ਧਰਮ ਦੇ ਨਾਮ ’ਤੇ ਠੱਗਣ ਵਾਲਾ ਗ੍ਰਿਫ਼ਤਾਰ
ਪੱਤਰ ਪ੍ਰੇਰਕ
ਫਾਜ਼ਿਲਕਾ, 8 ਜਨਵਰੀ
ਐੱਸਐੱਸਪੀ ਫਾਜ਼ਿਲਕਾ ਵਰਿੰਦਰ ਸਿੰਘ ਬਰਾੜ ਨੇ ਦੱਸਿਆ ਕਿ ਲੋਕਾਂ ਤੋਂ ਸੇਵਾ ਦੇ ਨਾਮ ’ਤੇ ਠੱਗੀ ਮਾਰਨ ਵਾਲੇ ਇੱਕ ਵਿਅਕਤੀ ਦਾ ਪਰਦਾਫਾਸ਼ ਕੀਤਾ ਹੈ। ਇਸ ਸਬੰਘੀ ਇੰਸਪੈਕਟਰ ਮਨਜੀਤ ਸਿੰਘ ਮੁੱਖ ਅਫ਼ਸਰ ਥਾਣਾ ਸਾਈਬਰ ਕਰਾਇਮ ਕੋਲ ਸੁਧੀਰ ਸਿੰਘ ਵਾਸੀ ਪਿੰਡ ਨੁਕੇਰੀਆਂ ਥਾਣਾ ਅਰਨੀਵਾਲਾ ਦੇ ਬਿਆਨਾਂ ਦੇ ਆਧਾਰ ’ਤੇ ਮੁਕੱਦਮਾ ਦਰਜ ਕੀਤਾ ਗਿਆ ਹੈ। ਸ਼ਿਕਾਇਤਕਰਤਾ ਨੇ ਦੱਸਿਆ ਕਿ ਉਹ ਲੋਕ ਭਲਾਈ ਦਾ ਕੰਮ ਕਰਦਾ ਹੈ ਅਤੇ ਅਕਸਰ ਹੀ ਧਾਰਮਿਕ ਪ੍ਰੋਗਰਾਮਾਂ ਵਿੱਚ ਹਿੱਸਾ ਲੈਂਦਾ ਰਹਿੰਦਾ ਹੈ। ਉਸ ਨੂੰ ਸੋਸ਼ਲ ਮੀਡੀਆ ’ਤੇ ਪਤਾ ਲੱਗਿਆ ਹੈ ਕਿ ਗੁਰਦੇਵ ਸਿੰਘ ਪੁੱਤਰ ਜਗਤਾਰ ਸਿੰਘ ਵਾਸੀ ਲਖਮੀਰ ਕੇ ਹਿਠਾੜ ਥਾਣਾ ਮਮਦੋਟ, ਜ਼ਿਲ੍ਹਾ ਫਿਰੋਜ਼ਪੁਰ ਨੇ ਆਪਣੇ ਹੋਰ ਸਾਥੀਆਂ ਨਾਲ ਮਿਲ ਕੇ ਆਪਣਾ ਫੇਸਬੁੱਕ ਪੇਜ਼ ਬਣਾ ਕੇ ਉਹ ਪਾਸਟਰ ਦੇ ਨਾਮ ’ਤੇ ਠੱਗੀ ਮਾਰ ਰਹੇ ਹਨ। ਲੋਕ ਪਾਸਟਰ ਦਾ ਅਸਲ ਪੇਜ ਸਮਝ ਕੇ ਸਕੈਨਰ ਦੇ ਮਾਧਿਅਮ ਰਾਹੀਂ ਉਸ ਵਿੱਚ ਪੈਸੇ ਟਰਾਂਸਫਰ ਕਰ ਰਹੇ ਹਨ ਅਤੇ ਉਕਤ ਗੁਰਦੇਵ ਸਿੰਘ ਵਗੈਰਾ ਠੱਗੀ ਕਰਕੇ ਮੋਟੀ ਕਮਾਈ ਕਰ ਰਹੇ ਹਨ। ਪੁਲੀਸ ਨੇ ਮੁਲਜ਼ਮ ਗੁਰਦੇਵ ਸਿੰਘ ਨੂੰ ਕਾਬੂ ਕਰਕੇ ਉਸ ਪਾਸੋਂ ਇੱਕ ਲੈਪਟਾਪ, 9 ਮੋਬਾਈਲ ਫੋਨ ਅਤੇ 19 ਬੈਂਕ ਕ੍ਰੈਡਿਟ ਅਤੇ ਡੈਬਿਟ ਕਾਰਡ ਬਰਾਮਦ ਕੀਤੇ ਗਏ ਹਨ।