ਮਾਲਿਆ ਨੇ ਪਹਿਲੀ ਨਿਲਾਮੀ ’ਚ ਕੋਹਲੀ ਲਈ ਲਗਾਈ ਬੋਲੀ ਨੂੰ ਕੀਤਾ ਯਾਦ
ਨਵੀਂ ਦਿੱਲੀ, 4 ਜੂਨ
ਰੌਇਲ ਚੈਲੇਂਜਰਜ਼ ਬੰਗਲੂਰੂ (ਆਰਸੀਬੀ) ਵੱਲੋਂ ਆਈਪੀਐੱਲ ਖਿਤਾਬ ਜਿੱਤਣ ਤੋਂ ਬਾਅਦ ਇਸ ਦੇ ਸਾਬਕਾ ਮਾਲਕ ਵਿਜੈ ਮਾਲਿਆ ਨੇ ਯਾਦ ਕੀਤਾ ਕਿ ਕਿਵੇਂ ਉਸ ਨੇ 18 ਸਾਲ ਪਹਿਲਾਂ ਨਿਲਾਮੀ ਵਿੱਚ ਨੌਜਵਾਨ ਵਿਰਾਟ ਕੋਹਲੀ ਲਈ ਬੋਲੀ ਲਾਈ ਸੀ ਅਤੇ ਕਿਹਾ ਕਿ ਇਹ ਮਹਾਨ ਬੱਲੇਬਾਜ਼ ਇੰਨੇ ਸਾਲਾਂ ਤੱਕ ਟੀਮ ਪ੍ਰਤੀ ਵਫ਼ਾਦਾਰ ਰਿਹਾ, ਜਿਸ ਨੂੰ ਦੇਖ ਕੇ ਬਹੁਤ ਵਧੀਆ ਮਹਿਸੂਸ ਹੋ ਰਿਹਾ ਹੈ। ਮਾਲਿਆ ਨੇ ਐੱਕਸ ’ਤੇ ਕਿਹਾ, ‘ਜਦੋਂ ਮੈਂ ਆਰਸੀਬੀ ਟੀਮ ਬਣਾਈ ਸੀ ਤਾਂ ਖਿਤਾਬ ਜਿੱਤਣਾ ਮੇਰਾ ਸੁਪਨਾ ਸੀ। ਮੈਂ ਨੌਜਵਾਨ ਕਿੰਗ ਕੋਹਲੀ ਨੂੰ ਚੁਣਿਆ ਅਤੇ ਇਹ ਦੇਖ ਕੇ ਚੰਗਾ ਲੱਗਿਆ ਕਿ ਉਹ 18 ਸਾਲ ਆਰਸੀਬੀ ਨਾਲ ਰਿਹਾ।’ ਮਾਲਿਆ ਨੇ 2008 ਵਿੱਚ ਆਰਸੀਬੀ ਨੂੰ 111.6 ਮਿਲੀਅਨ ਡਾਲਰ ਵਿੱਚ ਖਰੀਦਿਆ ਸੀ। ਉਸ ਨੇ ਪਹਿਲੇ ਸੀਜ਼ਨ ਦੀ ਨਿਲਾਮੀ ’ਚ ਕੋਹਲੀ ਨੂੰ ਚੁਣਿਆ ਅਤੇ ਉਦੋਂ ਤੋਂ ਕੋਹਲੀ ਟੀਮ ਦੇ ਨਾਲ ਹੈ। ਮਾਲਿਆ ਨੇ 2016 ਵਿੱਚ ਬੈਂਕ ਕਰਜ਼ਿਆਂ ਦੀ ਅਦਾਇਗੀ ਨਾ ਕਰਨ ’ਤੇ ਟੀਮ ਦੀ ਮਾਲਕੀ ਗੁਆ ਦਿੱਤੀ ਸੀ। ਹੁਣ ਇਹ ਟੀਮ ਯੂਨਾਈਟਿਡ ਸਪਿਰਿਟਸ ਦੀ ਹੈ। -ਪੀਟੀਆਈ