For the best experience, open
https://m.punjabitribuneonline.com
on your mobile browser.
Advertisement

ਮਾਲਵਾ ਖੇਤਰ ’ਚ ਕਹਿਰ ਬਣ ਕੇ ਵਰ੍ਹੇ ਗੜੇ ਤੇ ਮੀਂਹ

09:30 AM Mar 03, 2024 IST
ਮਾਲਵਾ ਖੇਤਰ ’ਚ ਕਹਿਰ ਬਣ ਕੇ ਵਰ੍ਹੇ ਗੜੇ ਤੇ ਮੀਂਹ
ਪਿੰਡ ਫਫੜੇ ਭਾਈਕੇ ’ਚ ਨੁਕਸਾਨੀ ਕਣਕ ਦੀ ਫ਼ਸਲ ਦਿਖਾਉਂਦੇ ਹੋਏ ਕਿਸਾਨ। -ਫੋਟੋ:ਮਾਨ
Advertisement

ਸ਼ਗਨ ਕਟਾਰੀਆ
ਬਠਿੰਡਾ, 2 ਮਾਰਚ
ਮਾਲਵਾ ਖੇਤਰ ਵਿੱਚ ਅੱਜ ਹੋਈ ਭਾਰੀ ਗੜੇਮਾਰੀ ਨੇ ਖਾਸਾ ਨੁਕਸਾਨ ਕੀਤਾ ਹੈ। ਇਸ ਖੇਤਰ ਵਿੱਤ ਵੀ ਅੱਜ ਬਾਅਦ ਦੁਪਹਿਰ ਪਏ ਹਲਕੇ ਮੀਂਹ ਦਰਮਿਆਨ ਹੋਈ ਗੜੇਮਾਰੀ ਨਾਲ ਕਾਫੀ ਨੁਕਸਾਨ ਹੋਣ ਦੀਆਂ ਖਬਰਾਂ ਹਨ। ਪੱਛਮੀ ਦਿਸ਼ਾ ’ਚੋਂ ਚੜ੍ਹ ਕੇ ਆਏ ਮੀਂਹ ਤੋਂ ਪਹਿਲਾਂ ਸੂਰਜ ਆਮ ਵਾਂਗ ਜੋਬਨ ’ਤੇ ਚਮਕ ਰਿਹਾ ਸੀ। ਅਜਿਹੇ ’ਚ ਕਿਸੇ ਨੂੰ ਕਿਆਫ਼ਾ ਵੀ ਨਹੀਂ ਸੀ ਕਿ ਮੌਸਮ ਦਾ ਮਿਜ਼ਾਜ ਵਿਗੜ ਕੇ ਨੁਕਸਾਨ ਦਾ ਸਬੱਬ ਬਣੇਗਾ। ਮਾਲਵੇ ਦੇ ਕਈਆਂ ਜ਼ਿਲ੍ਹਿਆਂ ’ਚ ਕੁਦਰਤੀ ਮਾਰ ਪੈਣ ਦੀਆਂ ਖ਼ਬਰਾਂ ਮਿਲੀਆਂ ਹਨ।
ਅਚਾਨਕ ਵਰ੍ਹੇ ਮੀਂਹ ਦੌਰਾਨ ਤੇਜ਼ ਹਵਾਵਾਂ ਅਤੇ ਗੜੇਮਾਰੀ ਕਾਰਨ ਪੱਕਣ ’ਤੇ ਆਈ ਕਣਕ ਤੇ ਸਰ੍ਹੋਂ ਦੀ ਫ਼ਸਲ ਤੋਂ ਇਲਾਵਾ ਹਰਾ ਚਾਰਾ ਧਰਤੀ ’ਤੇ ਵਿਛ ਗਿਆ। ਗੜਿਆਂ ਨਾਲ ਖੁੱਲ੍ਹੇ ਅਸਮਾਨ ਹੇਠਲੇ ਕਈ ਵਾਹਨਾਂ ਦੇ ਸ਼ੀਸ਼ੇ ਟੁੱਟ ਗਏ। ਪਤਾ ਲੱਗਾ ਹੈ ਕਿ ਕਸਬਾ ਭਗਤਾ ਭਾਈ ਕਾ ਵਿੱਚ ਰਾਧਾ ਸੁਆਮੀ ਡੇਰੇ ਅਤੇ ਇਕ ਮਿਸਤਰੀ ਦੀ ਵਰਕਸ਼ਾਪ ਦਾ ਸ਼ੈੱਡ ਤੇਜ਼ ਹਵਾਵਾਂ ਕਾਰਨ ਉੱਖੜ ਗਿਆ। ਸੂਚਨਾ ਮੁਤਾਬਕ ਪਿੰਡ ਮਹਿਮਾ ਸਰਜਾ ’ਚ ਇਕ ਗਰੀਬ ਪਰਿਵਾਰ ਦੀ ਲੜਕੀ ਦੇ ਅੱਜ ਵਿਆਹ ਮੌਕੇ ਬਰਾਤੀਆਂ ਦੀ ਆਓ ਭਗਤ ਲਈ ਕੀਤੇ ਬੰਦੋਬਸਤ ਮੀਂਹ ਦੀ ਭੇਟ ਚੜ੍ਹ ਗਏ। ਦੱਸਣ ਅਨੁਸਾਰ ਗੜਿਆਂ ਕਾਰਨ ਬਰਾਤੀਆਂ ਦੀਆਂ ਕਈ ਗੱਡੀਆਂ ਦੇ ਸ਼ੀਸ਼ੇ ਟੁੱਟ ਗਏ ਅਤੇ ਟੈਂਟ ਪੁੱਟਿਆ ਗਿਆ। ਖੁੱਲ੍ਹੀ ਥਾਂ ਹੇਠਾਂ ਮੌਜੂਦ ਮਨੁੱਖਾਂ ਸਣੇ ਪਸ਼ੂ ਅਤੇ ਜਾਨਵਰ ਵੀ ਕਈ ਥਾਈਂ ਗੜਿਆਂ ਕਾਰਨ ਫੱਟੜ ਹੋ ਗਏ। ਇਸ ਦੌਰਾਨ ਵੱਖ-ਵੱਖ ਕਿਸਾਨ ਜਥੇਬੰਦੀਆਂ ਦੇ ਪ੍ਰਤੀਨਿਧਾਂ ਵੱਲੋਂ ਮੀਂਹ ਨਾਲ ਹੋਏ ਹਰ ਕਿਸਮ ਦੇ ਵਿੱਤੀ ਤੇ ਜਿਸਮਾਨੀ ਨੁਕਸਾਨ ਲਈ ਸਰਕਾਰ ਪਾਸੋਂ ਭਰਪਾਈ ਦੀ ਮੰਗ ਕੀਤੀ ਗਈ ਹੈ।
ਸ੍ਰੀ ਮੁਕਤਸਰ ਸਾਹਿਬ (ਗੁਰਸੇਵਕ ਸਿੰਘ ਪ੍ਰੀਤ): ਤੇਜ਼ ਮੀਂਹ ਤੇ ਹਲਕੀ ਗੜੇਮਾਰੀ ਨੇ ਮੌਸਮ ਦਾ ਮਿਜ਼ਾਜ ਬਦਲ ਦਿੱਤਾ ਹੈ। ਦਿਨ ’ਚ ਦੋ ਵਾਰ ਤੇਜ਼ ਮੀਂਹ ਤੇ ਗੜੇ ਪਏ। ਭਾਵੇਂ ਇਸ ਮੀਂਹ ਨਾਲ ਫਸਲਾਂ ਦਾ ਤਾਂ ਕੋਈ ਨੁਕਸਾਨ ਨਹੀਂ ਹੋਇਆ ਪਰ ਜੇਕਰ ਹੋਰ ਜ਼ਿਆਦਾ ਮੀਂਹ, ਹਨੇਰੀ ਤੇ ਝੱਖੜ ਆਉਂਦਾ ਤਾਂ ਨੁਕਸਾਨ ਹੋ ਸਕਦਾ ਹੈ। ਮੌਸਮ ਦੇ ਬਦਲਾਅ ਨਾਲ ਲੋਕਾਂ ਦਾ ਠੰਢ ਤੋਂ ਵੀ ਖਹਿੜਾ ਛੁੱਟ ਗਿਆ ਹੈ।
ਸਿਰਸਾ (ਪ੍ਰਭੂ ਦਿਆਲ): ਇਥੇ ਅੱਜ ਮੀਂਹ ਨਾਲ ਪਏ ਗੜਿਆਂ ਨਾਲ ਹਾੜੀ ਦੀ ਫ਼ਸਲ ਨੂੰ ਭਾਰੀ ਨੁਕਸਾਨ ਪੁੱਜਾ ਹੈ। ਜ਼ਿਆਦਾ ਨੁਕਸਾਨ ਚੌਪਟਾ ਬਲਾਕ ਦਾ ਹੋਇਆ ਹੈ। ਚੌਪਟਾ ਬਲਾਕ ਦੇ ਇਕ ਦਰਜਨ ਤੋਂ ਜ਼ਿਆਦਾ ਪਿੰਡਾਂ ਵਿੱਚ ਭਾਰੀ ਗੜੇਮਾਰੀ ਹੋਈ ਹੈ। ਜਾਣਕਾਰੀ ਅਨੁਸਾਰ ਰਾਜਸਥਾਨ ਦੀ ਹੱਦ ਨਾਲ ਲੱਗਦੇ ਪੰਤਾਲੀਸਾ ਇਲਾਕੇ ਦੇ ਦਰਜਨ ਤੋਂ ਵੱਧ ਪਿੰਡਾਂ ’ਚ ਅੱਜ ਪਏ ਮੀਂਹ ਅਤੇ ਗੜਿਆਂ ਨਾਲ ਹਾੜੀ ਦੀ ਫਸਲ ਨੂੰ ਭਾਰੀ ਨੁਕਸਾਨ ਪੁੱਜਾ ਹੈ। ਰਾਜਸਥਾਨ ਦੇ ਨਾਲ ਲੱਗਦੇ ਪਿੰਡ ਖੇੜੀ, ਗੁਸਾਈਆਣਾ, ਕਾਗਦਾਣਾ, ਜੋਗੀਵਾਲਾ, ਰਾਮਪੁਰਾ, ਗਿਗੋਰਾਣੀ, ਸ਼ਾਹਪੁਰੀਆ, ਸ਼ੱਕਰ ਮੰਦੋਰੀ, ਰੁਪਾਣਾ, ਨਹਿਰਾਣਾ ਆਦਿ ਸਮੇਤ ਕਈ ਪਿੰਡਾਂ ਵਿੱਚ ਮੀਂਹ ਦੇ ਨਾਲ-ਨਾਲ ਗੜ੍ਹੇ ਪਏ, ਜਿਸ ਕਾਰਨ ਸਰ੍ਹੋਂ, ਕਣਕ ਅਤੇ ਛੋਲਿਆਂ ਦੀ ਫ਼ਸਲ ਦਾ ਨੁਕਸਾਨ ਹੋਇਆ ਹੈ।
ਨਥਾਣਾ (ਭਗਵਾਨ ਦਾਸ ਗਰਗ): ਇਸ ਖੇਤਰ ਦੇ ਪਿੰਡਾਂ ਵਿੱਚ ਹੋਈ ਬਰਸਾਤ ਅਤੇ ਗੜੇਮਾਰੀ ਕਾਰਨ ਕਿਸਾਨਾਂ ਦੇ ਚਿਹਰਿਆਂ ’ਤੇ ਇੱਕ ਵਾਰ ਫਿਰ ਮਾਯੂਸੀ ਛਾ ਗਈ ਹੈ। ਜਾਣਕਾਰੀ ਮੁਤਾਬਕ ਇਸ ਸਮੇਂ ਕਣਕ, ਸਰ੍ਹੋਂ ਅਤੇ ਛੋਲਿਆਂ ਦੀ ਫ਼ਸਲ ਪੱਕਣ ਦੇ ਨੇੜੇ ਹੈ ਅਤੇੇ ਗੜੇਮਾਰੀ ਨਾਲ ਫ਼ਸਲ ਦਾ ਨੁਕਸਾਨ ਹੋਣ ਦਾ ਖਦਸ਼ਾ ਹੈ। ਪਿੰਡ ਕਲਿਆਣ ਸੁੱਖਾ ਅਤੇ ਨਥਾਣਾ ਜੰਡਾਵਾਲਾ ਰੋਡ ’ਤੇ ਭਾਰੀ ਗੜੇਮਾਰੀ ਹੋਈ। ਇਸ ਗੜੇਮਾਰੀ ਕਾਰਨ ਸਬਜ਼ੀਆਂ ਵਾਲੇ ਖੇਤਾਂ ਦਾ ਵੀ ਕਾਫੀ ਨੁਕਸਾਨ ਹੋਇਆ ਹੈ।
ਲੰਬੀ (ਇਕਬਾਲ ਸਿੰਘ ਸ਼ਾਂਤ): ਮੀਂਹ ਅਤੇ ਗੜੇਮਾਰੀ ਨਾਲ ਪਿੰਡਾਂ ਵਿੱਚ ਕਣਕ ਦੀ ਖੜ੍ਹਾ ਫਸਲ ਨੁਕਸਾਨੀ ਗਈ ਹੈ। ਗੜੇਮਾਰੀ ਨੇ ਬਾਦਲ, ਗੱਗੜ, ਮਿੱਠੜੀ, ਖਿਓਵਾਲੀ, ਚਨੂੰ, ਲਾਲਬਾਈ, ਲੰਬੀ ਅਤੇ ਪੰਜਾਵਾ ਸਣੇ ਹੋਰਨਾਂ ਪਿੰਡਾਂ ਵਿੱਚ ਮੁੱਢਲੇ ਤੌਰ ’ਤੇ 15 ਤੋਂ 20 ਫੀਸਦ ਕਣਕ ਦੀ ਫਸਲ ਦਾ ਨੁਕਸਾਨ ਹੋਣ ਦਾ ਅਨੁਮਾਨ ਹੈ। ਕਿਸਾਨਾਂ ਨੇ ਮੁਆਵਜ਼ੇ ਦੀ ਮੰਗ ਕੀਤੀ ਹੈ। ਖੇਤੀਬਾੜੀ ਬਲਾਕ ਲੰਬੀ ਦੇ ਏਡੀਏ ਸੁਖਚੈਨ ਸਿੰਘ ਨੇ ਕਿਹਾ ਕਿ ਪਿੰਡਾਂ ’ਚੋਂ ਗੜੇਮਾਰੀ ਸਬੰਧੀ ਰਿਪੋਰਟ ਲੈ ਕੇ ਸਰਕਾਰ ਨੂੰ ਭੇਜੀ ਜਾਵੇਗੀ।

Advertisement

ਮੀਂਹ ਤੇ ਗੜੇਮਾਰੀ ਤੋਂ ਘਬਰਾਏ ਕਿਸਾਨ

ਮਾਨਸਾ (ਜੋਗਿੰਦਰ ਸਿੰਘ ਮਾਨ): ਮਾਲਵਾ ਪੱਟੀ ਵਿਚ ਮੀਂਹ ਪੈਣ, ਤੇਜ਼ ਹਵਾਵਾਂ ਚੱਲਣ ਅਤੇ ਗੜੇਮਾਰੀ ਨਾਲ ਸੈਂਕੜੇ ਏਕੜ ਕਣਕ ਦੀ ਫ਼ਸਲ ਵਿੱਛ ਗਈ ਹੈ। ਇਸ ਕਣਕ ਦੇ ਮੁੜ ਖੜ੍ਹੇ ਹੋਣ ਦੀ ਘੱਟ ਹੀ ਉਮੀਦ ਵਿਖਾਈ ਦਿੰਦੀ ਹੈ, ਜਿਸ ਕਰ ਕੇ ਕਣਕ ਦਾ ਝਾੜ ਘੱਟਣ ਦਾ ਖਦਸ਼ਾ ਖੜ੍ਹਾ ਹੋ ਸਕਦਾ ਹੈ। ਉਧਰ ਮੌਸਮ ਮਹਿਕਮੇ ਵਲੋਂ ਅਗਲੇ 24 ਘੰਟੇ ਅਜਿਹਾ ਹੀ ਮੌਸਮ ਬਣੇ ਰਹਿਣ ਦੀ ਦਿੱਤੀ ਚਿਤਾਵਨੀ ਤੋਂ ਕਿਸਾਨ ਘਬਰਾ ਗਏ ਹਨ। ਬੀਤੀ ਰਾਤ ਤੋਂ ਮੌਸਮ ਵਿੱਚ ਆਈ ਤਬਦੀਲੀ ਕਾਰਨ ਇਹ ਮੀਂਹ ਉਸ ਵੇਲੇ ਕਿਸਾਨੀ ਲਈ ਸਿਰਦਰਦੀ ਬਣਨ ਲੱਗਿਆ, ਜਦੋਂ ਕੁੱਝ ਇਲਾਕਿਆਂ ਵਿਚ ਮੀਂਹ ਤੇ ਤੇਜ਼ ਹਵਾ ਦੇ ਨਾਲ ਗੜੇਮਾਰੀ ਸ਼ੁਰੂ ਹੋ ਗਈ। ਇਸ ਤੇਜ਼ ਹਵਾ ਤੇ ਗੜੇਮਾਰੀ ਨਾਲ ਪੱਕ ਕੇ ਤਿਆਰ ਹੋਣ ਵਾਲੀ ਕਣਕ ਦੀਆਂ ਬੱਲੀਆਂ ਖੇਤਾਂ ’ਚ ਵਿੱਛ ਗਈਆਂ। ਜਿਹੜੀਆਂ ਕਣਕਾਂ ਨੂੰ ਤਾਜ਼ਾ ਨਹਿਰੀ ਜਾਂ ਟਿਊਬਵੈੱਲਾਂ ਦਾ ਪਾਣੀ ਲੱਗਿਆ ਸੀ, ਉਹ ਬਿਲਕੁਲ ਜ਼ਮੀਨ ’ਤੇ ਡਿੱਗ ਗਈਆਂ ਹਨ ਕਿਉਂਕਿ ਉਸ ਫਸਲ ਦੀਆਂ ਜੜ੍ਹਾਂ ਪੋਲੀਆਂ ਹੋ ਗਈਆਂ ਸਨ। ਖੇਤੀਬਾੜੀ ਵਿਭਾਗ ਦੇ ਵਿਕਾਸ ਅਫ਼ਸਰ ਡਾ. ਮਨੋਜ਼ ਕੁਮਾਰ ਨੇ ਕਿਸਾਨਾਂ ਨੂੰ ਸਲਾਹ ਦਿੱਤੀ ਕਿ ਉਹ ਕਣਕ ਦੀ ਫ਼ਸਲ ਨੂੰ ਅਗਲੇ ਹਫ਼ਤੇ ਤੱਕ ਪਾਣੀ ਦੇਣ ਤੋਂ ਗੁਰੇਜ਼ ਕਰਨ।

ਗੋਨਿਆਣਾ ਤੇ ਬੱਲੂਆਣਾ ਦੇ ਪਿੰਡਾਂ ਵਿੱਚ ਭਾਰੀ ਗੜੇਮਾਰੀ

ਬਠਿੰਡਾ (ਮਨੋਜ ਸ਼ਰਮਾ): ਮਾਰਚ ਮਹੀਨੇ ਦੀ ਸ਼ੁਰੂਆਤ ਵਿੱਚ ਪਏ ਬੇਮੌਸਮੀ ਮੀਂਹ ਨੇ ਕਿਸਾਨਾਂ ਨੂੰ ਕੱਖੋਂ ਹੋਲੇ ਕਰ ਦਿੱਤਾ ਹੈ। ਅੱਜ ਬਾਅਦ ਦੁਪਹਿਰ ਬਠਿੰਡਾ ਦਿਹਾਤੀ ਖੇਤਰ ਵਿੱਚ ਪੈਂਦੇ ਗੋਨਿਆਣਾ ਅਤੇ ਬੱਲੂਆਣਾ ਬਲਾਕ ਦੇ ਪਿੰਡਾਂ ਵਿੱਚ ਭਾਰੀ ਗੜੇਮਾਰੀ ਹੋਣ ਕਾਰਨ ਫਸਲਾਂ ਦਾ ਭਾਰੀ ਨੁਕਸਾਨ ਹੋਣ ਦਾ ਸਮਾਚਾਰ ਹੈ। ਬਠਿੰਡਾ ਦੇ ਦਰਜਨਾਂ ਪਿੰਡ ਗੜੇਮਾਰੀ ਤੋਂ ਪ੍ਰਭਾਵਿਤ ਹੋਏ ਹਨ। ਵੇਰਵਿਆਂ ਮੁਤਾਬਕ ਇਸ ਬੇਮੌਸਮੀ ਬਾਰਿਸ਼ ਕਾਰਨ ਗੋਨਿਆਣਾ ਮੰਡੀ ਦੇ ਥਲੜੇ ਪਿੰਡ ਮਹਿਮਾ ਸਰਜਾ, ਮਹਿਮਾ ਸਰਕਾਰੀ, ਮਹਿਮਾ ਸਵਾਈ ਮਹਿਮਾ, ਬੁਰਜ ਮਹਿਮਾ, ਕਿੱਲੀ ਨਿਹਾਲ ਸਿੰਘ ਵਾਲਾ, ਮਹਿਮਾ ਭਗਵਾਨਾ, ਦਾਨ ਸਿੰਘ ਵਾਲਾ, ਗੰਗਾ ਅਬਲੂ, ਵਿਰਕ ਕਲਾ, ਬੱਲੂਆਣੇ ਚੁੱਘੇ ਕਲਾਂ, ਕਰਮਗੜ੍ਹ, ਸਰਦਾਰਗੜ੍ਹ ਆਦਿ ਪਿੰਡਾਂ ਵਿੱਚ ਭਾਰੀ ਗੜੇਮਾਰੀ ਹੋਣ ਕਾਰਨ ਕਿਸਾਨਾਂ ਦੀ ਫਸਲ ਦਾ ਭਾਰੀ ਨੁਕਸਾਨ ਹੋਣ ਦੀ ਖਬਰ ਹੈ। ਪੰਜਾਬ ਹਿੰਦ ਕਿਸਾਨ ਸਭਾ ਦੇ ਸੂਬਾ ਪ੍ਰਧਾਨ ਕਾਮਰੇਡ ਬਲਕਰਨ ਸਿੰਘ ਬਰਾੜ ਅਤੇ ਬੀਕੇਯੂ ਰਾਜੇਵਾਲ ਦੇ ਜ਼ਿਲ੍ਹਾ ਪ੍ਰਧਾਨ ਗੁਰਮੇਲ ਸਿੰਘ ਨੇ ਪੰਜਾਬ ਸਰਕਾਰ ਤੋਂ ਵਿਸ਼ੇਸ਼ ਗਿਰਦਾਵਰੀ ਕਰਵਾਉਣ ਦੀ ਮੰਗ ਕੀਤੀ ਹੈ।

ਝੱਖੜ ਕਾਰਨ ਮਜ਼ਦੂਰ ਦੀ ਮੌਤ; 9 ਜ਼ਖ਼ਮੀ

ਭਗਤਾ ਭਾਈ (ਰਾਜਿੰਦਰ ਸਿੰਘ ਮਰਾਹੜ): ਭਗਤਾ ਭਾਈ ਇਲਾਕੇ ਵਿਚ ਅੱਜ ਸ਼ਾਮ ਆਏ ਭਾਰੀ ਝੱਖੜ ਕਾਰਨ ਇਕ ਮਜ਼ਦੂਰ ਦੀ ਮੌਤ ਹੋ ਗਈ, ਜਦੋਂਕਿ 9 ਵਿਅਕਤੀ ਜ਼ਖ਼ਮੀ ਹੋ ਗਏ। ਝੱਖੜ ਅਤੇ ਭਾਰੀ ਗੜੇਮਾਰੀ ਨੇ ਇਮਾਰਤਾਂ ਅਤੇ ਫਸਲਾਂ ਦਾ ਭਾਰੀ ਨੁਕਸਾਨ ਕੀਤਾ ਹੈ। ਜਾਣਕਾਰੀ ਅਨੁਸਾਰ ਅੱਜ ਆਏ ਝੱਖੜ ਕਾਰਨ ਇਥੋਂ ਦੇ ਇੱਕ ਸ਼ੈਲਰ ਦੀ ਇਮਾਰਤ ਡਿੱਗ ਗਈ, ਜਿਸ ਦੀ ਲਪੇਟ ’ਚ ਆ ਕੇ ਇੱਕ ਪਰਵਾਸੀ ਮਜ਼ਦੂਰ ਦੀ ਮੌਤ ਹੋ ਗਈ ਤੇ ਚਾਰ ਜਣੇ ਜ਼ਖ਼ਮੀ ਹੋ ਗਏ। ਭਾਰੀ ਝੱਖੜ ਨੇ ਭਗਤਾ ਭਾਈ ਦੇ ਹਮੀਰਗੜ੍ਹ ਰੋਡ ’ਤੇ ਸਥਿਤ ਡੇਰਾ ਰਾਧਾ ਸੁਆਮੀ ਬਿਆਸ ਦੇ ਸਤਿਸੰਗ ਘਰ ਦਾ ਵੀ ਭਾਰੀ ਨੁਕਸਾਨ ਕੀਤਾ, ਜਿੱਥੇ ਸੇਵਾ ਕਰਨ ਆਏ ਪੰਜ ਸ਼ਰਧਾਲੂ ਵੀ ਜ਼ਖ਼ਮੀ ਹੋ ਗਏ। ਉਨ੍ਹਾਂ ਨੂੰ ਇਲਾਜ ਲਈ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ। ਇਲਾਕੇ ਵਿਚ ਹੋਏ ਨੁਕਸਾਨ ਦੀ ਖ਼ਬਰ ਮਿਲਦੇ ਹੀ ਹਲਕਾ ਵਿਧਾਇਕ ਬਲਕਾਰ ਸਿੰਘ ਸਿੱਧੂ ਮੌਕੇ ’ਤੇ ਪਹੁੰਚੇ ਅਤੇ ਹਾਲਤਾਂ ਦਾ ਜਾਇਜ਼ਾ ਲਿਆ। ਉਨ੍ਹਾਂ ਭਰੋਸਾ ਦਿਵਾਇਆ ਕਿ ਪੰਜਾਬ ਸਰਕਾਰ ਹੋਏ ਨੁਕਸਾਨ ਦਾ ਜਾਇਜ਼ਾ ਲੈਣ ਉਪਰੰਤ ਪੀੜਤਾਂ ਦੀ ਮਾਲੀ ਮੱਦਦ ਕਰੇਗੀ।

Advertisement
Author Image

Advertisement
Advertisement
×