ਮਾਲੇਰਕੋਟਲਾ: ਕੁੱਤਿਆਂ ਦੇ ਝੁੰਡ ਲੋਕਾਂ ਲਈ ਜਾਨ ਦਾ ਖੌਅ ਬਣੇ
ਹੁਸ਼ਿਆਰ ਸਿੰਘ ਰਾਣੂ
ਮਾਲੇਰਕੋਟਲਾ,16 ਨਵੰਬਰ
ਸ਼ਹਿਰ ਦੀਆਂ ਸੜਕਾਂ ਤੇ ਗਲੀ- ਮੁਹੱਲਿਆਂ ’ਚ ਲੰਘਣ ਸਮੇਂ ਸ਼ਹਿਰ ’ਚ ਘੁੰਮਦੇ ਆਵਾਰਾ ਕੁੱਤੇ ਲੋਕਾਂ ਲਈ ਜਾਨ ਦਾ ਖੌਅ ਬਣੇ ਹੋਏ ਹਨ। ਲੋਕਾਂ ਲਈ ਰਾਤ ਨੂੰ ਸ਼ਹਿਰ ਦੀਆਂ ਸੜਕਾਂ ’ਤੇ ਤੁਰਨਾ ਹੁਣ ਖਤਰੇ ਤੋਂ ਖ਼ਾਲੀ ਨਹੀਂ ਰਿਹਾ। ਮੁੱਖ ਸੜਕਾਂ ’ਤੇ ਹੀ ਨਹੀਂ ਸਗੋਂ ਰਿਹਾਇਸ਼ੀ ਇਲਾਕਿਆਂ ’ਚ ਵੀ ਆਵਾਰਾ ਕੁੱਤਿਆਂ ਦੇ ਝੁੰਡ ਫਿਰਦੇ ਹਨ। ਹਰ ਗਲੀ ਮੁਹੱਲੇ ’ਚ 8-10 ਆਵਾਰਾ ਕੁੱਤੇ ਬੈਠੇ ਜਾਂ ਘੁੰਮਦੇ ਮਿਲ ਜਾਂਦੇ ਹਨ। ਸ਼ਹਿਰ ਅੰਦਰ ਇਨ੍ਹਾਂ ਦੀ ਗਿਣਤੀ ਹਜ਼ਾਰਾਂ ’ਚ ਹੈ ਤੇ ਇਨ੍ਹਾਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ। ਕਿਸੇ ਵੀ ਗਲੀ ਮੁਹੱਲੇ ਵਿੱਚੋਂ ਲੰਘਣ ਵੇਲੇ ਕੁੱਤੇ ਪਿੱਛੇ ਭੱਜਦੇ ਹਨ। ਇਨ੍ਹਾਂ ਕੁੱਤਿਆਂ ਕਾਰਨ ਰਿਹਾਇਸ਼ੀ ਇਲਾਕਿਆਂ ਦੀਆਂ ਗਲੀਆਂ ਵਿੱਚ ਦਹਿਸ਼ਤ ਦਾ ਮਹੌਲ ਬਣਿਆ ਹੋਇਆ ਹੈ। ਕੁੱਤਿਆਂ ਦੇ ਡਰ ਤੋਂ ਲੋਕ ਰਾਤ ਸਮੇਂ ਘਰਾਂ ਤੋਂ ਬਾਹਰ ਨਿਕਲਣ ਤੋਂ ਗੁਰੇਜ਼ ਕਰਨ ਲੱਗੇ ਹਨ। ਰਾਤ ਸਮੇਂ ਵਾਹਨਾਂ ਦੇ ਪਿੱਛੇ ਦੌੜਦੇ ਕੁੱਤਿਆਂ ਕਾਰਨ ਵਾਹਨ ਚਾਲਕ ਇਨ੍ਹਾਂ ਦੀ ਲਪੇਟ ਵਿੱਚ ਆ ਕੇ ਜ਼ਖ਼ਮੀ ਹੋ ਰਹੇ ਹਨ। ਇਨ੍ਹਾਂ ਕੁੱਤਿਆਂ ਕਾਰਨ ਕੋਈ ਵੱਡਾ ਹਾਦਸਾ ਵੀ ਵਾਪਰ ਸਕਦਾ ਹੈ। ਜੋ ਲੋਕ ਤੜਕੇ -ਆਥਣ ਸੈਰ ਨੂੰ ਨਿਕਲਦੇ ਹਨ, ਕੁੱਤੇ ਉਨ੍ਹਾਂ ਦੇ ਪਿੱਛੇ ਭੱਜਦੇ ਹਨ। ਜੇਕਰ ਕੋਈ ਬੱਚਾ, ਬਜ਼ੁਰਗ ਜਾਂ ਮਹਿਲਾ ਪੈਦਲ ਉਨ੍ਹਾਂ ਕੋਲ ਦੀ ਲੰਘਦਾ ਹੈ ਤਾਂ ਕੁੱਤੇ ਉਨ੍ਹਾਂ ਨੂੰ ਭੌਂਕਦੇ ਹਨ ਜਾਂ ਮਗਰ ਪੈ ਜਾਂਦੇ ਹਨ। ਜੁਝਾਰ ਸਿੰਘ ਨਗਰ, ਅਜੀਤ ਨਗਰ, ਗੁਰੂ ਤੇਗ਼ ਬਹਾਦਰ ਕਲੋਨੀ, ਕ੍ਰਿਸ਼ਨਾ ਕਲੋਨੀ ,ਅਗਰ ਨਗਰ, ਗੁਰੂ ਨਾਨਕ ਕਲੋਨੀ, ਰਾਏਕੋਟ ਰੋਡ, ਸੂਦਾਂ ਮੁਹੱਲਾ, ਅਰੋੜਿਆਂ ਮੁਹੱਲਾ ਮਾਲੇਰ, ਜਮਾਲਪੁਰਾ, ਕਿਲਾ ਰਹਿਮਤਗੜ੍ਹ ਆਦਿ ਖੇਤਰਾਂ ’ਚ ਲਾਵਾਰਸ ਕੁੱਤਿਆਂ ਦੀ ਭਰਮਾਰ ਹੈ। ਡਾ. ਗੁਰਵਿੰਦਰ ਸਿੰਘ ਦਾ ਕਹਿਣਾ ਹੈ ਕਿ ਲੋਕਾਂ ਨੂੰ ਕੁੱਤੇ ਦੇ ਕੱਟਣ ਦਾ ਇਲਾਜ ਖ਼ੁਦ ਨਹੀਂ ਕਰਨਾ ਚਾਹੀਦਾ। ਕੁੱਤੇ ਦੇ ਕੱਟਣ ਤੋਂ ਤੁਰੰਤ ਬਾਅਦ ਸਪਤਾਲ ਪੁੱਜ ਕੇ ਐਂਟੀਰੇਬੀਜ਼ ਤੇ ਟੈੱਟਨਸ ਦੇ ਟੀਕੇ ਲਗਵਾਉਣੇ ਚਾਹੀਦੇ ਹਨ। ਕਾਰਜਸਾਧਕ ਅਫ਼ਸਰ ਅਪਰ ਅਪਾਰ ਸਿੰਘ ਅਨੁਸਾਰ ਸ਼ਹਿਰ ਅੰਦਰ ਕਰੀਬ 3600 ਅਵਾਰਾ ਕੁੱਤੇ ਹਨ। ਉਨ੍ਹਾਂ ਕਿਹਾ ਕਿ ਪਿਛਲੇ ਸਾਲ ਐਨੀਮਲ ਬਰਥ ਕੰਟਰੋਲ ਪ੍ਰੋਗਰਾਮ ਤਹਿਤ ਪਹਿਲੇ ਪੜਾਅ ’ਤੇ ਮਾਲੇਰਕੋਟਲਾ ਸ਼ਹਿਰ ਦੇ ਕਰੀਬ ਇੱਕ ਹਜ਼ਾਰ ਕੁੱਤਿਆਂ ਦੀ ਨਸਬੰਦੀ ਕੀਤੀ ਗਈ ਸੀ। ਹੁਣ ਐਨੀਮਲ ਅਰਥ ਕੰਟਰੋਲ ਪ੍ਰੋਗਰਾਮ ਤਹਿਤ ਦੂਜੇ ਪੜਾਅ ਲਈ ਨਸਬੰਦੀ ਪ੍ਰੋਗਰਾਮ ਮੁੜ ਤੋਂ ਉਲੀਕਿਆ ਜਾ ਰਿਹਾ ਹੈ।