ਮਨੁੱਖ ਨੂੰ ਦੂਜਿਆਂ ਦੀ ਭਲਾਈ ਲਈ ਕੰਮ ਕਰਨਾ ਚਾਹੀਦੈ: ਮਾਤਾ ਸੁਦੀਕਸ਼ਾ
ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 20 ਅਕਤੂਬਰ
ਮਾਤਾ ਸੁਦੀਕਸ਼ਾ ਮਹਾਰਾਜ ਨੇ ਚੰਡੀਗੜ੍ਹ ਦੇ ਸੈਕਟਰ-34 ਵਿੱਚ ਕਰਵਾਏ ਨਿਰੰਕਾਰੀ ਸੰਤ ਸਮਾਗਮ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਦੁਨੀਆਂ ਵਿੱਚ ਹਰ ਵਸਤੂ ਦਾ ਆਪਣਾ ਵਿਸ਼ੇਸ਼ ਮਹੱਤਵ ਹੁੰਦਾ ਹੈ। ਇਸੇ ਲਈ ਉਸ ਵਸਤੂ ਦੀ ਉਤਪਤੀ ਹੁੰਦੀ ਹੈ। ਇਸੇ ਤਰ੍ਹਾਂ ਮਨੁੱਖ ਦਾ ਜਨਮ ਵੀ ਵਿਸ਼ੇਸ਼ ਮਨੋਰਥ ਲਈ ਹੁੰਦਾ ਹੈ, ਜਿਸ ਨੂੰ ਆਪਣੇ ਬਾਰੇ ਭੁਲਾ ਕੇ ਹਰ ਸਮੇਂ ਦੂਜਿਆਂ ਦੀ ਭਲਾਈ ਲਈ ਕੰਮ ਕਰਨਾ ਚਾਹੀਦਾ ਹੈ। ਇਸ ਸਮਾਗਮ ਵਿੱਚ ਚੰਡੀਗੜ੍ਹ, ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼ ਅਤੇ ਦਿੱਲੀ ਸਣੇ ਵੱਖ-ਵੱਖ ਸੂਬਿਆਂ ਤੋਂ ਵੱਡੀ ਗਿਣਤੀ ਵਿੱਚ ਸ਼ਰਧਾਲੂ ਪੁੱਜੇ।
ਮਾਤਾ ਸੁਦੀਕਸ਼ਾ ਨੇ ਕਿਹਾ ਕਿ ਮਨੁੱਖ ਹਰ ਸਮੇਂ ਪਰਮਾਤਮਾ ਦੀ ਭਾਲ ਵਿੱਚ ਭਟਕਦਾ ਰਹਿੰਦਾ ਹੈ ਜਦੋਂਕਿ ਪਰਮਾਤਮਾ ਕਣ-ਕਣ ਵਿੱਚ ਹੈ। ਉਸ ਦੀ ਭਾਲ ਲਈ ਸਾਨੂੰ ਬ੍ਰਹਮ ਗਿਆਨ ਹੋਣ ਦੀ ਵਧੇਰੇ ਜ਼ਰੂਰਤ ਹੈ। ਬ੍ਰਹਮ ਗਿਆਨ ਹਾਸਲ ਕਰਨ ਲਈ ਹਰ ਮਨੁੱਖ ਨੂੰ ਦੂਜਿਆਂ ਦੀ ਭਲਾਈ ਲਈ ਹਰ ਸਮੇਂ ਤਿਆਰ ਰਹਿਣਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਮਨੁੱਖ ਅਕਸਰ ਜੀਵਨ ਵਿੱਚ ਉਤਾਰ-ਚੜ੍ਹਾਅ ਤੋਂ ਦੁਖੀ ਹੋ ਜਾਂਦਾ ਹੈ ਜਦੋਂਕਿ ਇਹ ਜੀਵਨ ਦਾ ਅਹਿਮ ਹਿੱਸਾ ਹਨ। ਇਸ ਤੋਂ ਮਨੁੱਖ ਨੂੰ ਵਧੇਰੇ ਕੁੱਝ ਸਿੱਖਣ ਨੂੰ ਮਿਲਦਾ ਹੈ। ਉਨ੍ਹਾਂ ਕਿਹਾ ਕਿ ਅਕਸਰ ਮਨੁੱਖ ਜਾਤ-ਪਾਤ, ਧਰਮ ਦੇ ਵਖਰੇਵਿਆਂ ਵਿੱਚ ਫਸਿਆ ਰਹਿੰਦਾ ਹੈ ਜਦੋਂਕਿ ਪਰਮਾਤਮਾ ਲਈ ਸਾਰੇ ਹੀ ਇਕ ਬਰਾਬਰ ਹਨ। ਇਸ ਲਈ ਸਾਨੂੰ ਜਾਤ-ਪਾਤ, ਧਰਮ ਦੇ ਵਖਰੇਵਿਆਂ ਵਿੱਚੋਂ ਬਾਹਰ ਨਿਕਲਣ ਦੀ ਲੋੜ ਹੈ। ਚੰਡੀਗੜ੍ਹ ’ਚ ਕਰਵਾਏ ਨਿਰੰਕਾਰੀ ਸੰਤ ਸਮਾਗਮ ’ਚ ਮਾਤਾ ਸੁਦੀਕਸ਼ਾ ਨਾਲ ਨਿਰੰਕਾਰੀ ਰਾਜਪਿਤਾ ਵੀ ਮੌਜੂਦ ਰਹੇ। ਇਸ ਮੌਕੇ ਨਿਰੰਕਾਰੀ ਮਿਸ਼ਨ ਚੰਡੀਗੜ੍ਹ ਦੇ ਜ਼ੋਨਲ ਇੰਚਾਰਜ ਓਪੀ ਨਿਰੰਕਾਰੀ ਨੇ ਸੰਗਤ ਦਾ ਧੰਨਵਾਦ ਕੀਤਾ। ਸਮਾਗਮ ’ਚ ਸਹਿਯੋਗ ਕਰਨ ਲਈ ਚੰਡੀਗੜ੍ਹ ਪੁਲੀਸ, ਪ੍ਰਸ਼ਾਸਨ ਤੇ ਨਗਰ ਨਿਗਮ ਦੇ ਅਧਿਕਾਰੀਆਂ ਦਾ ਧੰਨਵਾਦ ਕੀਤਾ।