For the best experience, open
https://m.punjabitribuneonline.com
on your mobile browser.
Advertisement

ਮਾਲਦੀਵ: ਰਾਸ਼ਟਰਪਤੀ ਮੁਇਜ਼ੂ ਖ਼ਿਲਾਫ਼ ਮਹਾਦੋਸ਼ ਲਿਆਉਣ ਦੀ ਤਿਆਰੀ

07:25 AM Jan 30, 2024 IST
ਮਾਲਦੀਵ  ਰਾਸ਼ਟਰਪਤੀ ਮੁਇਜ਼ੂ ਖ਼ਿਲਾਫ਼ ਮਹਾਦੋਸ਼ ਲਿਆਉਣ ਦੀ ਤਿਆਰੀ
Advertisement

ਮਾਲੇ, 29 ਜਨਵਰੀ
ਮਾਲਦੀਵ ਦੀ ਸੰਸਦ ’ਚ ਹਾਕਮ ਅਤੇ ਵਿਰੋਧੀ ਧਿਰ ਦੇ ਮੈਂਬਰਾਂ ਵਿਚਕਾਰ ਝੜਪ ਮਗਰੋਂ ਹੁਣ ਮੁੱਖ ਵਿਰੋਧੀ ਧਿਰ ਐੱਮਡੀਪੀ ਰਾਸ਼ਟਰਪਤੀ ਮੁਹੰਮਦ ਮੁਇਜ਼ੂ ਖ਼ਿਲਾਫ਼ ਮਹਾਦੋਸ਼ ਦਾ ਮਤਾ ਪੇਸ਼ ਕਰਨ ਦੀ ਯੋਜਨਾ ਬਣਾ ਰਹੀ ਹੈ। ਰਾਸ਼ਟਰਪਤੀ ਦੀ ਕੈਬਨਿਟ ’ਚ ਚੀਨ ਹਮਾਇਤੀ ਚਾਰ ਮੈਂਬਰਾਂ ਨੂੰ ਪ੍ਰਵਾਨਗੀ ਦੇ ਮੁੱਦੇ ’ਤੇ ਮਤਭੇਦ ਹੋਣ ਕਾਰਨ ਐਤਵਾਰ ਨੂੰ ਕਾਨੂੰਨਸਾਜ਼ ਆਪਸ ’ਚ ਭਿੜ ਗਏ ਸਨ। ਮਾਲਦੀਵ ਡੈਮੋਕਰੈਟਿਕ ਪਾਰਟੀ (ਐੱਮਡੀਪੀ) ਅਤੇ ਡੈਮੋਕਰੈਟਾਂ ਦੇ ਸੰਸਦੀ ਧੜੇ ਨੇ ਵੋਟਿੰਗ ਤੋਂ ਪਹਿਲਾਂ ਚਾਰ ਮੈਂਬਰਾਂ ਨੂੰ ਪ੍ਰਵਾਨਗੀ ਦੇਣ ਤੋਂ ਇਨਕਾਰ ਕਰਨ ਦਾ ਫ਼ੈਸਲਾ ਲਿਆ ਸੀ ਜਿਸ ਮਗਰੋਂ ਹਾਕਮ ਧਿਰ ਪ੍ਰੋਗਰੈਸਿਵ ਪਾਰਟੀ ਆਫ਼ ਮਾਲਦੀਵ (ਪੀਪੀਐੱਮ) ਅਤੇ ਪੀਪਲਜ਼ ਨੈਸ਼ਨਲ ਕਾਨਫਰੰਸ (ਪੀਐੱਨਸੀ) ਗੱਠਜੋੜ ਦੇ ਮੈਂਬਰਾਂ ਨੇ ਸੰਸਦੀ ਬੈਠਕ ’ਚ ਅੜਿੱਕਾ ਡਾਹੁਦਿਆਂ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ ਸੀ। ‘ਸਨਡਾਟਕਾਮ’ ਨੇ ਐੱਮਡੀਪੀ ਦੇ ਇਕ ਸੰਸਦ ਮੈਂਬਰ ਦੇ ਹਵਾਲੇ ਨਾਲ ਕਿਹਾ ਕਿ ਐੱਮਡੀਪੀ ਨੇ ਆਪਣੇ ਭਾਈਵਾਲ ਡੈਮੋਕਰੈਟਾਂ ਨਾਲ ਮਿਲ ਕੇ ਮਹਾਦੋਸ਼ ਮਤੇ ਲਈ ਦਸਤਖ਼ਤ ਇਕੱਠੇ ਕਰ ਲਏ ਹਨ ਪਰ ਉਨ੍ਹਾਂ ਨੂੰ ਅਜੇ ਜਮ੍ਹਾਂ ਕਰਵਾਇਆ ਜਾਣਾ ਬਾਕੀ ਹੈ। ‘ਦਿ ਐਡੀਸ਼ਨਡਾਟਐੱਮਵੀ’ ਮੁਤਾਬਕ ਐੱਮਡੀਪੀ ਦੇ ਸੰਸਦੀ ਗੁੱਟ ਦੀ ਅੱਜ ਹੋਈ ਮੀਟਿੰਗ ਦੌਰਾਨ ਮਹਾਦੋਸ਼ ਮਤਾ ਲਿਆਉਣ ਦਾ ਸਰਬਸੰਮਤੀ ਨਾਲ ਫ਼ੈਸਲਾ ਲਿਆ ਗਿਆ। ਸੰਸਦ ਨੇ ਮਹਾਦੋਸ਼ ਮਤਾ ਆਸਾਨੀ ਨਾਲ ਪੇਸ਼ ਕਰਨ ਲਈ ਆਪਣੇ ਹੁਕਮਾਂ ’ਚ ਹੁਣੇ ਜਿਹੇ ਸੋਧ ਕੀਤੀ ਹੈ। ਸੰਸਦ ’ਚ ਕੁੱਲ 87 ’ਚੋਂ ਐੱਮਡੀਪੀ ਅਤੇ ਡੈਮੋਕਰੈਟਸ ਦੇ 56 ਮੈਂਬਰ ਹਨ। ‘ਦਿ ਸਨਡਾਟਕਾਮ’ ਦੀ ਰਿਪੋਰਟ ’ਚ ਕਿਹਾ ਗਿਆ ਹੈ ਕਿ ਸੰਵਿਧਾਨ ਮੁਤਾਬਕ ਰਾਸ਼ਟਰਪਤੀ ਖ਼ਿਲਾਫ਼ 56 ਵੋਟਾਂ ਨਾਲ ਮਹਾਦੋਸ਼ ਚਲਾਇਆ ਜਾ ਸਕਦਾ ਹੈ। ਰਾਸ਼ਟਰਪਤੀ ਖ਼ਿਲਾਫ਼ ਮਹਾਦੋਸ਼ ਮਤੇ ਲਈ ਦਸਤਖ਼ਤ ਇਕੱਠੇ ਕਰਨ ਦਾ ਫ਼ੈਸਲਾ ਉਸ ਸਮੇਂ ਲਿਆ ਗਿਆ ਹੈ ਜਦੋਂ ਇਕ ਦਿਨ ਪਹਿਲਾਂ ਪੀਪੀਐੱਮ-ਪੀਐੱਨਸੀ ਗੱਠਜੋੜ ਦੇ 23 ਸੰਸਦ ਮੈਂਬਰਾਂ ਨੇ ਸਪੀਕਰ ਮੁਹੰਮਦ ਅਸਲਮ ਅਤੇ ਡਿਪਟੀ ਸਪੀਕਰ ਅਹਿਮਦ ਸਲੀਮ ਖ਼ਿਲਾਫ਼ ਬੇਭਰੋਸਗੀ ਦੇ ਮਤੇ ਪੇਸ਼ ਕੀਤੇ ਸਨ। ਇਹ ਦੋਵੇਂ ਆਗੂ ਐੱਮਡੀਪੀ ਦੇ ਹਨ। -ਪੀਟੀਆਈ

Advertisement

Advertisement
Author Image

joginder kumar

View all posts

Advertisement
Advertisement
×