ਮਾਲਦੀਵ ਨੇ ਪਾਕਿ ’ਚ ਤਾਇਨਾਤ ਆਪਣੇ ਹਾਈ ਕਮਿਸ਼ਨਰ ਨੂੰ ਵਾਪਸ ਸੱਦਿਆ
ਇਸਲਾਮਾਬਾਦ, 6 ਨਵੰਬਰ
ਮਾਲਦੀਵ ਨੇ ਪਾਕਿਸਤਾਨ ਵਿੱਚ ਤਾਇਨਾਤ ਆਪਣੇ ਹਾਈ ਕਮਿਸ਼ਨਰ ਨੂੰ ਅਫ਼ਗਾਨ ਤਾਲਿਬਾਨ ਸਰਕਾਰ ਦੇ ਡਿਪਲੋਮੈਟ ਨਾਲ ਬਿਨਾਂ ਮਨਜ਼ੂਰੀ ਮੁਲਾਕਾਤ ਕਰਨ ’ਤੇ ਵਾਪਸ ਸੱਦ ਲਿਆ ਹੈ। ਪਾਕਿਸਾਤਨੀ ਅਧਿਕਾਰੀਆਂ ਨੇ ਦੱਸਿਆ ਕਿ ਉਹ ਇਸ ਘਟਨਾਕ੍ਰਮ ਤੋਂ ਜਾਣੂ ਹਨ। ਮਾਲਦੀਵ ਨੇ ਅਫ਼ਗਾਨਿਸਤਾਨ ਦੀ ਤਾਲਿਬਾਨ ਸਰਕਾਰ ਨੂੰ ਮਾਨਤਾ ਨਹੀਂ ਦਿੱਤੀ ਹੈ। ਅਫ਼ਗਾਨਿਸਤਾਨ ਵਿੱਚੋਂ ਅਮਰੀਕੀ ਅਤੇ ਨਾਟੋ ਫ਼ੌਜਾਂ ਦੇ ਪਿੱਛੇ ਹਟਣ ਮਗਰੋਂ ਅਗਸਤ 2021 ਵਿੱਚ ਤਾਲਿਬਾਨ ਨੇ ਦੇਸ਼ ਦੀ ਸੱਤਾ ’ਤੇ ਕਬਜ਼ਾ ਕਰ ਲਿਆ ਸੀ।
ਮਾਲਦੀਵ ਦੇ ਵਿਦੇਸ਼ ਮੰਤਰਾਲੇ ਨੇ ਤਿੰਨ ਨਵੰਬਰ ਨੂੰ ਇੱਕ ਬਿਆਨ ਵਿੱਚ ਕਿਹਾ ਕਿ ਪਾਕਿਸਤਾਨ ਵਿੱਚ ਮਾਲਦੀਪ ਦੇ ਹਾਈ ਕਮਿਸ਼ਨਰ ਮੁਹੰਮਦ ਥੋਹਾ ਅਤੇ ਅਫ਼ਗਾਨਿਸਤਾਨ ਦੇ ਇੰਚਾਰਜ ਅਹਿਮਦ ਸ਼ਾਕਿਬ ਦਰਮਿਆਨ ਹਾਲ ਹੀ ਵਿੱਚ ਮੀਟਿੰਗ ਨੂੰ ‘ਮਾਲਦੀਵ ਸਰਕਾਰ ਨੇ ਮਨਜ਼ੂਰੀ ਨਹੀਂ ਦਿੱਤੀ ਸੀ।’ ਵਿਸਥਾਰਤ ਜਾਣਕਾਰੀ ਦਿੱਤੇ ਬਿਨਾਂ ਬਿਆਨ ਵਿੱਚ ਕਿਹਾ ਗਿਆ ਕਿ ਸ਼ਨਿਚਰਵਾਰ ਨੂੰ ਥੋਹਾ ਖ਼ਿਲਾਫ਼ ਢੁਕਵੀਂ ਕਾਰਵਾਈ ਕੀਤੀ ਗਈ। ਇਸ ਤੋਂ ਕੁੱਝ ਦਿਨ ਪਹਿਲਾਂ ਇਸਲਾਮਾਬਾਦ ਸਥਿਤ ਅਫ਼ਗਾਨ ਦੂਤਾਵਾਸ ਨੇ ਬਿਆਨ ਵਿੱਚ ਕਿਹਾ ਸੀ ਕਿ ਦੋਵਾਂ ਅਧਿਕਾਰੀਆਂ ਨੇ ਅਫ਼ਗਾਨਿਸਤਾਨ ਰਾਹੀਂ ਮਾਲਦੀਵ ਅਤੇ ਮੱਧ ਏਸ਼ਿਆਈ ਦੇਸ਼ਾਂ ਵਿਚਾਲੇ ਸਹਿਯੋਗ ਅਤੇ ਵਪਾਰਕ ਸਬੰਧਾਂ ਨੂੰ ਵਧਾਉਣ ਦੇ ਤਰੀਕਿਆਂ ’ਤੇ ਚਰਚਾ ਕਰਨ ਲਈ ਮੁਲਾਕਾਤ ਕੀਤੀ ਸੀ। ਇਸਲਾਮਾਬਾਦ ਸਥਿਤ ਮਾਲਦੀਵ ਦੇ ਹਾਈ ਕਮਿਸ਼ਨਰ ਨੇ ਆਪਣੀ ਵੈੱਬਸਾਈਟ ਤੋਂ ਥੋਹਾ ਦੀ ਫੋਟੋ ਹਟਾ ਦਿੱਤੀ ਹੈ। -ਏਪੀ