ਮਾਲੇਰਕੋਟਲਾ: ਚਾਰ ਲੁਟੇਰੇ ਕਾਬੂ; ਹਥਿਆਰ ਤੇ ਵਾਹਨ ਬਰਾਮਦ
ਹੁਸ਼ਿਆਰ ਸਿੰਘ ਰਾਣੂ
ਮਾਲੇਰਕੋਟਲਾ, 17 ਮਾਰਚ
ਪੁਲੀਸ ਨੇ ਵਿਸ਼ੇਸ਼ ਅਪਰੇਸ਼ਨ ਦੌਰਾਨ ਚਾਰ ਨੌਜਵਾਨਾਂ ਨੂੰ ਗ੍ਰਿਫ਼ਤਾਰ ਕਰ ਕੇ ਉਨ੍ਹਾਂ ਤੋਂ ਹਥਿਆਰ ਬਰਾਮਦ ਕੀਤੇ ਹਨ। ਗਰੋਹ ਦੇ ਹੋਰ ਚਾਰ ਮੈਂਬਰ ਫ਼ਰਾਰ ਹਨ, ਜਿਨ੍ਹਾਂ ਨੂੰ ਫੜਨ ਲਈ ਛਾਪੇ ਮਾਰੇ ਜਾ ਰਹੇ ਹਨ। ਮੁਲਜ਼ਮਾਂ ਦੀ ਪਛਾਣ ਮੁਹੰਮਦ ਬਿਲਾਲ ਉਰਫ਼ ਚੀਕੂ, ਮੁਹੰਮਦ ਆਬਿਦ ਉਰਫ਼ ਲੱਡੂ, ਮੁਹੰਮਦ ਆਬਿਦ ਉਰਫ਼ ਮੋਤੇਵਾਲਾ ਅਤੇ ਮੁਹੰਮਦ ਯਾਮੀਨ ਉਰਫ਼ ਬੌਬੀ ਵਜੋਂ ਹੋਈ ਹੈ।
ਜ਼ਿਲ੍ਹਾ ਪੁਲੀਸ ਮੁਖੀ ਹਰਕਮਲ ਪ੍ਰੀਤ ਸਿੰਘ ਖੱਖ ਨੇ ਦੱਸਿਆ ਕਿ ਇਹ ਕਾਰਵਾਈ ਲੋਕ ਸਭਾ ਚੋਣਾਂ ਤੋਂ ਪਹਿਲਾਂ ਅਮਨ-ਕਾਨੂੰਨ ਨੂੰ ਬਣਾਈ ਰੱਖਣ ਲਈ ਵਿੱਢੀ ਗਈ ਮੁਹਿੰਮ ਦਾ ਹਿੱਸਾ ਹੈ। ਉਨ੍ਹਾਂ ਕਿਹਾ ਕਿ ਅਪਰਾਧਿਕ ਤੱਤਾਂ ’ਤੇ ਨਜ਼ਰ ਰੱਖਣ ਲਈ ਸਬ-ਡਿਵੀਜ਼ਨ ਪੱਧਰ ’ਤੇ ਗਜ਼ਟਿਡ ਅਧਿਕਾਰੀਆਂ ਦੀ ਨਿਗਰਾਨੀ ਹੇਠ ਵਿਸ਼ੇਸ਼ ਪੁਲੀਸ ਟੀਮਾਂ ਦਾ ਗਠਨ ਕੀਤਾ ਗਿਆ ਹੈ। ਸ੍ਰੀ ਖੱਖ ਨੇ ਦੱਸਿਆ ਕਿ ਇਹ ਵਿਸ਼ੇਸ਼ ਅਪਰੇਸ਼ਨ ਇਸ ਸੂਹ ਦੇ ਅਧਾਰ ’ਤੇ ਚਲਾਇਆ ਗਿਆ ਸੀ ਕਿ ਗਰੋਹ ਜਲਦੀ ਹੀ ਕਿਸੇ ਗੈਸ ਸਟੇਸ਼ਨ ਜਾਂ ਨੇੜਲੇ ਪਿੰਡ ਦੁਲਮਾ ਵਿੱਚ ਇੱਕ ਇਮਾਰਤ ’ਤੇ ਹਮਲਾ ਕਰਨ ਦੀ ਯੋਜਨਾ ਬਣਾ ਰਿਹਾ ਸੀ। ਪੁਲੀਸ ਨੇ ਛਾਪਾ ਮਾਰ ਕੇ ਚਾਰ ਵਿਅਕਤੀਆਂ ਨੂੰ ਦਬੋਚ ਲਿਆ ਜਦਕਿ ਚਾਰ ਹੋਰ ਹਨੇਰੇ ਵਿੱਚ ਮੌਕੇ ਤੋਂ ਫ਼ਰਾਰ ਹੋ ਗਏ। ਕਾਰਵਾਈ ਦੌਰਾਨ, ਪੁਲੀਸ ਨੇ ਦੋ ਲੋਹੇ ਦੀਆਂ ਰਾਡਾਂ (ਚੋਰੀ ਕਰਨ ਲਈ ਵਰਤੇ ਜਾਣ ਵਾਲੇ ਸੰਦ), ਦੋ ਵੱਡੇ ਚਾਕੂ ਅਤੇ ਇੱਕ ਕਾਲੇ ਰੰਗ ਦਾ ਪੈਸ਼ਨ ਮੋਟਰਸਾਈਕਲ ਜੋ ਮੁੱਖ ਮੁਲਜ਼ਮ ਬਿਲਾਲ ਦੁਆਰਾ ਵਰਤਿਆ ਜਾਂਦਾ ਸੀ, ਬਰਾਮਦ ਕੀਤਾ ਹੈ।