For the best experience, open
https://m.punjabitribuneonline.com
on your mobile browser.
Advertisement

ਮਲੂਕਾ ਦੀ ਨੂੰਹ ਨੂੰ ਕਿਸਾਨਾਂ ਨੇ ਭਾਜਪਾ ਦਫ਼ਤਰ ’ਚ ਘੇਰਿਆ

07:14 AM Apr 20, 2024 IST
ਮਲੂਕਾ ਦੀ ਨੂੰਹ ਨੂੰ ਕਿਸਾਨਾਂ ਨੇ ਭਾਜਪਾ ਦਫ਼ਤਰ ’ਚ ਘੇਰਿਆ
ਭਾਜਪਾ ਦਫ਼ਤਰ ਨੇੜੇ ਪਰਮਪਾਲ ਕੌਰ ਦਾ ਵਿਰੋਧ ਕਰਦੇ ਹੋਏ ਕਿਸਾਨ। -ਫੋਟੋ: ਸੁਰੇਸ਼
Advertisement

ਜੋਗਿੰਦਰ ਸਿੰਘ ਮਾਨ
ਮਾਨਸਾ, 19 ਅਪਰੈਲ
ਬਠਿੰਡਾ ਲੋਕ ਸਭਾ ਹਲਕੇ ਤੋਂ ਭਾਜਪਾ ਉਮੀਦਵਾਰ ਪਰਮਪਾਲ ਕੌਰ ਮਲੂਕਾ ਦਾ ਅੱਜ ਮਾਨਸਾ ਸ਼ਹਿਰ ਵਿੱਚ ਕਈ ਥਾਵਾਂ ’ਤੇ ਵੱਖ-ਵੱਖ ਕਿਸਾਨ ਜਥੇਬੰਦੀਆਂ ਦੀ ਅਗਵਾਈ ਹੇਠ ਘਿਰਾਓ ਕੀਤਾ ਗਿਆ। ਪੁਲੀਸ ਦੇ ਸਖ਼ਤ ਸੁਰੱਖਿਆ ਪ੍ਰਬੰਧਾਂ ਦੇ ਬਾਵਜੂਦ ਕਿਸਾਨ ਭਾਜਪਾ ਉਮੀਦਵਾਰ ਅਤੇ ਹੋਰ ਆਗੂਆਂ ਦਾ ਘਿਰਾਓ ਕਰਨ ਵਿੱਚ ਸਫ਼ਲ ਰਹੇ। ਕਿਸਾਨਾਂ ਨੇ ਭਾਜਪਾ ਦੇ ਜ਼ਿਲ੍ਹਾ ਪੱਧਰੀ ਦਫ਼ਤਰ ਮੂਹਰੇ ਧਰਨਾ ਲਾ ਕੇ ਲੰਬਾ ਸਮਾਂ ਪਾਰਟੀ ਉਮੀਦਵਾਰ ਨੂੰ ਅੰਦਰ ਤਾੜੀ ਰੱਖਿਆ। ਬਾਅਦ ਵਿੱਚ ਦਫ਼ਤਰ ਦੇ ਪਿਛਲੇ ਪਾਸੇ ਦੀ ਚੋਰ ਮੋਰੀ ਰਾਹੀਂ ਪੁਲੀਸ ਦੇ ਅਧਿਕਾਰੀ ਭਾਜਪਾ ਆਗੂਆਂ ਨੂੰ ਕੱਢਣ ਵਿੱਚ ਸਫ਼ਲ ਰਹੇ।
ਭਾਜਪਾ ਉਮੀਦਵਾਰ ਜਿਵੇਂ ਹੀ ਪਾਰਟੀ ਦਫ਼ਤਰ ਪੁੱਜੀ ਤਾਂ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਦੇ ਜ਼ਿਲ੍ਹਾ ਪ੍ਰਧਾਨ ਰਾਮ ਸਿੰਘ ਭੈਣੀਬਾਘਾ ਦੀ ਅਗਵਾਈ ਹੇਠ ਕਿਸਾਨਾਂ ਨੇ ਦਫ਼ਤਰ ਨੂੰ ਦੋਵੇਂ ਪਾਸਿਆਂ ਤੋਂ ਘੇਰ ਲਿਆ। ਕਿਸਾਨਾਂ ਨੇ ਜ਼ੋਰਦਾਰ ਨਾਅਰੇਬਾਜ਼ੀ ਕਰਕੇ ਭਾਜਪਾ ਦੇ ਸਮਾਗਮ ਵਿੱਚ ਖਲਲ ਪਾਈ ਰੱਖਿਆ।
ਅਨਾਜ ਮੰਡੀ ਨੇੜੇ ਭਾਜਪਾ ਵੱਲੋਂ ਬਣਾਏ ਜ਼ਿਲ੍ਹਾ ਪੱਧਰੀ ਦਫ਼ਤਰ ਵਿੱਚ ਜਿਉਂ ਹੀ ਪਰਮਪਾਲ ਕੌਰ ਦੇ ਪਹੁੰਚਣ ਦਾ ਜਿਉਂ ਹੀ ਯੂਨੀਅਨ ਆਗੂਆਂ ਨੂੰ ਪਤਾ ਚੱਲਿਆ ਤਾਂ ਉਹ ਵੱਡੀ ਗਿਣਤੀ ਵਿੱਚ ਆਪਣੇ ਵਰਕਰਾਂ ਨੂੰ ਲੈਕੇ ਉਥੇ ਪੁੱਜੇ ਗਏ ਅਤੇ ਪੁਲੀਸ ਨੂੰ ਹੱਥਾਂ-ਪੈਰਾਂ ਦੀ ਪੈ ਗਈ। ਕਿਸਾਨਾਂ ਦੀ ਵੱਡੀ ਗਿਣਤੀ ਵੇਖ ਕੇ ਪੁਲੀਸ ਨੇ ਹੋਰ ਫੋਰਸ ਮੰਗਵਾਈ ਪਰ ਉਹ ਕਿਸਾਨਾਂ ਦੇ ਘਿਰਾਓ ਨੂੰ ਟਾਲਣ ਵਿੱਚ ਕਾਮਯਾਬ ਨਹੀਂ ਹੋ ਸਕੇ। ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਰਾਮ ਸਿੰਘ ਭੈਣੀਬਾਘਾ ਨੇ ਕਿਹਾ ਕਿ ਸੰਯੁਕਤ ਕਿਸਾਨ ਮੋਰਚੇ ਦੇ ਫੈਸਲੇ ਅਨੁਸਾਰ ਬੀਜੇਪੀ ਦੇ ਲੀਡਰਾਂ ਨੂੰ ਪਿੰਡਾਂ ਵਿੱਚ ਵੜਨ ਨਹੀਂ ਦਿੱਤਾ ਜਾਵੇਗਾ ਅਤੇ ਉਨ੍ਹਾਂ ਨੂੰ ਘੇਰ ਕੇ ਸਵਾਲ ਪੁੱਛੇ ਜਾਣਗੇ। ਇਸ ਮੌਕੇ ਇੰਦਰਜੀਤ ਸਿੰਘ ਝੱਬਰ, ਭੋਲਾ ਸਿੰਘ ਮਾਖਾ, ਉੱਤਮ ਸਿੰਘ ਰਾਮਾਨੰਦੀ, ਜਗਸੀਰ ਸਿੰਘ ਜਵਾਹਰਕੇ, ਕੁਲਦੀਪ ਸਿੰਘ ਚਚੋਹਰ, ਹਰਪਾਲ ਸਿੰਘ ਮੀਰਪੁਰ ਕਲਾਂ ਨੇ ਵੀ ਸੰਬੋਧਨ ਕੀਤਾ। ਉਧਰ ਪਰਮਪਾਲ ਕੌਰ ਦਾ ਭਾਰਤੀ ਕਿਸਾਨ ਯੂਨੀਅਨ (ਏਕਤਾ ਡਕੌਂਦਾ) ਸਮੇਤ ਪੰਜਾਬ ਕਿਸਾਨ ਯੂਨੀਅਨ ਅਤੇ ਹੋਰ ਕਿਸਾਨ ਜਥੇਬੰਦੀਆਂ ਨੇ ਬੱਸ ਸਟੈਂਡ ਨੇੜੇ ਵੀ ਜ਼ਬਰਦਸਤ ਘਿਰਾਓ ਕੀਤਾ ਗਿਆ, ਜਿਸ ਦੌਰਾਨ ਪੁਲੀਸ ਨਾਲ ਹੋਈ ਧੱਕਾ-ਮੁੱਕੀ ’ਚ ਕਿਸਾਨ ਆਗੂ ਕਰਨੈਲ ਸਿੰਘ ਮਾਮੂਲੀ ਜ਼ਖ਼ਮੀ ਹੋ ਗਏ। ਇਸ ਘਿਰਾਓ ਦੀ ਅਗਵਾਈ ਮਹਿੰਦਰ ਸਿੰਘ ਭੈਣੀਬਾਘਾ, ਨਿਰਮਲ ਸਿੰਘ ਝੰਡੂਕੇ, ਬਲਵਿੰਦਰ ਸ਼ਰਮਾ, ਮੇਜਰ ਸਿੰਘ ਦੂਲੋਵਾਲ ਵੱਲੋਂ ਕੀਤੀ ਗਈ।

Advertisement

ਮੈਂ ਕਦੇ ਵੀ ਅਕਾਲੀ ਦਲ ਦਾ ਹਿੱਸਾ ਨਹੀਂ ਰਹੀ: ਪਰਮਪਾਲ ਕੌਰ

ਮਾਨਸਾ (ਪੱਤਰ ਪ੍ਰੇਰਕ): ਬਠਿੰਡਾ ਤੋਂ ਭਾਜਪਾ ਉਮੀਦਵਾਰ ਪਰਮਪਾਲ ਕੌਰ ਮਲੂਕਾ ਨੇ ਕਿਹਾ ਕਿ ਉਹ ਕਦੇ ਵੀ ਸ਼੍ਰੋਮਣੀ ਅਕਾਲੀ ਦਲ ਦਾ ਹਿੱਸਾ ਨਹੀਂ ਰਹੀ। ਉਨ੍ਹਾਂ ਕਿਹਾ ਕਿ ਅਕਾਲੀ ਦਲ ਦੀ ਸਰਕਾਰ ਸਮੇਂ ਪੰਜਾਬ ਵਿੱਚ ਅਫ਼ਸਰ ਵਜੋਂ ਬਠਿੰਡਾ ਤੇ ਮਾਨਸਾ ਜ਼ਿਲ੍ਹਿਆਂ ਵਿੱਚ ਉਹ ਵੱਖ-ਵੱਖ ਥਾਵਾਂ ’ਤੇ ਤਾਇਨਾਤ ਰਹੇ ਸਨ। ਉਨ੍ਹਾਂ ਕਿਹਾ ਕਿ ਹਰਸਿਮਰਤ ਕੌਰ ਬਾਦਲ ਵੱਲੋਂ ਉਨ੍ਹਾਂ ਨੂੰ ਅਕਾਲੀ ਦਲ ਦਾ ਹਿੱਸਾ ਹੋਣ ਸਬੰਧੀ ਜੋ ਦਾਅਵਾ ਕੀਤਾ ਜਾ ਰਿਹਾ ਹੈ, ਉਹ ਬਿਲਕੁਲ ਗਲਤ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪਰਮਪਾਲ ਕੌਰ ਨੇ ਕਿਹਾ ਕਿ ਉਹ ਅਕਾਲੀ ਦਲ ਦੇ ਸੀਨੀਅਰ ਆਗੂ ਸਿਕੰਦਰ ਸਿੰਘ ਮਲੂਕਾ ਦੀ ਨੂੰਹ ਹਨ ਅਤੇ ਪਤੀ ਗੁਰਪ੍ਰੀਤ ਸਿੰਘ ਮਲੂਕਾ ਵੀ ਅਕਾਲੀ ਦਲ ਨਾਲ ਜੁੜੇ ਰਹੇ ਪਰ ਉਨ੍ਹਾਂ ਨੇ ਕਦੇ ਵੀ ਪਾਰਟੀ ਨਾਲ ਰਾਜਸੀ ਤੌਰ ’ਤੇ ਕੋਈ ਸਾਂਝ ਅੱਜ ਤੱਕ ਨਹੀਂ ਪਾਈ ਹੈ। ਉਨ੍ਹਾਂ ਦਾਅਵਾ ਕੀਤਾ ਕਿ ਭਾਜਪਾ ਦੀ ਵੱਡੀ ਜਿੱਤ ਹੋਵੇਗੀ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਭਾਜਪਾ ਦੇ ਉਮੀਦਵਾਰਾਂ ਦਾ ਕਿਸਾਨ ਵਿਰੋਧ ਨਹੀਂ ਕਰ ਰਹੇ ਹਨ ਸਗੋਂ ਉਨ੍ਹਾਂ ਦੀਆਂ ਕੁਝ ਮੰਗਾਂ ਹਨ ਅਤੇ ਜਦੋਂ ਉਹ ਕੇਂਦਰ ਵਿੱਚ ਸਰਕਾਰ ਦਾ ਹਿੱਸਾ ਬਣੇ ਤਾਂ ਉਹ ਕਿਸਾਨਾਂ ਦੀਆਂ ਮੰਗਾਂ ਸਰਕਾਰ ਕੋਲ ਰੱਖ ਕੇ ਇਸ ਨੂੰ ਪਹਿਲ ਦੇ ਆਧਾਰ ਤੇ ਹੱਲ ਕਰਵਾਉਣ ਦੀ ਕੋਸ਼ਿਸ਼ ਕਰਨਗੇ।

Advertisement
Author Image

sukhwinder singh

View all posts

Advertisement
Advertisement
×