ਯੂਕੇ ਵਿੱਚ ਸਿੱਖ ਟੈਕਸੀ ਡਰਾਈਵਰ ਦੀ ਹੱਤਿਆ ਕਰਨ ਵਾਲਾ ਦੋਸ਼ੀ ਕਰਾਰ
ਲੰਡਨ, 25 ਜੂਨ
ਸੈਂਟਰਲ ਇੰਗਲੈਂਡ ਵਿੱਚ 2022 ‘ਚ ਕਿਰਾਏ ਦੀ ਅਦਾਇਗੀ ਕਾਰਨ ਹੋਈ ਬਹਿਸ ਦੌਰਾਨ ਸਿੱਖ ਟੈਕਸੀ ਡਰਾਈਵਰ ਦਾ ਕਤਲ ਕਰਨ ਵਾਲੇ ਵਿਅਕਤੀ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਹੈ। ਵੁਲਵਰਹੈਂਪਟਨ ਕ੍ਰਾਊਨ ਕੋਰਟ ‘ਚ ਇਸ ਹਫ਼ਤੇ ਟੋਮਾਜ਼ ਮਰਗੋਲ (36) ਨੂੰ ਅਣਖ ਸਿੰਘ (59) ਦੇ ਕਤਲ ਮਾਮਲੇ ਵਿੱਚ ਦੋਸ਼ੀ ਕਰਾਰ ਦਿੱਤਾ ਗਿਆ। ਉਸ ਨੂੰ ਅਗਲੇ ਮਹੀਨੇ ਸਜ਼ਾ ਸੁਣਾਈ ਜਾਵੇਗੀ। ਵੁਲਵਰਹੈਂਪਟਨ ਪੁਲੀਸ ਸੀਆਈਡੀ ਦੇ ਜਾਂਚ ਅਧਿਕਾਰੀ ਮਿਸ਼ੇਲ ਥਰਗੁਡ ਨੇ ਕਿਹਾ,’ਇਹ ਹਿੰਸਾ ਦੀ ਸੰਵੇਦਨਸ਼ੀਲ ਤੇ ਦੁਖਾਂਤਕ ਘਟਨਾ ਸੀ। ਉਨ੍ਹਾਂ ਕਿਹਾ,’ਸਿੰਘ ਕਾਨੂੰਨ ਦੀ ਪਾਲਣਾ ਕਰਨ ਵਾਲਾ ਚੰਗੇ ਅਕਸ ਵਾਲਾ ਵਿਅਕਤੀ ਸੀ ਜੋ ਆਪਣਾ ਕੰਮ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ। ਇਸ ਔਖੀ ਘੜੀ ਵਿੱਚ ਸਾਡੀ ਸਿੰਘ ਦੇ ਪਰਿਵਾਰ ਨਾਲ ਹਮਦਰਦੀ ਹੈ।’ ਕੋਰਟ ਨੂੰ ਦੱਸਿਆ ਗਿਆ ਕਿ 30 ਅਕਤੂਬਰ 2022 ਨੂੰ ਸਵੇਰੇ ਅਣਖ ਸਿੰਘ ਨਾਈਨ ਐਲਮਜ਼ ਸੜਕ ‘ਤੇ ਗੰਭੀਰ ਹਾਲਤ ਵਿੱਚ ਡਿੱਗਿਆ ਪਿਆ ਸੀ ਜਿਸ ਦੀ ਮੌਕੇ ‘ਤੇ ਹੀ ਮੌਤ ਹੋ ਗਈ ਸੀ। ਸਿੰਘ ਨੇ ਮਰਗੋਲ ਨੂੰ ਆਪਣੀ ਟੈਕਸੀ ਵਿੱਚ ਬਿਠਾਇਆ ਸੀ। ਇਸ ਦੌਰਾਨ ਦੋਵਾਂ ਦੀ ਭਾੜੇ ਦੀ ਅਦਾਇਗੀ ਸਬੰਧੀ ਬਹਿਸ ਹੋ ਗਈ ਅਤੇ ਉਸ ਨੇ ਸਿੰਘ ਉੱਤੇ ਹਮਲਾ ਕਰ ਦਿੱਤਾ। -ਪੀਟੀਆਈ