ਮਲਕੀਤ ਸਿੰਘ ਬਣਿਆ 6-ਰੈੱਡ ਸਨੂਕਰ ਚੈਂਪੀਅਨ; ਅਡਵਾਨੀ ਚੌਥੇ ਸਥਾਨ ’ਤੇ
ਚੇਨੱਈ, 10 ਦਸੰਬਰ
ਇੱਥੇ ਚੱਲ ਰਹੀ ਨੈਸ਼ਨਲ ਬਿਲੀਅਰਡਜ਼ ਐਂਡ ਸਨੂਕਰ ਚੈਂਪੀਅਨਸ਼ਿਪ ਦੇ ਫਾਈਨਲ ਵਿੱਚ ਮਲਕੀਤ ਸਿੰਘ ਆਰਐੱਸਪੀਬੀ ਦੇ ਸਾਥੀ ਈ ਪਾਂਡੂਰੰਗਈਆ ਨੂੰ ਹਰਾ ਕੇ ਨਵਾਂ ਕੌਮੀ 6-ਰੈੱਡ ਸਨੂਕਰ ਪੁਰਸ਼ ਚੈਂਪੀਅਨ ਬਣਿਆ। ਮਲਕੀਤ ਸਿੰਘ ਨੇ ਸ਼ਨਿਚਰਵਾਰ ਨੂੰ ਰੇਲਵੇ ਸਪੋਰਟਸ ਪ੍ਰਮੋਸ਼ਨ ਬੋਰਡ (ਆਰਐੱਸਪੀਬੀ) ਦੇ ਪਾਂਡੂਰੰਗਈਆ ਨੂੰ ‘ਬੈਸਟ ਆਫ 13’ ਫਰੇਮ ਦੇ ਫਾਈਨਲ ਵਿੱਚ 7-5 ਨਾਲ ਹਰਾਇਆ। ਇਸ ਤੋਂ ਪਹਿਲਾਂ ਉਸ ਨੇ ਸੈਮੀਫਾਈਨਲ ਵਿੱਚ ਪੱਛੜਨ ਮਗਰੋਂ ਵਾਪਸੀ ਕਰਦਿਆਂ ਪੈਟਰੋਲੀਅਮ ਸਪੋਰਟਸ ਪ੍ਰਮੋਸ਼ਨ ਬੋਰਡ (ਪੀਐੱਸਪੀਬੀ) ਦੇ ਮਜ਼ਬੂਤ ਦਾਅਵੇਦਾਰ ਅਤੇ 26 ਵਾਰ ਦੇ ਆਈਬੀਐੱਸਐੱਫ ਵਿਸ਼ਵ ਚੈਂਪੀਅਨ ਪੰਕਜ ਅਡਵਾਨੀ ਨੂੰ 6-5 ਨਾਲ ਹਰਾਇਆ। ਪਾਂਡੂਰੰਗਈਆ ਨੇ ਦੂਜੇ ਸੈਮੀਫਾਈਨਲ ਵਿੱਚ ਪੀਐੱਸਪੀਬੀ ਦੇ ਆਦਿੱਤਿਆ ਮਹਿਤਾ ਨੂੰ 6-4 ਨਾਲ ਹਰਾਇਆ ਸੀ। ਸਾਬਕਾ ਚੈਂਪੀਅਨ ਅਡਵਾਨੀ ਦਾ ਹਾਰਨਾ ਖੇਡ ਪ੍ਰੇਮੀਆਂ ਲਈ ਹੈਰਾਨ ਕਰਨ ਵਾਲਾ ਰਿਹਾ ਕਿਉਂਕਿ ਇੱਕ ਸਮੇਂ ਉਸ ਨੇ ਮੈਚ 5-3 ਨਾਲ ਲਗਭਗ ਆਪਣੇ ਨਾਮ ਕਰ ਹੀ ਲਿਆ ਸੀ ਪਰ ਮਲਕੀਤ ਸਿੰਘ ਨੇ ਆਖ਼ਰੀ ਤਿੰਨ ਫਰੇਮ ਵਿੱਚ 59-0, 43-1, 67-13 ਨਾਲ ਜਿੱਤ ਕੇ ਟੂਰਨਾਮੈਂਟ ਦਾ ਸਭ ਤੋਂ ਵੱਡਾ ਉਲਟਫੇਰ ਕੀਤਾ। ਪਿਛਲੇ ਸੈਸ਼ਨ ਦਾ ਉਪ ਜੇਤੂ ਅਡਵਾਨੀ ਤੀਜੇ ਸਥਾਨ ਦੇ ਪਲੇਅ ਆਫ ਵਿੱਚ ਮਹਿਤਾ ਤੋਂ ਹਾਰ ਗਿਆ। ਮਹਿਲਾਵਾਂ ਦੀ 6-ਰੈੱਡ ਸਨੂਕਰ ਚੈਂਪੀਅਨਸ਼ਿਪ ਵਿੱਚ ਸਾਬਕਾ ਚੈਂਪੀਅਨ ਵਿਦਿਆ ਪੱਲੀ (ਕਰਨਾਟਕ) ਕੁਆਰਟਰ ਫਾਈਨਲ ਵਿੱਚ ਪਹੁੰਚ ਗਈ ਹੈ। ਉਸ ਤੋਂ ਇਲਾਵਾ ਮੌਜੂਦਾ ਆਈਬੀਐੱਸਐੱਫ ਵਿਸ਼ਵ ਅੰਡਰ-21 ਸਨੂਕਰ ਚੈਂਪੀਅਨ ਕੀਰਥਾਨਾ ਪਾਂਡਿਅਨ (ਕਰਨਾਟਕ) ਅਤੇ ਉਪ ਜੇਤੂ ਅਨੂਪਮਾ ਰਾਮਚੰਦਰਨ (ਤਾਮਿਲਨਾਡੂ) ਨੇ ਵੀ ਕੁਆਰਟਰ ਫਾਈਨਲ ਵਿੱਚ ਜਗ੍ਹਾ ਬਣਾ ਲਈ ਹੈ। -ਪੀਟੀਆਈ