ਜ਼ਹਿਰੀਲੀਆਂ ਭੂੰਡੀਆਂ ਸਾੜਨ ਦੀ ਕੋਸ਼ਿਸ਼ ਦੌਰਾਨ ਝੁਲਸਣ ਕਾਰਨ ਵਿਅਕਤੀ ਦੀ ਮੌਤ
ਕੇਪੀ ਸਿੰਘ
ਗੁਰਦਾਸਪੁਰ, 8 ਜੂਨ
ਕਸਬਾ ਕਾਹਨੂੰਵਾਨ ਵਿੱਚ ’ਚ ਅੱਜ ਦੁਪਹਿਰੇ ਧਮੂੜੀਆਂ (ਜ਼ਹਿਰੀਲੀਆਂ ਭੂੰਡੀਆਂ) ਨੂੰ ਅੱਗ ਨਾਲ ਸਾੜਨ ਮੌਕੇ ਇੱਕ ਵਿਅਕਤੀ ਦੀ ਖ਼ੁਦ ਹੀ ਡੀਜ਼ਲ ਅਤੇ ਲੱਕੜਾਂ ਦੀ ਅੱਗ ਵਿੱਚ ਝੁਲਸਣ ਕਾਰਨ ਮੌਤ ਹੋ ਗਈ। ਮੌਕੇ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਕਸਬਾ ਕਾਹਨੂੰਵਾਨ ਵਿੱਚ ਦਲੀਪ ਸਿੰਘ ਪੁੱਤਰ ਭੀਖਮ ਸਿੰਘ ਆਪਣੇ ਘਰ ਦੇ ਵਿੱਚ ਇਕੱਲਾ ਸੀ ਅਤੇ ਉਸ ਦੀ ਪਤਨੀ ਕਿਸੇ ਦੇ ਘਰ ਵਿੱਚ ਗਈ ਹੋਈ ਸੀ। ਇਸੇ ਦੌਰਾਨ ਦਲੀਪ ਸਿੰਘ ਨੇ ਘਰ ਦੇ ਇੱਕ ਕਮਰੇ ਦੀ ਛੱਤ ਤੇ ਪਏ ਲੱਕੜੀ ਦੇ ਬਾਲਣ ਵਿੱਚ ਲੱਗੀਆਂ ਧਮੂੜੀਆਂ ਨੂੰ ਡੀਜ਼ਲ ਨਾਲ ਅੱਗ ਲਗਾਉਣ ਦੀ ਕੋਸ਼ਿਸ਼ ਕੀਤੀ ਪਰ ਇਸ ਦੌਰਾਨ ਅੱਗ ਭੜਕ ਗਈ। ਡੀਜ਼ਲ ਨਾਲ ਭੜਕੀ ਅੱਗ ਤੋਂ ਬਚਣ ਲਈ ਉਸ ਨੇ ਪਿੱਛੇ ਹਟਣ ਦੀ ਕੋਸ਼ਿਸ਼ ਕੀਤੀ ਤਾਂ ਉਹ ਪੌੜੀ ਅਤੇ ਬਾਲਣ ਜਿਸ ਵਿੱਚ ਧਮੂੜੀਆਂ ਲੱਗੀਆਂ ਹੋਈਆਂ ਸਨ ਸਮੇਤ ਹੇਠਾਂ ਡਿੱਗ ਪਿਆ। ਡੀਜ਼ਲ ਨਾਲ ਭੜਕੀ ਅੱਗ ਦੀ ਲਪੇਟ ਵਿੱਚ ਆ ਜਾਣ ਕਾਰਨ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ। ਇਸ ਹਾਦਸੇ ਦੌਰਾਨ ਘਰ ਪਈ ਵਾਸ਼ਿੰਗ ਮਸ਼ੀਨ ਵੀ ਸੜ ਗਈ। ਮ੍ਰਿਤਕ ਦੀ ਵਿਧਵਾ ਨੇ ਦੱਸਿਆ ਕਿ ਉਹ ਦੁਪਹਿਰ ਦਾ ਖਾਣਾ ਬਣਾ ਕੇ ਕਿਸੇ ਦੇ ਘਰ ਕਿਸੇ ਕੰਮ ਲਈ ਗਈ ਸੀ ਪਰ ਜਦੋਂ ਵਾਪਸ ਆਈ ਤਾਂ ਘਟਨਾ ਵਾਪਰ ਚੁੱਕ ਸੀ। ਮ੍ਰਿਤਕ ਦਲੀਪ ਸਿੰਘ ਦਿਹਾੜੀਦਾਰ ਵਜੋਂ ਕੰਮ ਕਰਦਾ ਸੀ ਅਤੇ ਉਸ ਦੀਆਂ ਦੋ ਬੇਟੀਆਂ ਹਨ ਜੋ ਵਿਆਹੀਆਂ ਹੋਈਆਂ ਹਨ।