ਮਾਲੀਵਾਲ ਨੇ ਕੇਜਰੀਵਾਲ ਦੀ ਰਿਹਾਇਸ਼ ਅੱਗੇ ਕੂੜਾ ਸੁੱਟਿਆ
ਪੱਤਰ ਪ੍ਰੇਰਕ
ਨਵੀਂ ਦਿੱਲੀ, 30 ਜਨਵਰੀ
ਆਮ ਆਦਮੀ ਪਾਰਟੀ ਦੀ ਰਾਜ ਸਭਾ ਮੈਂਬਰ ਸਵਾਤੀ ਮਾਲੀਵਾਲ ਨੂੰ ਕੌਮੀ ਰਾਜਧਾਨੀ ਵਿੱਚ ਸਫ਼ਾਈ ਦੇ ਵਿਰੋਧ ਵਿੱਚ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਰਿਹਾਇਸ਼ ਦੇ ਬਾਹਰ ਕੂੜਾ ਸੁੱਟਣ ਤੋਂ ਬਾਅਦ ਪੁਲੀਸ ਨੇ ਹਿਰਾਸਤ ਵਿੱਚ ਲੈ ਲਿਆ। ਅੱਜ ਜਿਵੇਂ ਹੀ ਸਵਾਤੀ ਮਾਲੀਵਾਲ ਨੂੰ ਪੁਲੀਸ ਵੈਨ ਵਿੱਚ ਬਿਠਾ ਕੇ ਲਿਜਾਇਆ ਗਿਆ ਤਾਂ ਰਾਜ ਸਭਾ ਮੈਂਬਰ ਨੇ ਕਿਹਾ ਕਿ ਜੇ ਅਰਵਿੰਦ ਕੇਜਰੀਵਾਲ ਨਾਲ ਉਨ੍ਹਾਂ ਦੀ ਗੱਲਬਾਤ ਹੁੰਦੀ ਤਾਂ ਉਹ ਉਨ੍ਹਾਂ ਨੂੰ ਕਹੇਗੀ, ‘ਸੁਧਰ ਜਾਓ ਵਰਨਾ ਜਨਤਾ ਸੁਧਾਰ ਦੇਗੀ’। ਦਿੱਲੀ ਵਿੱਚ ਕੂੜੇ ਦੇ ਮੁੱਦੇ ਦੇ ਵਿਰੋਧ ਵਿੱਚ ਸਵਾਤੀ ਮਾਲੀਵਾਲ ਵੱਲੋਂ ਅੱਜ ਅਜਿਹਾ ਕੀਤਾ ਗਿਆ।
ਉਸ ਦੇ ਸਮਰਥਕਾਂ ਨੇ ਵਿਕਾਸਪੁਰੀ ਦੀਆਂ ਸੜਕਾਂ ਤੋਂ ਕੂੜਾ ਚੁੱਕ ਕੇ ਤਿੰਨ ਮਿੰਨੀ ਟਰੱਕਾਂ ਵਿੱਚ ਇਕੱਠਾ ਕੀਤਾ। ਇਨਾਂ ਟਰੱਕਾਂ ਅਤੇ ਬੈਨਰਾਂ ’ਤੇ ‘ਕੇਜਰੀਵਾਲ ਦਾ’ ਕੂੜਾ’ ਲਿਖਿਆ ਹੋਇਆ ਸੀ ਅਤੇ ਉਹ ਸਾਰੇ ਕੂੜਾ ਲੈ ਕੇ ਫਿਰੋਜ਼ਸ਼ਾਹ ਰੋਡ ’ਤੇ ‘ਆਪ’ ਕਨਵੀਨਰ ਦੇ ਘਰ ਪਹੁੰਚੇ। ਆਮ ਆਦਮੀ ਪਾਰਟੀ ਵੱਲੋਂ ਹੀ ਰਾਜ ਸਭਾ ਵਿੱਚ ਭੇਜੀ ਗਈ ਸਵਾਤੀ ਮਾਲੀਵਾਲ ਉਦੋਂ ਤੋਂ ਦਿੱਲੀ ਸਰਕਾਰ ਖ਼ਿਲਾਫ਼ ਚੱਲ ਰਹੀ ਹੈ ਜਦੋਂ ਤੋਂ ਉਸ ਦੀ ਮੁੱਖ ਮੰਤਰੀ ਨਿਵਾਸ ਵਿੱਚ ਕਥਿਤ ਕੁੱਟਮਾਰ ਕਰਨ ਦੇ ਦੋਸ਼ ਸਵਾਤੀ ਨੇ ਕੇਜਰੀਵਾਲ ਦੇ ਨਿਜੀ ਸਹਾਇਕ ਉਪਰ ਲਾਏ ਸਨ। ਇਸ ਦੌਰਾਨ ਕੇਜਰੀਵਾਲ ਖ਼ਿਲਾਫ਼ ਨਾਅਰੇਬਾਜ਼ੀ ਵੀ ਕੀਤੀ ਗਈ।