ਮਮਤਾ ਵੱਲੋਂ ਤੂਫਾਨ ਪੀੜਤ ਪਰਿਵਾਰਾਂ ਨਾਲ ਮੁਲਾਕਾਤ
ਜਲਪਾਇਗੁੜੀ/ਗੁਹਾਟੀ, 1 ਅਪਰੈਲ
ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਦੱਸਿਆ ਕਿ ਬੀਤੇ ਦਿਨ ਸੂਬੇ ਦੇ ਜਲਪਾਇਗੁੜੀ ਜ਼ਿਲ੍ਹੇ ਦੇ ਕੁਝ ਹਿੱਸਿਆਂ ਵਿੱਚ ਆਏ ਤੂਫ਼ਾਨ ਕਾਰਨ ਮਰਨ ਵਾਲਿਆਂ ਦੀ ਗਿਣਤੀ ਪੰਜ ਹੋ ਗਈ ਹੈ। ਇਸ ਤੂਫਾਨ ’ਚ 100 ਤੋਂ ਵੱਧ ਵਿਅਕਤੀ ਜ਼ਖਮੀ ਹੋਏ ਹਨ। ਜ਼ਿਲ੍ਹਾ ਹੈੱਡਕੁਆਰਟਰ ਸ਼ਹਿਰ ਦੇ ਜ਼ਿਆਦਾਤਰ ਹਿੱਸਿਆਂ ਅਤੇ ਮੈਨਾਗੁੜੀ ਦੇ ਕਈ ਇਲਾਕਿਆਂ ’ਚ ਤੇਜ਼ ਹਵਾਵਾਂ ਨਾਲ ਗੜੇ ਪੈਣ ਕਾਰਨ ਕਈ ਝੌਪੜੀਆਂ ਅਤੇ ਘਰਾਂ ਨੂੰ ਨੁਕਸਾਨ ਪਹੁੰਚਿਆ। ਇਸੇ ਤਰ੍ਹਾਂ ਦਰੱਖਤ ਉੱਖੜ ਗਏ ਅਤੇ ਬਿਜਲੀ ਦੇ ਖੰਭੇ ਡਿੱਗ ਗਏ। ਮਮਤਾ ਨੇ ਬੀਤੀ ਦੇਰ ਰਾਤ ਜ਼ਿਲ੍ਹੇ ਦਾ ਦੌਰਾ ਕੀਤਾ ਅਤੇ ਪੀੜਤਾਂ ਨੂੰ ਪ੍ਰਸ਼ਾਸਨ ਵੱਲੋਂ ਹਰ ਸੰਭਵ ਮਦਦ ਦੇਣ ਦਾ ਭਰੋਸਾ ਦਿੱਤਾ। ਇਸੇ ਤਰ੍ਹਾਂ ਅਸਾਮ ਦੇ ਦੱਖਣੀ ਸਲਮਾਰਾ-ਮਾਨਕਚਾਰ ਜ਼ਿਲ੍ਹੇ ਵਿੱਚ ਮੀਂਹ ਅਤੇ ਤੂਫ਼ਾਨ ਕਾਰਨ ਬ੍ਰਹਮਪੁੱਤਰ ਨਦੀ ਵਿੱਚ ਇੱਕ ਕਿਸ਼ਤੀ ਪਲਟਣ ਕਾਰਨ ਚਾਰ ਸਾਲਾ ਬੱਚੇ ਦੀ ਮੌਤ ਹੋ ਗਈ ਅਤੇ ਦੋ ਹੋਰ ਵਿਅਕਤੀ ਲਾਪਤਾ ਦੱਸੇ ਜਾ ਰਹੇ ਹਨ। ਅਸਾਮ ਸਟੇਟ ਡਿਜ਼ਾਸਟਰ ਮੈਨੇਜਮੈਂਟ ਅਥਾਰਿਟੀ (ਏਐੱਸਡੀਐੱਮਏ) ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀਈਓ) ਗਿਆਨੇਂਦਰ ਦੇਵ ਤ੍ਰਿਪਾਠੀ ਨੇ ਦੱਸਿਆ ਕਿ ਬੀਤੀ ਸ਼ਾਮ ਸੂਬੇ ਦੇ ਕਈ ਹਿੱਸਿਆਂ ’ਚ ਅਚਾਨਕ ਆਏ ਤੂਫਾਨ ਦੇ ਨਾਲ ਮੀਂਹ ਤੇ ਗੜੇ ਵੀ ਪਏ।
ਆਈਜ਼ੌਲ: ਉਧਰ ਮਿਜ਼ੋਰਮ ਦੇ ਕਈ ਹਿੱਸਿਆਂ ਵਿੱਚ ਵੀ ਮੀਂਹ ਤੇ ਗੜੇ ਪੈਣ ਕਾਰਨ ਕਈ ਮਕਾਨ ਅਤੇ ਗਿਰਜਾਘਰ ਨੁਕਸਾਨੇ ਗਏ। -ਪੀਟੀਆਈ
ਸ਼ਾਹ ਵੱਲੋਂ ਤੂਫਾਨ ਪ੍ਰਭਾਵਿਤ ਸੂਬਿਆਂ ਦੀ ਮਦਦ ਦਾ ਭਰੋਸਾ
ਨਵੀਂ ਦਿੱਲੀ: ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਪੱਛਮੀ ਬੰਗਾਲ, ਅਸਾਮ ਅਤੇ ਮਨੀਪੁਰ ਦੇ ਮੁੱਖ ਮੰਤਰੀਆਂ ਨਾਲ ਗੱਲ ਕੀਤੀ ਅਤੇ ਉਨ੍ਹਾਂ ਨੂੰ ਕੇਂਦਰ ਵੱਲੋਂ ਹਰ ਸੰਭਵ ਮਦਦ ਦੇਣ ਦਾ ਭਰੋਸਾ ਦਿੱਤਾ। ਸ਼ਾਹ ਨੇ ਤਿੰਨਾਂ ਸੂਬਿਆਂ ਦੇ ਭਾਜਪਾ ਵਰਕਰਾਂ ਨੂੰ ਵੀ ਇਸ ਸੰਕਟ ਦੀ ਘੜੀ ਵਿੱਚ ਪੀੜਤਾਂ ਦੀ ਮਦਦ ਕਰਨ ਦੀ ਅਪੀਲ ਕੀਤੀ ਹੈ। -ਪੀਟੀਆਈ