ਆਟੋ ਪਲਟਣ ਕਾਰਨ ਵਿਅਕਤੀ ਦੀ ਮੌਤ; ਪੰਜ ਜ਼ਖ਼ਮੀ
ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 15 ਅਕਤੂਬਰ
ਇੱਥੇ ਬੀਤੀ ਦੇਰ ਸ਼ਾਮ ਸਤਲੁਜ ਦਰਿਆ ਵਿੱਚ ਦੁਰਗਾ ਮਾਤਾ ਦੀ ਮੂਰਤੀ ਦਾ ਵਿਸਰਜਨ ਕਰ ਕੇ ਵਾਪਸ ਆ ਰਿਹਾ ਇੱਕ ਆਟੋ ਮਲਹੋਤਰਾ ਰਿਜ਼ੋਰਟ ਦੇ ਸਾਹਮਣੇ ਪੁਲ ’ਤੇ ਹਾਦਸੇ ਦਾ ਸ਼ਿਕਾਰ ਹੋ ਗਿਆ। ਹਾਦਸੇ ਦੌਰਾਨ ਆਟੋ ਪੁਲ ਦੇ ਵਿਚਕਾਰ ਪਲਟ ਗਿਆ। ਇਸ ਦੌਰਾਨ ਆਟੋ ਬੁਰੀ ਤਰ੍ਹਾਂ ਨੁਕਸਾਨਿਆ ਗਿਆ ਅਤੇ ਉਸ ਵਿੱਚ ਬੈਠੇ ਡਰਾਈਵਰ ਸਣੇ ਪੰਜ ਵਿਅਕਤੀ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਤੁਰੰਤ ਸਿਵਲ ਹਸਪਤਾਲ ਲਿਆਂਦਾ ਗਿਆ। ਇਨ੍ਹਾਂ ਵਿੱਚੋਂ ਇੱਕ ਨੌਜਵਾਨ ਦੀ ਹਸਪਤਾਲ ਪਹੁੰਚਣ ਤੋਂ ਪਹਿਲਾਂ ਹੀ ਮੌਤ ਹੋ ਗਈ। ਮਾਮਲੇ ਦੀ ਸੂਚਨਾ ਪੁਲੀਸ ਨੂੰ ਦਿੱਤੀ ਗਈ ਜਿਸ ’ਤੇ ਥਾਣਾ ਸਲੇਮ ਟਾਬਰੀ ਅਧੀਨ ਪੈਂਦੀ ਪੁਲੀਸ ਚੌਕੀ ਐਲਡੀਕੋ ਦੀ ਪੁਲੀਸ ਮੌਕੇ ’ਤੇ ਪੁੱਜੀ। ਪੁਲੀਸ ਨੇ ਆਟੋ ਨੂੰ ਕਬਜ਼ੇ ’ਚ ਲੈ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਹਸਪਤਾਲ ਵਿੱਚ ਮ੍ਰਿਤਕ ਨੌਜਵਾਨ ਦੀ ਪਛਾਣ ਭਾਮੀਆਂ ਕਲਾਂ ਦੇ ਰਹਿਣ ਵਾਲੇ 30 ਸਾਲਾ ਮਨੋਜ ਕੁਮਾਰ ਵਜੋਂ ਹੋਈ ਹੈ ਜੋ ਆਟੋ ਚਲਾਉਂਦਾ ਸੀ। ਉਹ ਆਪਣੇ ਪਿੱਛੇ ਪਤਨੀ, ਇੱਕ ਧੀ ਅਤੇ ਇੱਕ ਪੁੱਤਰ ਛੱਡ ਗਿਆ ਹੈ। ਉਹ ਸੋਮਵਾਰ ਦੇਰ ਸ਼ਾਮ ਆਪਣੇ ਇਲਾਕੇ ਦੇ ਲੋਕਾਂ ਨਾਲ ਸਤਲੁਜ ਦਰਿਆ ਵਿੱਚ ਮੂਰਤੀ ਵਿਸਰਜਨ ਕਰਨ ਲਈ ਗਿਆ ਸੀ ਜਿੱਥੋਂ ਉਹ ਆਪਣੇ ਇਲਾਕੇ ਦੇ ਰਹਿਣ ਵਾਲੇ ਇੱਕ ਨੌਜਵਾਨ ਦੇ ਆਟੋ ’ਚ ਅਗਲੀ ਸੀਟ ’ਤੇ ਬੈਠ ਕੇ ਘਰ ਪਰਤ ਰਿਹਾ ਸੀ ਜਿਸ ਦੌਰਾਨ ਰਸਤੇ ਵਿੱਚ ਉਹ ਹਾਦਸੇ ਦਾ ਸ਼ਿਕਾਰ ਹੋ ਗਿਆ। ਹਾਦਸੇ ਵਿੱਚ ਜ਼ਖ਼ਮੀ ਹੋਏ ਵਿਅਕਤੀਆਂ ਦੀ ਪਛਾਣ ਆਟੋ ਚਾਲਕ ਕਮਲਜੀਤ ਇਲਾਕੇ ਦੇ ਰਹਿਣ ਵਾਲੇ ਸੁਨੀਲ, ਰਾਜੂ ਅਤੇ ਸੁਰੇਸ਼ ਵਜੋਂ ਹੋਈ ਹੈ। ਇਸ ਸਬੰਧੀ ਪੁਲੀਸ ਚੌਕੀ ਅਲਡੀਕੋ ਦੇ ਇੰਚਾਰਜ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਪਰਿਵਾਰਕ ਮੈਂਬਰਾਂ ਦੇ ਬਿਆਨ ਲੈ ਕੇ ਅਗਲੇਰੀ ਕਾਰਵਾਈ ਕੀਤੀ ਜਾਵੇਗੀ।
ਸੜਕ ਹਾਦਸੇ ਵਿੱਚ ਬਜ਼ੁਰਗ ਦੀ ਮੌਤ
ਲੁਧਿਆਣਾ: ਥਾਣਾ ਕੂੰਮਕਲਾਂ ਦੇ ਇਲਾਕੇ ਮਾਛੀਵਾੜਾ ਰੋਡ ਪਿੰਡ ਸੰਘਿਆਂ ਨੇੜੇ ਇੱਕ ਵਾਹਨ ਦੀ ਟੱਕਰ ਵੱਜਣ ਕਾਰਨ ਮੋਟਰਸਾਈਕਲ ਸਵਾਰ ਬਜ਼ੁਰਗ ਦੀ ਮੌਤ ਹੋ ਗਈ ਹੈ। ਇਸ ਸਬੰਧੀ ਪਿੰਡ ਪੰਜੇਟਾ ਵਾਸੀ ਜੱਸਾ ਸਿੰਘ ਨੇ ਦੱਸਿਆ ਕਿ ਉਸਦੇ ਪਿਤਾ ਆਪਣੇ ਮੋਟਰਸਾਈਕਲ ਸਪਲੈਂਡਰ ’ਤੇ ਮਾਛੀਵਾੜਾ ਸਾਹਿਬ ਤੋਂ ਕੋਹਾੜਾ ਸਾਈਡ ਨੂੰ ਆ ਰਹੇ ਸਨ ਕਿ ਇੱਕ ਅਣਪਛਾਤੇ ਵਾਹਨ ਚਾਲਕ ਨੇ ਆਪਣਾ ਵਾਹਨ ਤੇਜ਼ ਰਫ਼ਤਾਰੀ ਅਤੇ ਅਣਗਹਿਲੀ ਨਾਲ ਚਲਾ ਕੇ ਉਨ੍ਹਾਂ ਨੂੰ ਫੇਟ ਮਾਰੀ ਅਤੇ ਸਮੇਤ ਵਾਹਨ ਮੌਕੇ ਤੋਂ ਫ਼ਰਾਰ ਹੋ ਗਿਆ। ਇਸ ਦੌਰਾਨ ਉਸਦੇ ਪਿਤਾ ਦੀ ਮੌਕੇ ’ਤੇ ਹੀ ਮੌਤ ਹੋ ਗਈ। ਥਾਣੇਦਾਰ ਪਰਮਜੀਤ ਸਿੰਘ ਨੇ ਦੱਸਿਆ ਕਿ ਪੁਲੀਸ ਵੱਲੋਂ ਕੇਸ ਦਰਜ ਕਰਕੇ ਕਾਰਵਾਈ ਕੀਤੀ ਜਾ ਰਹੀ ਹੈ ਜਦਕਿ ਲਾਸ਼ ਪੋਸਟਮਾਰਟਮ ਉਪਰੰਤ ਵਾਰਸਾਂ ਹਵਾਲੇ ਕਰ ਦਿੱਤੀ ਗਈ ਹੈ। -ਨਿੱਜੀ ਪੱਤਰ ਪ੍ਰੇਰਕ