹਿਕਾਰੀ ਸਭਾ ਜਰਗੜੀ ਦੇ ਕਰਮਚਾਰੀ ਹਰਦੀਪ ਸਿੰਘ, ਗੁਰਵਿੰਦਰ ਸਿੰਘ ਅਤੇ ਲਖਵੀਰ ਸਿੰਘ ਸਭਾ ਵਿੱਚ ਬਨਿਾਂ ਪ੍ਰਵਾਨਗੀ ਤੋਂ ਕੰਮ ਕਰ ਰਹੇ ਸਨ। ਸਭਾ ਅੰਦਰ ਬਨਿਾਂ ਪ੍ਰਵਾਨਗੀ ਤੋਂ ਰੱਖੇ ਗਏ ਕਰਮਚਾਰੀ ਨੂੰ ਸਭਾ ਤੋਂ ਫਾਰਗ ਕਰਨ ਲਈ ਹਲਕਾ ਨਿਰੀਖਕ ਵੱਲੋਂ ਪਹਿਲਾ ਵੀ ਲਿਖਿਆ ਗਿਆ ਸੀ ਪਰ ਕੋਈ ਕਾਰਵਾਈ ਨਹੀਂ ਕੀਤੀ ਗਈ। ਹਲਕਾ ਨਿਰੀਖਕ ਵੱਲੋਂ ਸਭਾ ਦੀ ਕਿਤਾਬ ਕਾਰਵਾਈ ਵਿੱਚ ਇਸ ਸਬੰਧੀ ਇਤਰਾਜ਼ ਵੀ ਲਗਾਇਆ ਗਿਆ ਪ੍ਰੰਤੂ ਕੋਈ ਕਾਰਵਾਈ ਅਮਲ ਵਿੱਚ ਨਹੀਂ ਲਿਆਂਦੀ ਗਈ। ਫਿਰ ਰਜਿਸਟਰਾਰ ਸਹਿਕਾਰੀ ਸਭਾਵਾਂ ਪੰਜਾਬ ਚੰਡੀਗੜ੍ਹ ਦੇ ਮੀਮੋ ਅਨੁਸਾਰ ਸਭਾ ਵਿੱਚ ਕੋਈ ਵੀ ਕਰਮਚਾਰੀ 89 ਦਨਿਾਂ ਲਈ ਨਹੀਂ ਰੱਖਿਆ ਜਾ ਸਕਦਾ ਪ੍ਰੰਤੂ ਉਕਤ ਕਰਮਚਾਰੀਆਂ ਨੂੰ ਇਨ੍ਹਾਂ ਹਦਾਇਤਾਂ ਦੀ ਉਲੰਘਣਾ ਕਰਦੇ ਹੋਏ ਸਭਾ ਵਿੱਚ ਰੱਖਿਆ ਗਿਆ ਹੈ। ਹਲਕਾ ਨਿਰੀਖਕ ਦਫਤਰ ਵੱਲੋਂ ਭੇਜੇ ਨੋਟਿਸ ਦਾ ਜਵਾਬ ਤਸੱਲੀ ਬਖਸ਼ ਨਹੀਂ ਸੀ। ਹਲਕਾ ਨਿਰੀਖਕ ਦੀ ਸਿਫਾਰਸ਼ ਨੂੰ ਮੁੱਖ ਰੱਖਦੇ ਹੋਏ ਜਰਗੜੀ ਸਹਿਕਾਰੀ ਸਭਾ ਦੀ ਪ੍ਰਬੰਧਕ ਕਮੇਟੀ ਪ੍ਰਧਾਨ ਦਲਜੀਤ ਕੌਰ, ਮੀਤ ਪ੍ਰਧਾਨ ਤਾਰਾ ਸਿੰਘ, ਅਵਤਾਰ ਸਿੰਘ ਤੋਂ ਇਲਾਵਾ ਹਰਦੀਪ ਸਿੰਘ, ਬਲਵਿੰਦਰ ਸਿੰਘ, ਬਲਦੇਵ ਸਿੰਘ, ਜਗਪਾਲ ਕੌਰ, ਯਾਦਵਿੰਦਰ ਸਿੰਘ, ਗੁਰਜੀਤ ਸਿੰਘ, ਗੁਲਵੰਤ ਸਿੰਘ ਨੂੰ ਮੁਅੱਤਲ ਕੀਤਾ ਹੈ।