ਮਮਤਾ ਨੇ ਵੋਟ ਬੈਂਕ ਦੀ ਰਾਜਨੀਤੀ ਲਈ ਕੌਮੀ ਸੁਰੱਖਿਆ ਨਾਲ ਸਮਝੌਤਾ ਕੀਤਾ: ਸ਼ਾਹ
ਕਾਂਥੀ/ਘਾਟਲ/ਪੁਰੂਲੀਆ, 22 ਮਈ
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ’ਤੇ ਵੋਟ ਬੈਂਕ ਦੀ ਰਾਜਨੀਤੀ ਲਈ ਕੌਮੀ ਸੁਰੱਖਿਆ ਨਾਲ ਸਮਝੌਤਾ ਕਰਨ ਦਾ ਦੋਸ਼ ਲਾਇਆ ਅਤੇ ਕਿਹਾ ਕਿ ਉਨ੍ਹਾਂ ਘੁਸਪੈਠੀਆਂ ਨੂੰ ਸੂਬੇ ਦੀ ਵੱਸੋਂ ਦਾ ਮੁਹਾਂਦਰਾ ਬਦਲਣ ਦੀ ਖੁੱਲ੍ਹ ਦੇ ਕੇ ‘ਪਾਪ’ ਕੀਤਾ ਹੈ। ਕਾਂਥੀ, ਘਾਟਲ ਅਤੇ ਪੁਰੂਲੀਆ ਵਿੱਚ ਰੈਲੀਆਂ ਨੂੰ ਸੰਬੋਧਨ ਕਰਦਿਆਂ ਸ਼ਾਹ ਨੇ ਕਿਹਾ ਕਿ ਸੂਬੇ ਵਿੱਚ ਭਾਜਪਾ ਦੇ 30 ਲੋਕ ਸਭਾ ਸੀਟਾਂ ਜਿੱਤਣ ਤੋਂ ਬਾਅਦ ਤ੍ਰਿਣਮੂਲ ਕਾਂਗਰਸ (ਟੀਐੱਮਸੀ) ਟੁੱਟ ਜਾਵੇਗੀ ਅਤੇ ਮਮਤਾ ਬੈਨਰਜੀ ਸਰਕਾਰ ਦੀ ਵਿਦਾਈ ਹੋ ਜਾਵੇਗੀ।
ਉਨ੍ਹਾਂ ਕਿਹਾ, ‘‘ਬੰਗਾਲ ਘੁਸਪੈਠੀਆਂ ਲਈ ਸੁਰੱਖਿਅਤ ਪਨਾਹਗਾਹ ਬਣ ਗਿਆ ਹੈ। ਘੁਸਪੈਠ ਕਾਰਨ ਸੂਬੇ ਦੀ ਵੱਸੋਂ ਦਾ ਮੁਹਾਂਦਰਾ ਬਦਲ ਰਿਹਾ ਹੈ ਜਿਸ ਦਾ ਅਸਰ ਸਿਰਫ਼ ਬੰਗਾਲ ’ਤੇ ਨਹੀਂ ਸਗੋਂ ਪੂਰੇ ਦੇਸ਼ ’ਤੇ ਪੈ ਰਿਹਾ ਹੈ। ਮਮਤਾ ਬੈਨਰਜੀ ਘੁਸਪੈਠੀਆਂ ਨੂੰ ਬੰਗਾਲ ਦੀ ਵੱਸੋਂ ਦਾ ਮੁਹਾਂਦਰਾ ਬਦਲਣ ਦੀ ਖੁੱਲ੍ਹ ਦੇ ਕੇ ਪਾਪ ਕਰ ਰਹੀ ਹੈ ਅਤੇ ਉਹ ਵੋਟ ਬੈਂਕ ਦੀ ਰਾਜਨੀਤੀ ਲਈ ਕੌਮੀ ਸੁਰੱਖਿਆ ਨਾਲ ਸਮਝੌਤਾ ਕਰ ਰਹੀ ਹੈ।’’
ਸ਼ਾਹ ਨੇ ਦੋਸ਼ ਲਾਇਆ ਕਿ ਘੁਸਪੈਠ ਕਰਨ ਵਾਲੇ ਤ੍ਰਿਣਮੂਲ ਕਾਂਗਰਸ ਦਾ ਵੋਟ ਬੈਂਕ ਹਨ ਅਤੇ ਮਮਤਾ ਬੈਨਰਜੀ ਆਪਣੇ ਵੋਟ ਬੈਂਕ ਨੂੰ ਖੁਸ਼ ਕਰਨ ਲਈ ਨਾਗਰਿਕਤਾ ਸੋਧ ਕਾਨੂੰਨ (ਸੀਏਏ) ਲਾਗੂ ਕਰਨ ਦਾ ਵਿਰੋਧ ਕਰ ਰਹੀ ਹੈ। ਉਨ੍ਹਾਂ ਕਿਹਾ, ‘‘ਟੀਐੱਮਸੀ ਘੁਸਪੈਠੀਆਂ ਨਾਲ ਪਿਆਰ ਅਤੇ ਸੀਏਏ ’ਤੇ ਵਾਰ ਕਰਦੀ ਹੈ। ਘੁਸਪੈਠੀਏ ਟੀਐੱਮਸੀ ਦਾ ਵੋਟ ਬੈਂਕ ਹਨ।’’ ਸ਼ਾਹ ਨੇ ਬੈਨਰਜੀ ਵੱਲੋਂ ਦਿੱਤੇ ਗਏ ਬਿਆਨ ਕਿ ਰਾਮਕ੍ਰਿਸ਼ਨ ਮਿਸ਼ਨ ਅਤੇ ਭਾਰਤ ਸੇਵਾਸ਼ਰਮ ਸੰਘ ਦੇ ਕੁਝ ਸੰਤ ਭਾਜਪਾ ਦੇ ਨਿਰਦੇਸ਼ਾਂ ਅਨੁਸਾਰ ਕੰਮ ਕਰ ਰਹੇ ਹਨ, ਦੀ ਨਿਖੇਧੀ ਕੀਤੀ। ਉਨ੍ਹਾਂ ਕਿਹਾ ਕਿ ਤ੍ਰਿਣਮੂਲ ਕਾਂਗਰਸ ਦੇ ਵੋਟ ਬੈਂਕ ਨੂੰ ਖੁਸ਼ ਕਰਨ ਲਈ ਇਨ੍ਹਾਂ ਸਮਾਜਿਕ-ਧਾਰਮਿਕ ਸੰਗਠਨਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਗ੍ਰਹਿ ਮੰਤਰੀ ਨੇ ਕਿਹਾ, ‘‘ਮਮਤਾ ਬੈਨਰਜੀ ਭਾਰਤ ਸੰਘ ’ਤੇ ਹਮਲਾ ਕਰ ਰਹੀ ਹੈ ਪਰ ਉਸ ਨੂੰ ਇਹ ਨਹੀਂ ਪਤਾ ਕਿ ਜੇ ਇਹ ਸੰਘ ਨਾ ਹੁੰਦਾ ਤਾਂ ਬੰਗਾਲ ਬੰਗਲਾਦੇਸ਼ ਦਾ ਹਿੱਸਾ ਹੁੰਦਾ।’’
ਵਿਰੋਧੀ ਗੱਠਜੋੜ ’ਤੇ ਨਿਸ਼ਾਨਾ ਸੇਧਦਿਆਂ ਸ਼ਾਹ ਨੇ ਕਿਹਾ, ‘‘ਵੋਟਿੰਗ ਦੇ ਪੰਜ ਪੜਾਅ ਪੂਰੇ ਹੋ ਚੁੱਕੇ ਹਨ। ਇਨ੍ਹਾਂ ਪੰਜ ਪੜਾਵਾਂ ’ਚ ‘ਇੰਡੀਆ’ ਗੱਠਜੋੜ ਦਾ ਸਫਾਇਆ ਹੋ ਗਿਆ ਹੈ ਅਤੇ ਮੋਦੀ ਜੀ ਨੇ 310 ਸੀਟਾਂ ਪਾਰ ਕਰ ਲਈਆਂ ਹਨ। ਇਸ ਵਾਰ ਬੰਗਾਲ ਵਿੱਚ ਵੀ ਭਾਜਪਾ ਨੂੰ 30 ਸੀਟਾਂ ਮਿਲਣਗੀਆਂ।’’
ਭਾਜਪਾ ਆਗੂ ਸੁਭੇਂਦੂ ਅਧਿਕਾਰੀ ਦੀ ਰਿਹਾਇਸ਼ ’ਤੇ ਮਾਰੇ ਗਏ ਛਾਪੇ ਦਾ ਹਵਾਲਾ ਦਿੰਦਿਆਂ ਸ਼ਾਹ ਨੇ ਕਿਹਾ, ‘‘ਟੀਐਮਸੀ ਸੁਭੇਂਦੂ ਅਧਿਕਾਰੀ ਨੂੰ ਜਿੰਨਾ ਜ਼ਿਆਦਾ ਪਰੇਸ਼ਾਨ ਕਰੇਗੀ, ਭਾਜਪਾ ਉਸ ਨੂੰ ਓਨੀ ਜ਼ਿਆਦਾ ਪ੍ਰਮੁੱਖਤਾ ਦੇਵੇਗੀ।’’ ਉਨ੍ਹਾਂ ਕਿਹਾ ਕਿ ਟੀਐੱਮਸੀ ਨੇ ਤੁਸ਼ਟੀਕਰਨ ਦੀ ਸਿਆਸਤ ਕਰ ਕੇ ‘ਮਾਂ ਮਾਟੀ ਮਾਨੁਸ਼’ ਦਾ ਨਾਅਰਾ ‘ਮੁੱਲਾ, ਮਦਰੱਸਾ ਅਤੇ ਮਾਫੀਆ’ ਵਿੱਚ ਬਦਲ ਦਿੱਤਾ ਹੈ। ਸ਼ਾਹ ਨੇ ਕਿਹਾ ਕਿ ‘ਇੰਡੀਆ’ ਗੱਠਜੋੜ ਕੋਲ ਪ੍ਰਧਾਨ ਮੰਤਰੀ ਬਣਨ ਯੋਗ ਕੋਈ ਆਗੂ ਨਹੀਂ ਹੈ। ਉਨ੍ਹਾਂ ਕਿਹਾ ਕਿ ਵਿਰੋਧੀ ਗੱਠਜੋੜ ਦੇ ਆਗੂ ਸਿਰਫ ਆਪਣੇ ਪਰਿਵਾਰਾਂ ਨੂੰ ਅੱਗੇ ਵਧਾਉਣਾ ਚਾਹੁੰਦੇ ਹਨ। ਉਨ੍ਹਾਂ ਕੋਲ ਦੇਸ਼ ਦੀ ਅਗਵਾਈ ਕਰਨ ਲਈ ਨਾ ਤਾਂ ਕੋਈ ਆਗੂ ਹੈ ਅਤੇ ਨਾ ਹੀ ਵਿਕਾਸ ਕਰਨ ਦੀ ਕੋਈ ਇੱਛਾ ਹੈ। -ਪੀਟੀਆਈ
ਸੰਦੇਸ਼ਖਲੀ ਦੇ ਮੁੱਦੇ ’ਤੇ ਵੀ ਮਮਤਾ ਨੂੰ ਘੇਰਿਆ
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸੰਦੇਸ਼ਖਲੀ ਦੇ ਮੁੱਦੇ ’ਤੇ ਕਿਹਾ ਕਿ ਬਹੁਤ ਸ਼ਰਮ ਦੀ ਗੱਲ ਹੈ ਕਿ ਮਮਤਾ ਬੈਨਰਜੀ ਨੇ ਮਹਿਲਾ ਮੁੱਖ ਮੰਤਰੀ ਹੋਣ ਦੇ ਬਾਵਜੂਦ ਮੁਲਜ਼ਮਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਕਿਹਾ, ‘‘ਲੰਮੇ ਸਮੇਂ ਤੋਂ ਧਰਮ ਦੇ ਆਧਾਰ ’ਤੇ ਔਰਤਾਂ ’ਤੇ ਅਪਰਾਧ ਹੁੰਦੇ ਆਏ ਹਨ। ਮੁਲਜ਼ਮਾਂ ਵਿੱਚ ਸ਼ਾਹਜਹਾਂ ਸ਼ੇਖ ਦਾ ਨਾਮ ਸ਼ਾਮਲ ਹੋਣ ਕਰਕੇ ਮਮਤਾ ਮੁਲਜ਼ਮਾਂ ਨੂੰ ਗ੍ਰਿਫਤਾਰ ਕਰਨ ਲਈ ਤਿਆਰ ਨਹੀਂ ਸੀ। ਹਾਈ ਕੋਰਟ ਦੇ ਹੁਕਮਾਂ ਤੋਂ ਬਾਅਦ ਵੀ ਮਾਮਲੇ ਦੀ ਜਾਂਚ ਨਹੀਂ ਕਰਵਾਈ ਗਈ ਅਤੇ ਹੁਣ ਅਦਾਲਤ ਨੇ ਜਾਂਚ ਸੀਬੀਆਈ ਨੂੰ ਸੌਂਪ ਦਿੱਤੀ ਹੈ।’’