ਅਮਰੀਕਾ ਤੋਂ ਡਿਪੋਰਟ ਪਿੰਡ ਲਾਂਦੜਾ ਦਾ ਵਿਅਕਤੀ ਘਰੋਂ ਲਾਪਤਾ
ਫਿਲੌਰ (ਸਰਬਜੀਤ ਗਿੱਲ):
ਅਮਰੀਕਾ ਤੋਂ ਡਿਪੋਰਟ ਹੋ ਕੇ ਆਇਆ ਪਿੰਡ ਲਾਂਦੜਾ ਦਾ ਦਵਿੰਦਰਜੀਤ (40), ਜੋ ਅੱਜ ਸਵੇਰੇ ਪੰਜ ਵਜੇ ਘਰੋਂ ਲਾਪਤਾ ਹੋ ਗਿਆ ਸੀ, ਦੇਰ ਸ਼ਾਮ ਪਰਤ ਆਇਆ ਹੈ। ਇਸ ਮਗਰੋਂ ਫਿਲੌਰ ਪੁਲੀਸ ਨੇ ਉਸ ਕੋਲੋਂ ਪੁੱਛ ਪੜਤਾਲ ਕੀਤੀ। ਬੀਤੀ ਰਾਤ ਲਾਂਦੜਾ ਵਿੱਚ ਪਟਵਾਰੀ ਅਤੇ ਕੁਝ ਪੁਲੀਸ ਮੁਲਾਜ਼ਮ ਉਸ ਨੂੰ ਘਰ ਛੱਡ ਕੇ ਗਏ ਸਨ। ਅੱਜ ਜਦੋਂ ਪੱਤਰਕਾਰਾਂ ਦੀ ਟੀਮ ਉਸ ਦੇ ਘਰ ਪੁੱਜੀ ਤਾਂ ਉਹ ਘਰ ਵਿੱਚ ਨਹੀਂ ਸੀ। ਉਸ ਦੀ ਮਾਤਾ ਨੇ ਦੱਸਿਆ ਕਿ ਉਸਨੂੰ ਰਾਤ ਸਮੇਂ ਕੁਝ ਮੁਲਾਜ਼ਮ ਘਰ ਛੱਡ ਕੇ ਗਏ ਸਨ ਅਤੇ ਸਾਰੀ ਰਾਤ ਉਹ ਟੈਨਸ਼ਨ ਵਿੱਚ ਰਿਹਾ। ਸਵੇਰੇ ਉਹ ਮੋਟਰਸਾਈਕਲ ਲੈ ਕੇ ਘਰੋਂ ਚਲਾ ਗਿਆ। ਉਸ ਨੂੰ ਨਹੀਂ ਪਤਾ ਕਿ ਉਹ ਕਿੱਥੇ ਗਿਆ ਹੈ। ਮਾਤਾ ਨੇ ਦੱਸਿਆ ਕਿ ਉਸ ਦਾ ਪੁੱਤਰ ਕਰੀਬ ਡੇਢ ਮਹੀਨਾ ਪਹਿਲਾਂ ਦੁਬਈ ਗਿਆ ਸੀ ਅਤੇ ਕਦੋਂ ਉਹ ਅਮਰੀਕਾ ਗਿਆ, ਇਸ ਬਾਰੇ ਉਸ ਨੂੰ ਕੁੱਝ ਨਹੀਂ ਪਤਾ।
ਜਾਣਕਾਰੀ ਮੁਤਾਬਕ 13 ਦਿਨ ਪਹਿਲਾਂ ਅਮਰੀਕਾ ਪੁਲੀਸ ਨੇ ਉਸ ਨੂੰ ਕਾਬੂ ਕਰ ਕਰ ਲਿਆ ਸੀ। ਇਸ ਸਮੇਂ ਦੌਰਾਨ ਉਸ ਦਾ ਪਰਿਵਾਰ ਨਾਲ ਕੋਈ ਰਾਬਤਾ ਨਹੀਂ ਹੋਇਆ। ਪਰਿਵਾਰਕ ਮੈਂਬਰਾਂ ਮੁਤਾਬਕ ਦਵਿੰਦਰਜੀਤ ਨੇ ਬੀਤੀ ਰਾਤ ਘਰਦਿਆਂ ਨੂੰ ਦੱਸਿਆ ਸੀ ਕਿ ਉਹ ਅਮਰੀਕਾ ਚਲਾ ਗਿਆ ਸੀ। 13 ਦਿਨ ਉਹ ਉੱਥੇ ਰਿਹਾ ਅਤੇ ਮਗਰੋਂ ਅਮਰੀਕਾ ਪੁਲੀਸ ਨੇ ਉਸ ਨੂੰ ਭਾਰਤ ਭੇਜ ਦਿੱਤਾ। ਦਵਿੰਦਰਜੀਤ ਦਾ ਇੱਕ ਭਰਾ ਅਤੇ ਦੋ ਭੈਣਾਂ ਹਨ। ਫਿਲੌਰ ਦੇ ਨਾਇਬ ਤਹਿਸੀਲਦਾਰ ਸੁਨੀਤਾ ਖਿੱਲਣ ਨੇ ਦੱਸਿਆ ਕਿ ਬੀਤੀ ਰਾਤ ਉਨ੍ਹਾਂ ਦੇ ਵਿਭਾਗ ਦਾ ਸਟਾਫ਼ ਅਤੇ ਪੁਲੀਸ ਮੁਲਾਜ਼ਮ ਦਵਿੰਦਰਜੀਤ ਨੂੰ ਉਸ ਦੇ ਘਰ ਛੱਡ ਕੇ ਗਏ ਸਨ।
ਜਲੰਧਰ ਕੈੈਂਟ ਦੇ ਨੌਜਵਾਨ ਨੂੰ ਪਰਿਵਾਰ ਨੇ ਘਰ ’ਚ ਲੁਕਾਇਆ
ਜਲੰਧਰ (ਹਤਿੰਦਰ ਮਹਿਤਾ):
ਅਮਰੀਕਾ ਤੋਂ ਡਿਪੋਰਟ ਹੋ ਕੇ ਪਰਤੇ ਭਾਰਤੀਆਂ ਵਿੱਚ ਸ਼ਾਮਲ ਜਲੰਧਰ ਕੈਂਟ ਦੇ ਪਿੰਡ ਰਹਿਮਾਨਪੁਰ ਦੇ ਵਸਨੀਕ 22 ਸਾਲਾ ਨੌਜਵਾਨ ਪਲਵੀਰ ਸਿੰਘ ਦੇ ਮਾਪਿਆਂ ਨੇ ਉਸ ਨੂੰ ਘਰ ਵਿੱਚ ਲੁਕੋ ਕੇ ਬਾਹਰੋਂ ਗੇਟ ਨੂੰ ਤਾਲਾ ਲਾ ਦਿੱਤਾ ਹੈ। ਉਸ ਨੂੰ ਕਿਸੇ ਨਾਲ ਗੱਲਬਾਤ ਨਹੀਂ ਕਰਨ ਦਿੱਤੀ ਜਾ ਰਹੀ। ਪਲਵੀਰ ਪਿਛਲੇ ਮਹੀਨੇ 10 ਜਨਵਰੀ ਨੂੰ ਅਮਰੀਕਾ ਰਵਾਨਾ ਹੋਇਆ ਸੀ। ਸਥਾਨਕ ਲੋਕਾਂ ਅਨੁਸਾਰ ਵਾਪਸ ਆਉਣ ਮਗਰੋਂ ਉਨ੍ਹਾਂ ਪਲਵੀਰ ਨੂੰ ਇੱਕ ਵਾਰ ਵੀ ਨਹੀਂ ਦੇਖਿਆ। ਪਲਵੀਰ ਦੇ ਪਿਤਾ ਰਾਜਵੰਤ ਸਿੰਘ ਨੇ ਫੋਨ ’ਤੇ ਦੱਸਿਆ ਕਿ ਉਨ੍ਹਾਂ ਦਾ ਪਰਿਵਾਰ ਕਿਸੇ ਵਿਆਹ ਸਮਾਗਮ ’ਚ ਸ਼ਾਮਲ ਹੋਣ ਗਿਆ ਸੀ। ਉਨ੍ਹਾਂ ਦੱਸਿਆ ਕਿ ਪਲਵੀਰ ਨੂੰ ਅਮਰੀਕੀ ਅਧਿਕਾਰੀਆਂ ਨੇ 28 ਜਨਵਰੀ ਨੂੰ ਮੈਕਸਿਕੋ ਸਰਹੱਦ ਤੋਂ ਫੜਿਆ ਸੀ ਅਤੇ ਚਾਰ ਦਿਨਾਂ ਲਈ ਹਿਰਾਸਤ ਵਿੱਚ ਰੱਖਿਆ ਸੀ। ਉਨ੍ਹਾਂ ਦੱਸਿਆ ਕਿ ਪਲਵੀਰ ਨੇ ਵਾਪਸ ਆਉਣ ਮਗਰੋਂ ਬਹੁਤੀ ਗੱਲਬਾਤ ਨਹੀਂ ਕੀਤੀ। ਹਾਲਾਂਕਿ ਉਸ ਨੇ ਇੰਨਾ ਜ਼ਰੂਰ ਦੱਸਿਆ ਕਿ ਡਿਪੋਰਟ ਹੋ ਕੇ ਆਏ ਉਸ ਸਮੇਤ ਸਾਰੇ ਵਿਅਕਤੀਆਂ ਨੂੰ ਹੱਥਕੜੀਆਂ ਲਾਈਆਂ ਗਈਆਂ ਸਨ। ਉਨ੍ਹਾਂ ਦੇ ਪੈਰ ਵੀ ਜ਼ੰਜੀਰਾਂ ਨਾਲ ਬੰਨ੍ਹੇ ਗਏ ਸਨ। ਉਨ੍ਹਾਂ ਕਿਹਾ ਕਿ ਪਲਵੀਰ ਜਾਣਬੁੱਝ ਕੇ ਗੈਰ-ਕਾਨੂੰਨੀ ਢੰਗ ਨਾਲ ਅਮਰੀਕਾ ਵਿਚ ਦਾਖਲ ਨਹੀਂ ਹੋਇਆ ਸੀ। ਉਸ ਦੀ ਯਾਤਰਾ ਦਾ ਪ੍ਰਬੰਧ ਉੱਥੇ ਪਹਿਲਾਂ ਤੋਂ ਹੀ ਵਸੇ ਰਿਸ਼ਤੇਦਾਰਾਂ ਨੇ ਕੀਤਾ ਸੀ।