ਬੀੜੀ ਨੂੰ ਲੈ ਕੇ ਹੋਏ ਝਗੜੇ ਤੋਂ ਬਾਅਦ ਇਕ ਵਿਅਕਤੀ ਦੀ ਹੱਤਿਆ
ਨਵੀਂ ਦਿੱਲੀ, 14 ਮਈ
ਪੱਛਮੀ ਦਿੱਲੀ ਵਿਚ ਬੀੜੀ ਦੇਣ ਤੋਂ ਇਨਕਾਰ ਕਰਨ ’ਤੇ ਇੱਕ ਵਿਅਕਤੀ ਦੀ ਕਥਿਤ ਤੌਰ ’ਤੇ ਕੁੱਟਮਾਰ ਤੋਂ ਬਾਅਦ ਉਸ ਦੀ ਮੌਤ ਹੋ ਜਾਣ ਦੇ ਮਾਮਲੇ ਵਿਚ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲੀਸ ਅਧਿਕਾਰੀਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਨੱਈਆ (33) ’ਤੇ ਸੋਮਵਾਰ ਦੀ ਰਾਤ ਦੇਰ ਹਮਲਾ ਕੀਤਾ ਗਿਆ। ਇਸ ਤੋਂ ਪਹਿਲਾਂ ਦੋਵਾਂ ਦੋਸ਼ੀਆਂ ਨੇ ਪੀੜਤ ਕੋਲ ਆ ਕੇ ਬੀੜੀ ਮੰਗੀ ਸੀ, ਪਰ ਉਸ ਨੇ ਦੇਣ ਤੋਂ ਇਨਕਾਰ ਕਰ ਦਿੱਤਾ। ਗੁੱਸੇ ਹੋਏ ਦੋਸ਼ੀਆਂ ਨੇ ਸੋਟੀ ਨਾਲ ਉਸ ਦੇ ਸਿਰ ’ਤੇ ਕਈ ਵਾਰ ਹਮਲਾ ਕੀਤਾ, ਜਿਸ ਕਾਰਨ ਉਹ ਗੰਭੀਰ ਜ਼ਖਮੀ ਹੋ ਗਿਆ।
ਪੁਲੀਸ ਨੇ ਦੱਸਿਆ ਕਿ ਜ਼ਖਮੀ ਹੋਣ ਦੇ ਬਾਵਜੂਦ ਵਿਅਕਤੀ ਖ਼ੁਦ ਹੀ ਗੁਰੂ ਗੋਬਿੰਦ ਸਿੰਘ ਹਸਪਤਾਲ ਗਿਆ ਜਿੱਥੇ ਉਸ ਦਾ ਇਲਾਜ ਕੀਤਾ ਗਿਆ ਅਤੇ ਕੋਈ 'ਮੈਡੀਕੋ-ਲੀਗਲ' ਕੇਸ ਦਰਜ ਕੀਤੇ ਬਿਨਾਂ ਉਸ ਨੂੰ ਛੁੱਟੀ ਦੇ ਦਿੱਤੀ ਗਈ। ਹਾਲਾਂਕਿ ਕੁਝ ਘੰਟਿਆਂ ਬਾਅਦ ਪੀੜਤ ਦੀ ਹਾਲਤ ਮੁੜ ਖਰਾਬ ਹੋ ਗਈ ਅਤੇ ਮੰਗਲਵਾਰ ਸਵੇਰੇ ਉਸ ਨੂੰ ਫਿਰ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤ ਘੋਸ਼ਿਤ ਕਰ ਦਿੱਤਾ।
ਅਧਿਕਾਰੀਆਂ ਨੇ ਦੱਸਿਆ ਕਿ ਸੀਸੀਟੀਵੀ ਫੁਟੇਜ ਦੀ ਜਾਂਚ ਕਰਨ ਅਤੇ ਲੋਕਾਂ ਤੋਂ ਪੁੱਛਗਿੱਛ ਕਰਨ ਤੋਂ ਬਾਅਦ ਪੁਲੀਸ ਨੇ ਵਿਨੋਦ (27) ਅਤੇ ਆਟੋ ਚਾਲਕ ਅਰਜੁਨ (39) ਨੂੰ ਗ੍ਰਿਫ਼ਤਾਰ ਕਰ ਲਿਆ ਹੈ। -ਪੀਟੀਆਈ