ਮਾਲਵਿੰਦਰ ਸਿੰਘ ਮਾਲੀ ਜ਼ਮਾਨਤ ਉਤੇ ਜੇਲ੍ਹ ਤੋਂ ਰਿਹਾਅ
ਸਰਬਜੀਤ ਸਿੰਘ ਭੰਗੂ
ਪਟਿਆਲਾ, 30 ਅਕਤੂਬਰ
ਰਾਜਸੀ ਵਿਸ਼ਲੇਸ਼ਕ ਮਾਲਵਿੰਦਰ ਸਿੰਘ ਮਾਲੀ ਨੂੰ ਬੁੱਧਵਾਰ ਸ਼ਾਮ ਅਦਾਲਤ ਦੇ ਆਦੇਸ਼ਾਂ ਤਹਿਤ ਕੇਂਦਰੀ ਜੇਲ ਪਟਿਆਲਾ ਵਿੱਚੋਂ ਜ਼ਮਾਨਤ ’ਤੇ ਰਿਹਾਅ ਕਰ ਦਿੱਤਾ ਗਿਆ ਹੈ। ਅੱਜ ਪੂਰੇ ਪੰਜ ਵਜੇ ਜਿਉਂ ਹੀ ਮਾਲੀ ਜੇਲ੍ਹ ਵਿੱਚੋਂ ਬਾਹਰ ਆਏ ਤਾਂ ਕਿਸਾਨ ਆਗੂ ਡਾਕਟਰ ਦਰਸ਼ਨ ਪਾਲ, ਉਨ੍ਹਾਂ ਦੇ ਭਰਾ ਰਣਜੀਤ ਸਿੰਘ ਗਰੇਵਾਲ ਸਮੇਤ ਕਈ ਹੋਰ ਕਿਸਾਨ ਆਗੂਆਂ ਤੇ ਜਮਹੂਰੀ ਅਧਿਕਾਰ ਸਭਾ ਦੇ ਕਾਰਕੁਨਾਂ ਨੇ ਮਾਲੀ ਦਾ ਨਿੱਘਾ ਸਵਾਗਤ ਕੀਤਾ। ਇਸ ਮੌਕੇ ਮਾਲੀ ਨੇ ਕਿਹਾ ਕਿ ਉਹ ‘ਸਰਕਾਰੀ ਜਬਰ’ ਤੋਂ ਘਬਰਾਉਣ ਵਾਲੇ ਨਹੀਂ ਹਨ ਅਤੇ ਇਸ ਖ਼ਿਲਾਫ਼ ਡਟ ਕੇ ਲੜਦੇ ਰਹਿਣਗੇ।
ਗ਼ੌਰਤਲਬ ਹੈ ਕਿ ਮਾਲੀ ਖ਼ਿਲਾਫ਼ ਪੰਜਾਬ ਪੁਲੀਸ ਵੱਲੋਂ ਮੁਹਾਲੀ ਵਿਖੇ ਦਰਜ ਕੇਸ ਨੂੰ ਖਾਰਜ ਕਰਾਉਣ ਲਈ ਉਨ੍ਹਾਂ ਦੇ ਭਰਾ ਰਣਜੀਤ ਸਿੰਘ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ (Punjab and Haryana High Court) ਵਿੱਚ ਰਿਟ ਪਟੀਸ਼ਨ ਦਾਇਰ ਕੀਤੀ ਸੀ। ਇਸ ਦੀ ਸੁਣਵਾਈ ਕਰਦਿਆਂ 29 ਅਕਤੂਬਰ ਨੂੰ ਹਾਈ ਕੋਰਟ ਨੇ ਮਾਲੀ ਨੂੰ ਜ਼ਮਾਨਤ ’ਤੇ ਰਿਹਾਅ ਕਰਨ ਦੀ ਹਦਾਇਤ ਦਿੱਤੀ ਸੀ।
ਹਾਈ ਕੋਰਟ ਦੇ ਇਨ੍ਹਾਂ ਹੁਕਮਾਂ ਦੇ ਮੱਦੇਨਜ਼ਰ ਹੀ ਅੱਜ ਸਬੰਧਤ ਅਦਾਲਤ ਵੱਲੋਂ ਉਨ੍ਹਾਂ ਨੂੰ ਰਿਹਾਅ ਕਰਨ ਸਬੰਧੀ ਹੁਕਮ ਜਾਰੀ ਕਰ ਦਿੱਤੇ ਗਏ। ਰਿਹਾਈ ਦੇ ਹੁਕਮ ਪਟਿਆਲਾ ਜੇਲ੍ਹ ਪ੍ਰਸ਼ਾਸਨ ਕੋਲੋਂ ਪੁੱਜਣ ਅਤੇ ਇਸ ਸਬੰਧੀ ਬਣਦੀ ਕਾਰਵਾਈ ਕਰਨ ਤੋਂ ਬਾਅਦ ਜੇਲ੍ਹ ਅਧਿਕਾਰੀਆਂ ਨੇ ਮਾਲੀ ਨੂੰ ਪੂਰੇ 5 ਵਜੇ ਰਿਹਾਅ ਕਰ ਦਿੱਤਾ।