ਮਲਿਕਪੁਰ ਵਾਸੀਆਂ ਨੇ ਪਿੰਡ ਪੱਧਰੀ ਸਕੱਤਰੇਤ ਬਣਾਈ
ਜਗਮੋਹਨ ਸਿੰਘ
ਘਨੌਲੀ, 4 ਜੂਨ
ਪਿੰਡ ਮਲਿਕਪੁਰ ਵਿੱਚ ਅੱਜ ਸਮਾਗਮ ਕਰਵਾਇਆ ਗਿਆ ਅਤੇ ਇਸ ਦੌਰਾਨ ਪੰਚਾਇਤ ਵੱਲੋਂ ਪਿੰਡ ਪੱਧਰ ‘ਤੇ ਬਣਾਈ ਵਿਸ਼ੇਸ਼ ਸਕੱਤਰੇਤ ਨੂੰ ਪਿੰਡ ਵਾਸੀਆਂ ਹਵਾਲੇ ਕੀਤਾ ਗਿਆ। ਇਸ ਸਕੱਤਰੇਤ ਦਾ ਉਦਘਾਟਨ ਹਲਕਾ ਰੂਪਨਗਰ ਦੇ ਵਿਧਾਇਕ ਦਿਨੇਸ਼ ਚੱਢਾ ਵੱਲੋਂ ਕੀਤਾ ਗਿਆ। ਉਨ੍ਹਾਂ ਪਿੰਡ ਦੀ ਨੌਜਵਾਨ ਮਹਿਲਾ ਸਰਪੰਚ ਕੁਲਵਿੰਦਰ ਕੌਰ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਇਸ ਪੜ੍ਹੀ-ਲਿਖੀ ਸਰਪੰਚ ਨੇ ਆਪਣੀ ਸੂਝ-ਬੂਝ ਨਾਲ ਆਪਣੇ ਸਮੂਹ ਪੰਚ ਸਾਹਿਬਾਨ, ਪਿੰਡ ਵਾਸੀਆਂ ਤੇ ਵਿਦੇਸ਼ ਵਸਦੇ ਪਿੰਡ ਦੇ ਲੋਕਾਂ ਤੋਂ ਇਲਾਵਾ ਸਰਕਾਰ ਦੇ ਸਹਿਯੋਗ ਨਾਲ ਥੋੜ੍ਹੇ ਚਿਰ ਅੰਦਰ ਹੀ ਪਿੰਡ ਨੂੰ ਰੂਪਨਗਰ ਜ਼ਿਲ੍ਹੇ ਦਾ ਸਭ ਤੋਂ ਸੋਹਣਾ ਪਿੰਡ ਬਣਾ ਦਿੱਤਾ ਹੈ। ਉਨ੍ਹਾਂ ਪਿੰਡ ਨੂੰ ਮਾਡਰਨ ਪਿੰਡ ਐਲਾਨਦਿਆਂ ਤਿੰਨ ਲੱਖ ਤਿੰਨ ਹਜ਼ਾਰ ਰੁਪਏ ਦੀ ਗਰਾਂਟ ਦੇਣ ਦਾ ਐਲਾਨ ਕੀਤਾ। ਪਿੰਡ ਦੀ ਸਰਪੰਚ ਕੁਲਵਿੰਦਰ ਕੌਰ ਨੇ ਹਲਕਾ ਵਿਧਾਇਕ ਦਾ ਧੰਨਵਾਦ ਕਰਦਿਆਂ ਕਿਹਾ ਕਿ ਪੰਚਾਇਤ ਵੱਲੋਂ ਬਣਾਈ ਗਈ ਸਕੱਤਰੇਤ ਵਿੱਚ ਪਿੰਡ ਦੇ ਲੋਕਾਂ ਨੂੰ ਹਰ ਪ੍ਰਕਾਰ ਦੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ ਤੇ ਪਿੰਡ ਪੱਧਰੀ ਝਗੜਿਆਂ ਦਾ ਨਿਬੇੜਾ ਵੀ ਇਸੇ ਸਕੱਤਰੇਤ ਵਿੱਚ ਕੀਤਾ ਜਾਵੇਗਾ। ਉਨ੍ਹਾਂ ਦਾਅਵਾ ਕੀਤਾ ਕਿ ਉਹ ਕੋਸ਼ਿਸ਼ ਕਰਨਗੇ ਕਿ ਉਨ੍ਹਾਂ ਦੇ ਪਿੰਡ ਦੇ ਲੋਕਾਂ ਨੂੰ ਆਪਣੇ ਮਸਲਿਆਂ ਦੇ ਨਿਬੇੜੇ ਲਈ ਥਾਣੇ ਕਚਹਿਰੀ ਨਾ ਜਾਣਾ ਪਵੇ ਤੇ ਉਨ੍ਹਾਂ ਦੇ ਮਸਲੇ ਇੱਥੇ ਹੀ ਹੱਲ ਹੋ ਜਾਣ। ਇਸ ਮੌਕੇ ਸਰਪੰਚ ਕੁਲਵਿੰਦਰ ਕੌਰ ਤੋਂ ਇਲਾਵਾ ਸਮਾਜ ਸੇਵੀ ਪਰਮਜੀਤ ਸਿੰਘ, ਪੰਚ ਰਣਜੀਤ ਸਿੰਘ, ਨੰਬਰਦਾਰ ਇਕਬਾਲ ਸਿੰਘ, ਕਰਨੈਲ ਸਿੰਘ, ਆਪ ਆਗੂ ਮਲਕੀਤ ਭੰਗੂ, ਹਰਿੰਦਰ ਸਿੰਘ ਨੰਬਰਦਾਰ ,ਸਿਟੀ ਪ੍ਰਧਾਨ ਸ਼ਿਵ ਕੁਮਾਰ ਲਾਲਪੁਰਾ, ਰਾਜਿੰਦਰ ਕੁਮਾਰ, ਸੁਰਮੁਖ ਸਿੰਘ , ਕੁਲ਼ਜੀਤ ਕੌਰ ਆਦਿ ਹਾਜ਼ਰ ਸਨ।