ਨਸ਼ੇ ਦੀ ਓਵਰਡੋਜ਼ ਕਾਰਨ ਵਿਅਕਤੀ ਦੀ ਮੌਤ
ਗੁਰਬਖਸ਼ਪੁਰੀ
ਤਰਨ ਤਾਰਨ, 12 ਜਨਵਰੀ
ਥਾਣਾ ਪੱਟੀ ਸਦਰ ਅਧੀਨ ਆਉਂਦੇ ਪਿੰਡ ਚੀਮਾ ਕਲਾਂ ਦੇ ਨਸ਼ਿਆਂ ਦੇ ਆਦੀ ਵਿਅਕਤੀ ਦੀ ਨਸ਼ੇ ਦੀ ਓਵਰਡੋਜ਼ ਕਾਰਨ ਮੌਤ ਹੋ ਗਈ। ਮ੍ਰਿਤਕ ਦੀ ਸ਼ਨਾਖਤ ਜਗਤਾਰ ਸਿੰਘ (39) ਵਜੋਂ ਹੋਈ ਹੈ। ਇਸ ਸਬੰਧੀ ਪੁਲੀਸ ਨੇ ਪਿੰਡ ਦੇ ਹੀ ਚਾਰ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਇਸ ਸਬੰਧੀ ਪਿੰਡ ਦੇ ਵਾਸੀ ਅਰਸ਼ਦੀਪ ਸਿੰਘ, ਬੋਹੜ ਸਿੰਘ, ਹੁਸ਼ਿਆਰ ਸਿੰਘ ਤੇ ਉਸ ਦੇ ਭਰਾ ਬਲਹਾਰ ਸਿੰਘ ਨੂੰ ਨਾਮਜ਼ਦ ਕੀਤਾ ਗਿਆ ਹੈ। ਏਐੱਸਆਈ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਜਗਤਾਰ ਸਿੰਘ ਦੀ ਪਤਨੀ ਵਰਿੰਦਰ ਕੌਰ ਮੁਤਾਬਿਕ ਉਸ ਦਾ ਪਤੀ ਵੀਰਵਾਰ ਨੂੰ ਅਰਸ਼ਦੀਪ ਸਿੰਘ ਦੇ ਘਰੋਂ ਨਸ਼ਾ ਲੈਣ ਲਈ ਗਿਆ ਸੀ। ਜਦੋਂ ਉਹ ਕਾਫੀ ਚਿਰ ਤੱਕ ਘਰ ਨਾ ਪਰਤਿਆ ਤਾਂ ਉਹ ਆਪਣੇ ਜੇਠ ਨਾਲ ਪਤੀ ਦੀ ਭਾਲ ਲਈ ਨਿਕਲੀ। ਉਸ ਨੇ ਦੇਖਿਆ ਕਿ ਰਾਹ ਵਿੱਚ ਖਾਲੀ ਪਲਾਟ ਵਿੱਚ ਮੁਲਜ਼ਮ ਉਸ ਦੇ ਪਤੀ ਦੀ ਬਾਂਹ ’ਚ ਨਸ਼ੇ ਦਾ ਟੀਕਾ ਲਗਾ ਰਹੇ ਸਨ। ਉਸ ਨੂੰ ਦੇਖਦਿਆਂ ਹੀ ਮੁਲਜ਼ਮ ਮੌਕੇ ਤੋਂ ਫਰਾਰ ਹੋ ਗਏ। ਉਸ ਦਾ ਪਤੀ ਬੇਹੋਸ਼ ਹੋ ਗਿਆ ਜਿਸ ਨੂੰ ਪੱਟੀ ਸ਼ਹਿਰ ਦੇ ਪ੍ਰਾਈਵੇਟ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਜਿੱਥੇ ਉਸ ਦੀ ਬੀਤੇ ਕੱਲ੍ਹ ਮੌਤ ਹੋ ਗਈ। ਏਐੱਸਆਈ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਇਸ ਸਬੰਧੀ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ।