ਮਲਕੀਤ ਸਿੰਘ ‘ਪੰਜਾਬੀ ਸੱਭਿਆਚਾਰ ਦਾ ਅੰਬੈਸਡਰ’ ਸਨਮਾਨ ਨਾਲ ਸਨਮਾਨਿਤ
ਹਰਦਮ ਮਾਨ
ਸਰੀ: ਕਾਰੋਬਾਰੀ ਮਨਜੀਤ ਸਿੰਘ ਸੈਣੀ ਵੱਲੋਂ ਸਰੀ ਪੁੱਜੇ ਪੰਜਾਬੀ ਗਾਇਕ ਮਲਕੀਤ ਸਿੰਘ ਨੂੰ ‘ਪੰਜਾਬੀ ਸੱਭਿਆਚਾਰ ਦੇ ਅੰਬੈਸਡਰ’ ਵਜੋਂ ਸਨਮਾਨਿਤ ਕੀਤਾ ਗਿਆ। ਸਰੀ ਦੇ ਗਰੈਂਡ ਐਂਪਾਇਰ ਬੈਂਕੁਇਟ ਹਾਲ ਵਿੱਚ ਹੋਏ ਸਮਾਗਮ ਵਿੱਚ ਸਰੀ ਅਤੇ ਵੈਨਕੂਵਰ ਦੇ ਕਈ ਕਾਰੋਬਾਰੀਆਂ ਨੇ ਸ਼ਿਰਕਤ ਕੀਤੀ।
ਗਾਇਕ ਮਲਕੀਤ ਸਿੰਘ ਨੇ ਇਸ ਸਮੇਂ ਜਿੱਥੇ ਆਪਣੇ ਚਾਲੀ ਸਾਲਾਂ ਦੇ ਸੰਗੀਤਕ ਸਫ਼ਰ ਬਾਰੇ ਦੱਸਿਆ ਉੱਥੇ ਪੰਜਾਬੀਆਂ ਨੂੰ ਦੁਨੀਆ ਭਰ ਵਿੱਚ ਮਿਲਦੇ ਮਾਣ ਸਨਮਾਨ ਲਈ ਮਿਹਨਤ ਤੇ ਮੁਸ਼ੱਕਤ ਨੂੰ ਮੂਲ ਆਧਾਰ ਦੱਸਿਆ। ਉਸ ਨੇ ਆਪਣੇ ਪ੍ਰਸਿੱਧ ਗੀਤਾਂ ‘ਗੁੜ ਨਾਲੋਂ ਇਸ਼ਕ ਮਿੱਠਾ’, ‘ਤੂਤਕ ਤੂਤਕ ਤੂਤੀਆਂ’, ‘ਮੇਰਾ ਮਾਂ ਦੇ ਹੱਥ ਦੀਆਂ ਪੱਕੀਆਂ ਰੋਟੀਆਂ ਖਾਣ ਨੂੰ ਬੜਾ ਚਿੱਤ ਕਰਦਾ’ ਅਤੇ ‘ਕਾਲੀ ਐਨਕ ਨਾ ਲਾਇਆ ਕਰ...’ ਸਮੇਤ ਆਪਣੇ ਕਈ ਗੀਤਾਂ ਦਾ ਜ਼ਿਕਰ ਕੀਤਾ ਜਿਨ੍ਹਾਂ ਨੂੰ ਪੰਜਾਬੀਆਂ ਨੇ ਭਰਵਾਂ ਪਿਆਰ ਸਤਿਕਾਰ ਦਿੱਤਾ। ਉਸ ਨੇ ਕਿਹਾ ਕਿ ਪੰਜਾਬੀਆਂ ਨੇ ਉਸ ਦੇ ਗੀਤਾਂ ਨੂੰ ਜਿੰਨਾ ਪਿਆਰ ਦਿੱਤਾ ਅਤੇ ਦੇ ਰਹੇ ਹਨ, ਇਸ ਲਈ ਉਹ ਪੰਜਾਬੀਆਂ ਦਾ ਸਦਾ ਰਿਣੀ ਹੈ।
ਸਮਾਗਮ ਦੌਰਾਨ ਸਰੀ-ਨਿਊਟਨ ਤੋਂ ਮੈਂਬਰ ਪਾਰਲੀਮੈਂਟ ਸੁਖ ਧਾਲੀਵਾਲ ਅਤੇ ਸਰੀ ਸੈਂਟਰ ਤੋਂ ਰਣਦੀਪ ਸਿੰਘ ਸਰਾਏ ਨੇ ਵੀ ਮਲਕੀਤ ਸਿੰਘ ਵੱਲੋਂ ਪੰਜਾਬੀ ਸੱਭਿਆਚਾਰ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਪਾਏ ਜਾ ਰਹੇ ਯੋਗਦਾਨ ਲਈ ਸ਼ਲਾਘਾ ਕੀਤੀ। ਇਸ ਮੌਕੇ ਹਰਪ੍ਰਤਾਪ ਸਿੰਘ ਸਾਹੀ, ਬਿੱਲਾ ਸੰਧੂ, ਨਰਿੰਦਰ ਸਿੰਘ ਗਰੇਵਾਲ, ਅਵਤਾਰ ਸਿੰਘ ਜੌਹਲ, ਸੁੱਚਾ ਸਿੰਘ ਪੱਡਾ, ਸੁਰਜੀਤ ਸਿੰਘ ਜੰਜੂਆ, ਰਣਬੀਰ ਸਿੰਘ ਕੰਗ, ਗੁਰਜਿੰਦਰ ਸਿੰਘ ਘੱਗ, ਸੁਖਵਿੰਦਰ ਢਿੱਲੋਂ, ਹਰਜੋਧ ਸਿੰਘ ਢਿੱਲੋਂ, ਗੁਰਪਾਲ ਸਿੰਘ ਬਡਵਾਲ, ਪਰਮਿੰਦਰ ਸਿੰਘ ਸੈਣੀ, ਜਸਵਿੰਦਰ ਸਿੰਘ ਸੈਣੀ, ਜਸਵਿੰਦਰ ਸਿੰਘ ਸਹੋਤਾ, ਉਂਕਾਰ ਸਿੰਘ ਹੁੰਦਲ, ਅਮਰਜੀਤ ਸਿੰਘ ਹੇਅਰ, ਇਕਬਾਲ ਢਿੱਲੋਂ, ਰੂਪ ਲਾਲ ਚੰਦੜ, ਸਵਰਨ ਸਿੰਘ ਸੇਖੋਂ, ਐਡਵੋਕੇਟ ਸਮਨਦੀਪ ਸਿੰਘ, ਇਕਬਾਲ ਗਿੱਲ, ਨਿਰਮਲ ਪਰਿਹਾਰ, ਜਸਵੀਰ ਬਨਵੈਤ, ਨਿਰਭੈ ਸਿੰਘ ਕੈਂਥ, ਸਤੀਸ਼ ਗੁਲਾਟੀ ਆਦਿ ਵੀ ਹਾਜ਼ਰ ਸਨ।
ਰਛਪਾਲ ਸਹੋਤਾ ਦੇ ਨਾਵਲ ‘ਆਪੇ ਦੀ ਭਾਲ਼’ ਉੱਪਰ ਵਿਚਾਰ ਚਰਚਾ
ਸਰੀ: ਗ਼ਜ਼ਲ ਮੰਚ ਸਰੀ ਅਤੇ ਵੈਨਕੂਵਰ ਵਿਚਾਰ ਮੰਚ ਵੱਲੋਂ ਅਮਰੀਕੀ ਵਿਗਿਆਨੀ ਰਛਪਾਲ ਸਿੰਘ ਸਹੋਤਾ ਦੇ ਪਲੇਠੇ ਪੰਜਾਬੀ ਨਾਵਲ ‘ਆਪੇ ਦੀ ਭਾਲ਼’ ਰਿਲੀਜ਼ ਕੀਤਾ ਗਿਆ। ਬਾਅਦ ਵਿੱਚ ਇਸ ’ਤੇ ਵਿਚਾਰ ਚਰਚਾ ਕੀਤੀ ਗਈ। ਜਰਨੈਲ ਆਰਟ ਗੈਲਰੀ ਅਤੇ ਗੁਰਦੀਪ ਆਰਟਸ ਅਕੈਡਮੀ ਸਰੀ ਦੇ ਹਾਲ ਵਿੱਚ ਹੋਏ ਇਸ ਸਮਾਰੋਹ ਦੀ ਪ੍ਰਧਾਨਗੀ ਨਾਵਲਕਾਰ ਜਰਨੈਲ ਸਿੰਘ ਸੇਖਾ, ਨਾਵਲਕਾਰ ਰਛਪਾਲ ਸਹੋਤਾ ਅਤੇ ਮਨਜੀਤ ਕੌਰ ਸਹੋਤਾ ਨੇ ਕੀਤੀ।
ਸਮਾਗਮ ਦੇ ਸੰਚਾਲਕ ਦਵਿੰਦਰ ਗੌਤਮ ਨੇ ਸ਼ੁਰੂਆਤ ਕਰਦਿਆਂ ਸਭਨਾਂ ਦਾ ਸਵਾਗਤ ਕੀਤਾ ਅਤੇ ਨਾਵਲਕਾਰ ਰਛਪਾਲ ਸਹੋਤਾ ਬਾਰੇ ਸੰਖੇਪ ਜਾਣਕਾਰੀ ਦਿੱਤੀ। ਨਾਵਲ ਬਾਰੇ ਵਿਚਾਰ ਚਰਚਾ ਕਰਦਿਆਂ ਜਰਨੈਲ ਸਿੰਘ ਸੇਖਾ ਨੇ ਕਿਹਾ ਕਿ ਪੂੰਜੀਵਾਦੀ ਸਮਾਜ ਵਿੱਚ ਆਪਣੇ ਆਪ ਨੂੰ ਉੱਚ ਵਰਗ ਨਾਲ ਸਬੰਧਤ ਸਮਝਣ ਵਾਲੇ ਲੋਕ ਨਿਮਨ ਜਾਤੀ ਦੇ ਲੋਕਾਂ ਨੂੰ ਗ਼ੁਲਾਮ ਸਮਝਦੇ ਹਨ ਅਤੇ ਔਰਤ ਨੂੰ ਵੀ ਇੱਕ ਵਸਤੂ ਦੇ ਰੂਪ ਵਿੱਚ ਦੇਖਦੇ ਹਨ। ਇਸ ਨਾਵਲ ਵਿੱਚ ਲੇਖਕ ਨੇ ਵੀਹਵੀਂ ਸਦੀ ਦੇ ਆਖਰੀ ਦਹਾਕਿਆਂ ਵਿੱਚ ਪੰਜਾਬ ਦੇ ਪਿੰਡਾਂ ਵਿਚਲੇ ਜਾਤੀਵਾਦ ਦੀ ਦਸ਼ਾ, ਦਿਸ਼ਾ ਅਤੇ ਇਸ ਵਿੱਚ ਆ ਰਹੀ ਤਬਦੀਲੀ ਨੂੰ ਸੰਤੁਲਿਤ ਪਹੁੰਚ ਨਾਲ ਜਿਉਂ ਦੇ ਤਿਉਂ ਰੂਪ ਵਿੱਚ ਪੇਸ਼ ਕੀਤਾ ਹੈ।
ਰਾਜਵੰਤ ਰਾਜ ਨੇ ਕਿਹਾ ਕਿ ਇਹ ਨਾਵਲ ਸਮਾਜ ਦੇ ਕੋਝੇ ਪੱਖ ਨੂੰ ਪੇਸ਼ ਕਰਨ ਵਾਲਾ ਦਸਤਾਵੇਜ਼, ਮਨੁੱਖੀ ਕਦਰਾਂ ਕੀਮਤਾਂ ਦੇ ਘਾਣ ਅਤੇ ਸੱਧਰਾਂ ਦੇ ਦਮਨ ਦੀ ਦਾਸਤਾਨ ਹੈ। ਡਾ. ਪ੍ਰਿਥੀਪਾਲ ਸਿੰਘ ਸੋਹੀ ਨੇ ਕਿਹਾ ਕਿ ਉਹ ਇਸ ਨਾਵਲ ਨੂੰ ਯਥਾਰਥ ਅਤੇ ਪ੍ਰੋਗਰੈਸਿਵ ਰੂਪ ਵਿੱਚ ਦੇਖ ਰਹੇ ਹਨ। ਇਸ ਵਿੱਚ ਬਦਲ ਰਹੇ ਸਮਾਜ ਨੂੰ ਪੇਸ਼ ਕੀਤਾ ਗਿਆ ਹੈ। ਅਜਮੇਰ ਰੋਡੇ ਨੇ ਕਿਹਾ ਕਿ ਜਾਤਪਾਤ ਨੀਵੀਆਂ ਜਾਤਾਂ ਵਾਲੇ ਲੋਕਾਂ ਨੇ ਪੈਦਾ ਨਹੀਂ ਕੀਤੀ, ਇਹ ਕਥਿਤ ਉੱਚੀਆਂ ਜਾਤੀਆਂ ਵਾਲੇ ਲੋਕਾਂ ਦੀ ਪੈਦਾਇਸ਼ ਹੈ ਅਤੇ ਉੱਚ ਜਾਤ ਦੇ ਲੇਖਕਾਂ ਨੂੰ ਨਿਮਨ ਜਾਤੀਆਂ ਬਾਰੇ ਲਿਖਣਾ ਆਪਣਾ ਫਰਜ਼ ਸਮਝਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬੀ ਵਿੱਚ ਇਸ ਵਿਸ਼ੇ ’ਤੇ ਬਹੁਤ ਘੱਟ ਨਾਵਲ ਲਿਖੇ ਗਏ ਹਨ। ਇਸ ਨਾਵਲ ਵਿੱਚ ਜਨਮ ਤੋਂ ਲੈ ਕੇ ਜ਼ਿੰਦਗੀ ਦੀ ਹਰ ਸਟੇਜ ’ਤੇ ਨਿਮਨ ਜਾਤੀ ਦੇ ਲੋਕਾਂ ਦੇ ਸੰਤਾਪ ਨੂੰ ਬੜੀ ਖ਼ੂਬਸੂਰਤੀ ਨਾਲ ਦਰਸਾਇਆ ਗਿਆ ਹੈ। ਬੀ.ਸੀ. ਦੇ ਸਾਬਕਾ ਪ੍ਰੀਮੀਅਰ ਉੱਜਲ ਦੁਸਾਂਝ ਨੇ ਰਛਪਾਲ ਸਹੋਤਾ ਨੂੰ ਇਸ ਨਾਵਲ ਲਈ ਮੁਬਾਰਕਬਾਦ ਦਿੱਤੀ ਅਤੇ ਸਮਾਜ ਵਿਚਲੇ ਜਾਤਪਾਤ ਦੇ ਕੋਹੜ ਦੀ ਗੱਲ ਕੀਤੀ। ਹਰਕੀਰਤ ਕੌਰ ਚਾਹਲ ਨੇ ਵੀ ਜਾਤਪਾਤ ਪ੍ਰਤੀ ਆਪਣੇ ਨਿੱਜੀ ਅਨੁਭਵ ਸਾਂਝੇ ਕਰਦਿਆਂ ਇਸ ਨਾਵਲ ਨੂੰ ਸਮਾਜ ਦੇ ਯਥਾਰਥ ਦੀ ਖ਼ੂਬਸੂਰਤ ਪੇਸ਼ਕਾਰੀ ਦੱਸਿਆ। ਸਾਹਿਤਕਾਰ ਨਦੀਮ ਪਰਮਾਰ, ਮਲੂਕ ਚੰਦ ਕਲੇਰ, ਡਾ. ਸੁਖਵਿੰਦਰ ਵਿਰਕ, ਸੰਨੀ ਧਾਲੀਵਾਲ ਅਤੇ ਸੁੱਖੀ ਢਿੱਲੋਂ ਨੇ ਵੀ ਸਹੋਤਾ ਨੂੰ ਨਾਵਲ ਲਈ ਵਧਾਈ ਦਿੱਤੀ।
ਰਛਪਾਲ ਸਹੋਤਾ ਨੇ ਬੁਲਾਰਿਆਂ ਵੱਲੋਂ ਪੇਸ਼ ਕੀਤੇ ਵਿਚਾਰਾਂ, ਸੁਝਾਵਾਂ ਲਈ ਧੰਨਵਾਦ ਕੀਤਾ। ਅੰਤ ਵਿੱਚ ਵੈਨਕੂਵਰ ਵਿਚਾਰ ਮੰਚ ਦੇ ਪ੍ਰਧਾਨ ਜਰਨੈਲ ਸਿੰਘ ਆਰਟਿਸਟ ਨੇ ਸਮਾਗਮ ਵਿੱਚ ਹਾਜ਼ਰ ਸਭਨਾਂ ਸ਼ਖ਼ਸੀਅਤਾਂ ਦਾ ਧੰਨਵਾਦ ਕੀਤਾ। ਸਮਾਗਮ ਵਿੱਚ ਡਾ. ਗੁਰਮਿੰਦਰ ਸਿੱਧੂ, ਅੰਮ੍ਰਿਤਪਾਲ ਢੋਟ, ਡਾ. ਬਲਦੇਵ ਸਿੰਘ ਖਹਿਰਾ, ਕ੍ਰਿਸ਼ਨ ਭਨੋਟ, ਸਤੀਸ਼ ਗੁਲਾਟੀ, ਸੁਖਜੀਤ ਕੌਰ, ਨਰਿੰਦਰ ਬਾਹੀਆ, ਦਰਸ਼ਨ ਮਾਨ, ਰਣਧੀਰ ਢਿੱਲੋਂ, ਰਾਜਦੀਪ ਤੂਰ, ਅਕਾਸ਼ਦੀਪ ਸਿੰਘ ਛੀਨਾ ਨੇ ਸ਼ਮੂਲੀਅਤ ਕੀਤੀ।
‘ਸੰਦੂਕੜੀ ਖੋਲ੍ਹ ਨਰੈਣਿਆ’ ਨੇ ਲੋਕ-ਮਨਾਂ ’ਤੇ ਗਹਿਰਾ ਪ੍ਰਭਾਵ ਛੱਡਿਆ
ਸਰੀ: ਨਾਟਕਕਾਰ ਡਾ. ਸਾਹਿਬ ਸਿੰਘ ਵੱਲੋਂ ਵ੍ਹਾਈਟ ਰੌਕ ਵਿੱਚ ਲਗਾਤਾਰ ਦੋ ਦਿਨ ਪੇਸ਼ ਕੀਤਾ ਗਿਆ ਨਾਟਕ ‘ਸੰਦੂਕੜੀ ਖੋਲ੍ਹ ਨਰੈਣਿਆ’ ਲੋਕ-ਮਨਾਂ ’ਤੇ ਗਹਿਰਾ ਪ੍ਰਭਾਵ ਛੱਡ ਗਿਆ। ਨਾਟਕ ਵਿੱਚ ਪੇਸ਼ ਕੀਤੀ ਤਿੰਨ ਨੌਜਵਾਨਾਂ ਦੀ ਕਹਾਣੀ ਰਾਹੀਂ ਪੰਜਾਬੀਆਂ ਅਤੇ ਵਿਸ਼ੇਸ਼ ਕਰ ਕੇ ਪੰਜਾਬ ਦੀ ਨੌਜਵਾਨ ਪੀੜ੍ਹੀ ਦੀ ਮਾਨਸਿਕਤਾ, ਵਿਦੇਸ਼ਾਂ ਵਿੱਚ ਨੌਜਵਾਨਾਂ ਦੀ ਹਾਲਤ, ਨਸ਼ੇ ਅਤੇ ਪੰਜਾਬ ਵਿਚਲੇ ਸਮਾਜਿਕ, ਰਾਜਨੀਤਕ, ਨਿਆਂਇਕ ਵਰਤਾਰੇ ਦੀ ਅਸਲੀਅਤ ਦੀ ਪੇਸ਼ਕਾਰੀ ਨੇ ਦਰਸ਼ਕਾਂ ਨੂੰ ਬੁਰੀ ਤਰ੍ਹਾਂ ਝੰਜੋੜਿਆ। ਦੋਵੇਂ ਦਿਨ ਸੈਂਕੜੇ ਦਰਸ਼ਕਾਂ ਨੇ ਪੰਜਾਬੀ ਰੰਗਮੰਚ ਦੀ ਉੱਤਮ ਕਲਾ ਦਾ ਆਨੰਦ ਮਾਣਿਆ। ਨਾਟਕ ਵਿੱਚ ਡਾ. ਸਾਹਿਬ ਸਿੰਘ ਨੇ ਆਪਣੀ ਕਲਾ ਰਾਹੀਂ ਅਜਿਹੇ ਭਾਵਪੂਰਤ ਦ੍ਰਿਸ਼ ਸਿਰਜੇ ਕਿ ਦਰਸ਼ਕਾਂ ਦੀਆਂ ਅੱਖਾਂ ਨਮ ਹੋਣੋਂ ਨਾ ਰਹਿ ਸਕੀਆਂ। ਨਾਟਕ ਦੇ ਅਖੀਰ ਵਿੱਚ ਨਰੈਣੇ ਦੀ ਸੰਦੂਕੜੀ ’ਚੋਂ ਕਿਰਤੀ ਲੋਕਾਂ ਦੇ ਰੌਸ਼ਨ ਭਵਿੱਖ ਲਈ ਸਾਂਭ ਕੇ ਰੱਖੇ ਹੋਏ ਫੁੱਲਾਂ ਦੀ ਵਰਖਾ ਦਰਸ਼ਕਾਂ ਉੱਪਰ ਕਰ ਕੇ ਇੱਕ ਚੇਤਨ ਸਮਾਜ ਸਿਰਜਣ ਦੇ ਦਿੱਤੇ ਹੋਕੇ ਨੂੰ ਦਰਸ਼ਕਾਂ ਨੇ ਖੜ੍ਹੇ ਹੋ ਕੇ ਭਰਪੂਰ ਤਾੜੀਆਂ ਨਾਲ ਪ੍ਰਵਾਨ ਕੀਤਾ। ਇਸ ਨਾਟਕ ਦਾ ਪ੍ਰਬੰਧ ਚੇਤਨਾ ਐਸੋਸੀਏਸ਼ਨ ਆਫ ਕੈਨੇਡਾ ਅਤੇ ਡਾਇਨਾਮਿਕ ਕ੍ਰਿਏਟਿਵ ਹੋਰੀਜ਼ਨਜ਼ ਵੱਲੋਂ ਕੀਤਾ ਗਿਆ। ਇਸ ਮੌਕੇ ਚੇਤਨਾ ਐਸੋਸੀਏਸ਼ਨ ਆਫ ਕੈਨੇਡਾ ਵੱਲੋਂ ਡਾ. ਸਾਹਿਬ ਅਤੇ ਬੀ.ਸੀ. ਦੇ ਸਾਬਕਾ ਪ੍ਰੀਮੀਅਰ ਉੱਜਲ ਦੁਸਾਂਝ ਨੂੰ ਸਨਮਾਨਿਤ ਕੀਤਾ ਗਿਆ।
ਤਰਕਸ਼ੀਲ ਸੁਸਾਇਟੀ ਸਰੀ ਵੱਲੋਂ ਅੰਧ-ਵਿਸ਼ਵਾਸਾਂ ਵਿਰੁੱਧ ਪ੍ਰਚਾਰ ਮੁਹਿੰਮ ਤੇਜ਼ ਕਰਨ ਦਾ ਫੈਸਲਾ
ਸਰੀ: ਤਰਕਸ਼ੀਲ ਸੁਸਾਇਟੀ ਸਰੀ ਯੂਨਿਟ ਦੀ ਮੀਟਿੰਗ ਪ੍ਰੋਗਰੈਸਿਵ ਕਲਚਰਲ ਸੈਂਟਰ ਵਿਖੇ ਬਾਈ ਅਵਤਾਰ ਗਿੱਲ ਦੀ ਪ੍ਰਧਾਨਗੀ ਹੇਠ ਹੋਈ। ਯੂਨਿਟ ਦੇ ਸਕੱਤਰ ਗੁਰਮੇਲ ਗਿੱਲ ਨੇ ਦੱਸਿਆ ਕਿ ਸੁਸਾਇਟੀ ਵੱਲੋਂ 26 ਅਕਤੂਬਰ ਨੂੰ ਬੈੱਲ ਪ੍ਰਫਾਰਮਿੰਗ ਆਰਟ ਸੈਂਟਰ ਸਰੀ ਵਿੱਚ ਤਰਕਸ਼ੀਲ ਨਾਟਕ ਮੇਲਾ ਕਰਾਉਣ ਦਾ ਫ਼ੈਸਲਾ ਕੀਤਾ ਗਿਆ। ਇਸ ਮੇਲੇ ਵਿੱਚ ਨਾਟਕ, ਗੀਤ ਸੰਗੀਤ, ਜਾਦੂ ਦੇ ਟਰਿੱਕਾਂ ਤੋਂ ਇਲਾਵਾ ਹੋਰ ਵੀ ਰੌਚਕ ਸਮੱਗਰੀ ਪੇਸ਼ ਕੀਤੀ ਜਾਵੇਗੀ। 4 ਅਗਸਤ ਨੂੰ ਹਾਲੈਂਡ ਪਾਰਕ ਸਰੀ ਵਿਖੇ ਹੋ ਰਹੇ ਗ਼ਦਰੀ ਬਾਬਿਆਂ ਦੇ ਮੇਲੇ ਵਿੱਚ ਸੁਸਾਇਟੀ ਵੱਲੋਂ ਕਿਤਾਬਾਂ ਦਾ ਸਟਾਲ ਲਾਉਣ, ਅੰਧਵਿਸ਼ਵਾਸਾਂ ਖ਼ਿਲਾਫ਼ ਲੀਫਲੈਟ ਵੰਡਣ ਅਤੇ ਪਲੇਅ ਕਾਰਡਾਂ ਰਾਹੀਂ ਲੋਕਾਂ ਤੱਕ ਆਪਣਾ ਸੁਨੇਹਾ ਪਹੁੰਚਾਉਣ ਦਾ ਫ਼ੈਸਲਾ ਕੀਤਾ ਗਿਆ।
ਸੰਪਰਕ: +1 604 308 6663