ਵਿਧਾਇਕ ਬਣ ਕੇ ਪੁਲੀਸ ਨੂੰ ਫੋਨ ਕਰਨ ਵਾਲਾ ਕਾਬੂ
ਮਨੋਜ ਸ਼ਰਮਾ
ਬਠਿੰਡਾ, 26 ਦਸੰਬਰ
ਵਿਧਾਨ ਸਭਾ ਹਲਕਾ ਭੁੱਚੋ ਦੇ ਵਿਧਾਇਕ ਨੂੰ ਚੇਤਾ ਵੀ ਨਹੀਂ ਸੀ ਕਿ ਕੋਈ ਉਸ ਦੇ ਨਾਂ ਦੀ ਦੁਰਵਰਤੋਂ ਕਰ ਸਕਦਾ ਹੈ। ਅਜਿਹੇ ਮਾਮਲੇ ’ਚ ਥਾਣਾ ਨੇਹੀਆਂ ਵਾਲਾ ਦੀ ਪੁਲੀਸ ਨੇ ਇੱਕ ਨੌਜਵਾਨ ਕਾਬੂ ਕੀਤਾ ਹੈ।
ਪੁਲੀਸ ਅਨੁਸਾਰ ਮੁਲਜ਼ਮ ਦੀ ਪਛਾਣ ਹਰਵਿੰਦਰ ਸਿੰਘ ਵਾਸੀ ਕੋਠੇ ਬਾਬਾ ਜੀਵਨ ਸਿੰਘ ਦਾਨ ਸਿੰਘ ਵਾਲਾ ਵਜੋਂ ਹੋਈ ਹੈ। ਜੋ ਆਪਣੇ ਆਪ ਨੂੰ ਹਲਕਾ ਭੁੱਚੋ ਦਾ ਵਿਧਾਇਕ ਮਾਸਟਰ ਜਗਸੀਰ ਸਿੰਘ ਦੱਸ ਕੇ ਗੋਨਿਆਣਾ ਪੁਲੀਸ ਚੌਕੀ ’ਚੋਂ ਆਪਣੇ ਬੰਦਿਆਂ ਨੂੰ ਛੁਡਾਉਣ ਲਈ ਚੌਕੀ ਇੰਚਾਰਜ ਨੂੰ ਫੋਨ ਕਰ ਰਿਹਾ ਸੀ।
ਮੁਲਜ਼ਮ ਖ਼ਿਲਾਫ਼ ਚੌਕੀ ਇੰਚਾਰਜ ਮੋਹਨਦੀਪ ਸਿੰਘ ਦੀ ਸ਼ਿਕਾਇਤ ’ਤੇ ਪੁਲੀਸ ਨੇ ਕੇਸ ਦਰਜ ਕਰ ਲਿਆ ਹੈ। ਜਾਣਕਾਰੀ ਅਨੁਸਾਰ ਗੋਨਿਆਣਾ ਚੌਕੀ ਦੀ ਪੁਲੀਸ ਨੇ 19 ਦਸੰਬਰ ਨੂੰ ਹੁੱਲੜਬਾਜ਼ੀ ਕਰਦੇ ਹੋਏ ਕੁੱਝ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਸੀ। ਇਨ੍ਹਾਂ ਨੌਜਵਾਨਾਂ ਨੂੰ ਛੁਡਾਉਣ ਦੇ ਲਈ ਉਕਤ ਮੁਲਜ਼ਮ ਹਰਵਿੰਦਰ ਸਿੰਘ ਚੌਕੀ ਇੰਚਾਰਜ ਕੋਲ ਆਇਆ ਸੀ ਜਿਸ ਨੇ ਖ਼ੁਦ ਨੂੰ ਆਮ ਆਦਮੀ ਪਾਰਟੀ ਦਾ ਜਨਰਲ ਸਕੱਤਰ ਦੱਸਿਆ ਸੀ ਪਰ ਚੌਕੀ ਇੰਚਾਰਜ ਵੱਲੋਂ ਫ਼ੜੇ ਨੌਜਵਾਨਾਂ ਨੂੰ ਦਫ਼ਾ 109 ਦੇ ਤਹਿਤ ਬੰਦ ਕੀਤਾ ਗਿਆ ਸੀ। ਇਸ ਕਾਰਨ ਉਨ੍ਹਾਂ ਦੀ ਜ਼ਮਾਨਤ ਐੱਸਡੀਐੱਮ ਤੋਂ ਲੈਣੀ ਪੈਣੀ ਸੀ। ਇਸ ਤੋਂ ਬਾਅਦ ਚੌਕੀ ਇੰਚਾਰਜ ਮੋਹਨਦੀਪ ਸਿੰਘ ਨੂੰ 23 ਦਸੰਬਰ ਨੂੰ ਹਰਵਿੰਦਰ ਸਿੰਘ ਨੇ ਫ਼ੋਨ ਕਰ ਕੇ ਕਿਹਾ ਕਿ ਵਿਧਾਇਕ ਭੁੱਚੋਂ ਮਾਸਟਰ ਜਗਸੀਰ ਸਿੰਘ ਗੱਲ ਕਰਨਗੇ।
ਵਿਧਾਇਕ ਬਣ ਕੇ ਗੱਲ ਕਰਨ ਵਾਲੇ ਵਿਅਕਤੀ ਵੱਲੋਂ ਚੌਕੀ ਇੰਚਾਰਜ ਨਾਲ ਕਾਫ਼ੀ ਤਲਖੀ ਨਾਲ ਗੱਲ ਕੀਤੀ ਗਈ। ਇਸ ਮਗਰੋਂ ਚੌਕੀ ਇੰਚਾਰਜ ਮੋਹਨਦੀਪ ਸਿੰਘ ਨੇ ਮਾਮਲੇ ਦੀ ਜਾਂਚ ਕੀਤੀ ਤਾਂ ਪਤਾ ਲੱਗਾ ਕਿ ਵਿਧਾਇਕ ਪਟਨਾ ਸਾਹਿਬ ਗਏ ਹਨ। ਪੁਲੀਸ ਅਨੁਸਾਰ ਮੁਲਜ਼ਮ ਖ਼ਿਲਾਫ਼ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।