ਓਪਨ ਕਬੱਡੀ ਵਿੱਚ ਮਲਸੀਆਂ ਕੈਂਪ ਦੀ ਟੀਮ ਜੇਤੂ
ਪੱਤਰ ਪ੍ਰੇਰਕ
ਸ਼ਾਹਕੋਟ, 23 ਜੁਲਾਈ
ਸ਼ਹੀਦ ਊਧਮ ਸਿੰਘ ਸਪੋਰਟਸ ਕਲੱਬ ਨਿਮਾਜੀਪੁਰ ਵੱਲੋਂ ਸ਼ਹੀਦ ਊਧਮ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਕਰਵਾਇਆ ਕਬੱਡੀ ਟੂਰਨਾਮੈਂਟ ਸ਼ਾਨੋ-ਸੌਕਤ ਨਾਲ ਸਮਾਪਤ ਹੋ ਗਿਆ। ਟੂਰਨਾਮੈਂਟ ਵਿੱਚ 10 ਕਲੱਬਾਂ ਦੀਆਂ ਟੀਮਾਂ ਨੇ ਹਿੱਸਾ ਲਿਆ। ਕਬੱਡੀ ਓਪਨ ਦੇ ਫਸਵੇਂ ਮੁਕਾਬਲੇ ’ਚ ਮਲਸੀਆ ਕਬੱਡੀ ਕੈਂਪ ਦੀ ਟੀਮ ਨੇ ਪਹਿਲਾ ਤੇ ਨੰਗਲ ਅੰਬੀਆਂ ਦੀ ਟੀਮ ਨੇ ਦੂਜਾ ਇਨਾਮ ਜਿੱਤਿਆ। 65 ਕਿੱਲੋ ਵਰਗ ਭਾਰ ਵਿੱਚ ਭੇਟਾ (ਕਪੂਰਥਲਾ) ਨੇ ਪਹਿਲਾ ਤੇ ਰਾਂਗੜਾ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਗੁਰੀ ਮਾਧੋਪੁਰੀਆ, ਮੁੰਨਾ ਤਲਵੰਡੀ ਚੌਧਰੀਆ ਅਤੇ ਦੁੱਲਾ ਭੇਟਾ ਸਰਵੋਤਮ ਰੇਡਰ ਅਤੇ ਸੱਤੂ ਸ਼ੇਰਪੁਰੀਆ ਤੇ ਹਿੰਦਾ ਰਾਂਗੜਾ ਸਰਵੋਤਮ ਜਾਫੀ ਚੁਣੇ ਗਏ। ਕਬੱਡੀ ਕੋਚ ਪਰਮਜੀਤ ਪੰਮਾ, ਸਾਬਕਾ ਸਰਪੰਚ ਬਲਕਾਰ ਸਿੰਘ ਟੁਰਨਾ, ਸੋਹਣ ਸਿੰਘ ਖਹਿਰਾ, ਲਹਿੰਬਰ ਸਿੰਘ, ਗੁਰਦਿਆਲ ਸਿੰਘ ਲੋਹੀਆਂ, ਗੁਰਮੀਤ ਸਿੰਘ ਮੁਰੀਦਵਾਲ, ਅਵਤਾਰ ਸਿੰਘ ਫਾਜ਼ਿਲਵਾਲ, ਸੋਨੂੰ ਜਾਫਰਵਾਲ, ਸੁੱਖਾ ਹੁੰਦਲ, ਮੇਜਰ ਸਿੰਘ ਈਸੇਵਾਲ, ਮਿੰਦਾ ਢਿੱਲੋਂ, ਜਥੇਦਾਰ ਨਵਿੰਦਰ ਸਿੰਘ ਨਿਮਾਜੀਪੁਰ ਵੱਲੋਂ ਜੇਤੂ ਟੀਮਾਂ ਦੇ ਖਿਡਾਰੀਆਂ ਨੂੰ ਇਨਾਮ ਵੰਡੇ ਗਏ।