ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਮਾਲਦੀਵ ਚੋਣ ਨਤੀਜੇ ਅਤੇ ਭਾਰਤ

08:27 AM Nov 09, 2023 IST

ਆਨੰਦ ਕੁਮਾਰ
ਹਾਲ ਹੀ ਵਿਚ ਮਾਲਦੀਵ ਵਿਚ ਹੋਈ ਰਾਸ਼ਟਰਪਤੀ ਦੀ ਚੋਣ ਵਿਚ ਵਿਰੋਧੀ ਧਿਰ ਦੀਆਂ ਪਾਰਟੀਆਂ ਦੇ ਉਮੀਦਵਾਰ ਮੁਹੰਮਦ ਮੁਇਜ਼ੂ ਜੇਤੂ ਹੋ ਕੇ ਨਿੱਤਰੇ। ਉਹ ਪੀਪਲਜ਼ ਨੈਸ਼ਨਲ ਕਾਂਗਰਸ (ਪੀਐੱਨਸੀ) ਅਤੇ ਪ੍ਰੋਗ੍ਰੈਸਿਵ ਪਾਰਟੀ ਆਫ ਮਾਲਦੀਵ (ਪੀਪੀਐੱਮ) ਦੇ ਸਾਂਝੇ ਉਮੀਦਵਾਰ ਸਨ। ਉਨ੍ਹਾਂ ਦੀ ਜਿੱਤ ਨਾਲ ਭਾਰਤ ਪੱਖੀ ਰਾਸ਼ਟਰਪਤੀ ਮੁਹੰਮਦ ਸੋਲੀਹ ਨੂੰ ਸੱਤਾ ਤੋਂ ਬਾਹਰ ਹੋਣਾ ਪਿਆ ਜੋ ਮਾਲਦੀਵਿਅਨ ਡੈਮੋਕਰੈਟਿਕ ਪਾਰਟੀ (ਐੱਮਡੀਪੀ) ਨਾਲ ਸਬੰਧ ਰੱਖਦੇ ਹਨ। ਮੁਹੰਮਦ ਮੁਇਜ਼ੂ ਇਸ ਮਹੀਨੇ ਰਾਸ਼ਟਰਪਤੀ ਦਾ ਕਾਰਜਭਾਰ ਸੰਭਾਲਣਗੇ ਪਰ ਉਨ੍ਹਾਂ ਹੁਣੇ ਤੋਂ ਹੀ ਮਾਲਦੀਵ ਦੀ ਘਰੋਗੀ ਅਤੇ ਵਿਦੇਸ਼ ਨੀਤੀ ’ਤੇ ਅਸਰ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ। ਉਹ ਸਾਬਕਾ ਰਾਸ਼ਟਰਪਤੀ ਅਬਦੁੱਲਾ ਯਾਮੀਨ ਦੇ ਸਹਿਯੋਗੀ ਰਹੇ ਹਨ ਜਿਨ੍ਹਾਂ ਦੇ ਕਾਰਜਕਾਲ ਦੌਰਾਨ ਚੀਨ ਨੇ ਮਾਲਦੀਵ ਅੰਦਰ ਕਾਫ਼ੀ ਪੈਰ ਪਸਾਰ ਲਏ ਸਨ। ਹੁਣ ਵੀ ਖਦਸ਼ੇ ਜਤਾਏ ਜਾ ਰਹੇ ਹਨ ਕਿ ਭਾਰਤ ਮਾਲਦੀਵ ਸਬੰਧਾਂ ਵਿਚ ਤਣਾਅ ਆ ਸਕਦਾ ਹੈ।
ਯਾਮੀਨ ਪ੍ਰਸ਼ਾਸਨ ਵੇਲੇ ਮੁਇਜ਼ੂ ਮਕਾਨ ਉਸਾਰੀ ਤੇ ਬੁਨਿਆਦੀ ਢਾਂਚੇ ਬਾਰੇ ਮੰਤਰੀ ਹੁੰਦੇ ਸਨ; ਉਦੋਂ ਉਨ੍ਹਾਂ ਕਈ ਅਜਿਹੇ ਫ਼ੈਸਲੇ ਕੀਤੇ ਜਿਨ੍ਹਾਂ ਤੋਂ ਚੀਨ ਦੇ ਹਿੱਤਾਂ ਨੂੰ ਹੁਲਾਰਾ ਮਿਲਿਆ ਸੀ। ਚੀਨ ਨੇ ਮਾਲਦੀਵ ਵਿਚ ਬੁਨਿਆਦੀ ਢਾਂਚੇ ਦੇ ਬਹੁਤ ਸਾਰੇ ਪ੍ਰਾਜੈਕਟ ਸ਼ੁਰੂ ਕੀਤੇ ਸਨ, ਬਾਅਦ ਵਿਚ ਮਾਲਦੀਵ ਚੀਨ ਦੇ ‘ਬੈਲਟ ਐਂਡ ਰੋਡ ਇਨੀਸ਼ੀਏਟਿਵ’ (ਬੀਆਰਆਈ) ਵਿਚ ਸ਼ਾਮਲ ਹੋ ਗਿਆ ਸੀ। ਮਾਲਦੀਵ ਚੀਨ ਨਾਲ ਖੁੱਲ੍ਹੇ ਵਪਾਰ ਲਈ ਸਮਝੌਤਾ ਕਰਨ ਬਾਰੇ ਸੋਚ ਵਿਚਾਰ ਕਰ ਰਿਹਾ ਸੀ ਪਰ ਸੋਲੀਹ ਸਰਕਾਰ ਨੇ ਇਸ ਦੀ ਪ੍ਰਵਾਨਗੀ ਨਹੀਂ ਦਿੱਤੀ। ਯਾਮੀਨ ਸਰਕਾਰ ਦਾ ਸਭ ਤੋਂ ਵਿਵਾਦਗ੍ਰਸਤ ਫ਼ੈਸਲਾ ਵਿਦੇਸ਼ੀ ਮੁਲਕਾਂ ਨੂੰ ਟਾਪੂ ਵੇਚਣ ਨਾਲ ਜੁੜਿਆ ਹੋਇਆ ਸੀ। ਇਸ ਸਬੰਧੀ ਬਿੱਲ ਵੀ ਪਾਸ ਕਰਾਇਆ ਗਿਆ ਜਿਸ ਸਦਕਾ ਚੀਨੀਆਂ ਨੂੰ ਮਾਲਦੀਵ ਦੇ ਕਈ ਟਾਪੂਆਂ ’ਤੇ ਕਬਜ਼ਾ ਕਰਨ ਦਾ ਰਾਹ ਪੱਧਰਾ ਹੋ ਗਿਆ ਸੀ ਜਿਨ੍ਹਾਂ ਦੀ ਉਹ ਮਨਮਰਜ਼ੀ ਨਾਲ ਵਰਤੋਂ ਕਰ ਸਕਦੇ ਹਨ।
ਇਸ ਨਾਲ ਮਾਲਦੀਵ ਦੀ ਪ੍ਰਭੂਸੱਤਾ ਖ਼ਤਰੇ ਵਿਚ ਪੈ ਸਕਦੀ ਹੈ। ਚੰਗੇ ਭਾਗੀਂ, ਅਬਦੁੱਲਾ ਯਾਮੀਨ ਦੇ ਸੱਤਾ ਤੋਂ ਲਾਂਭੇ ਹੋ ਜਾਣ ਨਾਲ ਚੀਨ ਆਪਣੇ ਮਨਸੂਬਿਆਂ ਵਿਚ ਕਾਮਯਾਬ ਨਹੀਂ ਹੋ ਸਕਿਆ। ਅਸਲ ਵਿਚ ‘ਇੰਡੀਆ ਆਊਟ’ (ਭਾਰਤ ਨੂੰ ਬਾਹਰ ਕੱਢੋ) ਦੀ ਮੁਹਿੰਮ ਯਾਮੀਨ ਨੇ ਹੀ ਚਲਾਈ ਸੀ ਜਿਸ ਦਾ ਜ਼ਾਹਿਰਾ ਮਕਸਦ ਮਾਲਦੀਵ ਦੀ ਪ੍ਰਭੂਸੱਤਾ ਦੀ ਰਾਖੀ ਕਰਨਾ ਦੱਸਿਆ ਜਾਂਦਾ ਸੀ।
ਯਾਮੀਨ ਦਾਅਵਾ ਕਰਦੇ ਸਨ ਕਿ ਮਾਲਦੀਵ ਵਿਚ ਭਾਰਤੀ ਸੈਨਿਕਾਂ ਦੀ ਮੌਜੂਦਗੀ ਨਾਲ ਇਸ ਦੀ ਪ੍ਰਭੂਸੱਤਾ ਨੂੰ ਖ਼ਤਰਾ ਪੈਦਾ ਹੁੰਦਾ ਹੈ। ਅਸਲ ਵਿਚ ਇਹ ਮਾਲਦੀਵ ਦੇ ਲੋਕਾਂ ਅੰਦਰ ਰਾਸ਼ਟਰਵਾਦ ਦੀ ਭਾਵਨਾ ਭੜਕਾਉਣ ਦਾ ਹਥਕੰਡਾ ਸੀ ਅਤੇ ਇਹ ਕਾਫ਼ੀ ਹੱਦ ਤੱਕ ਸਫ਼ਲ ਵੀ ਰਹੀ ਸੀ। ਮੁਇਜ਼ੂ ਯਾਮੀਨ ਦੀ ‘ਇੰਡੀਆ ਆਊਟ’ ਮੁਹਿੰਮ ਦੀ ਹਮਾਇਤ ਕਰਦੇ ਰਹੇ ਹਨ। ਯਾਮੀਨ ਜੇਲ੍ਹ ਵਿਚ ਹੋਣ ਕਰ ਕੇ ਚੋਣ ਨਹੀਂ ਲੜ ਸਕਦੇ ਸਨ ਅਤੇ ਇਸ ਨਾਲ ਚੋਣ ਪ੍ਰਚਾਰ ਵਿਚ ਮੁਇਜ਼ੂ ਨੂੰ ਲਾਭ ਮਿਲਿਆ।
ਮੁਇਜ਼ੂ ਦੀ ਚੀਨ ਨਾਲ ਨੇੜਤਾ ਕਈ ਹੋਰ ਮੌਕਿਆਂ ’ਤੇ ਵੀ ਨਜ਼ਰ ਆਈ ਸੀ। ਪਿਛਲੇ ਸਾਲ ਆਪਣੀ ਚੀਨ ਯਾਤਰਾ ਦੌਰਾਨ ਮੁਇਜ਼ੂ ਨੇ ਆਖਿਆ ਸੀ ਕਿ ਜੇ ਉਨ੍ਹਾਂ ਦੀ ਪਾਰਟੀ ਸੱਤਾ ਵਿਚ ਆਈ ਤਾਂ ਦੁਵੱਲੇ ਸਬੰਧਾਂ ਵਿਚ ਨਵਾਂ ਅਧਿਆਇ ਲਿਖਿਆ ਜਾਵੇਗਾ। ਮੁਹੰਮਦ ਮੁਇਜ਼ੂ ਨੂੰ ਚੋਣ ਵਿਚ ਜਿੱਤ ਦੀ ਵਧਾਈ ਸਭ ਤੋਂ ਪਹਿਲਾਂ ਚੀਨ ਦੇ ਰਾਜਦੂਤ ਨੇ ਦਿੱਤੀ ਸੀ। ਦਰਅਸਲ, ਯਾਮੀਨ ਅਤੇ ਮੁਇਜ਼ੂ ਦੀ ਚੀਨ ਨਾਲ ਨੇੜਤਾ ਕਰ ਕੇ ਇਸ ਸਾਲ ਹੋਈ ਰਾਸ਼ਟਰਪਤੀ ਦੀ ਚੋਣ ਨੂੰ ਉਸ ਦੇਸ਼ ਅੰਦਰ ਚੀਨ ਅਤੇ ਭਾਰਤ ਦੀਆ ਭੂਮਿਕਾਵਾਂ ’ਤੇ ਇਕ ਰਾਇਸ਼ੁਮਾਰੀ ਵਜੋਂ ਦੇਖਿਆ ਜਾ ਰਿਹਾ ਸੀ।
ਬਿਨਾਂ ਸ਼ੱਕ, ਵਿਰੋਧੀ ਧਿਰ ਦਾ ‘ਇੰਡੀਆ ਆਊਟ’ ਦਾ ਨਾਅਰਾ ਉਸ ਦੀ ਚੋਣ ਪ੍ਰਚਾਰ ਮੁਹਿੰਮ ਦਾ ਸਭ ਤੋਂ ਵਿਵਾਦਗ੍ਰਸਤ ਹਿੱਸਾ ਬਣਿਆ ਰਿਹਾ ਹੈ। ਭਾਰਤ ਲਈ ਚਿੰਤਾ ਦਾ ਮੁੱਖ ਕਾਰਨ ਵੀ ਇਹੀ ਹੈ ਹਾਲਾਂਕਿ ਜਿੱਤ ਤੋਂ ਬਾਅਦ ਗੱਠਜੋੜ ਦੇ ਕੁਝ ਮੈਂਬਰਾਂ ਨੇ ਸਫ਼ਾਈ ਦਿੱਤੀ ਹੈ ਕਿ ਇੰਡੀਆ ਆਊਟ ਦਾ ਮਤਲਬ ਸਿਰਫ਼ ਇੰਨਾ ਹੈ ਕਿ ਮਾਲਦੀਵ ਵਿਚ ਤਾਇਨਾਤ ਭਾਰਤੀ ਫ਼ੌਜੀ ਵਾਪਸ ਭੇਜੇ ਜਾਣ। ਮੁਇਜ਼ੂ ਨੇ ਆਪਣੀ ਚੁਣਾਵੀ ਜਿੱਤ ਤੋਂ ਬਾਅਦ ਦ੍ਰਿੜਾਇਆ ਹੈ ਕਿ ਉਹ ਰਾਸ਼ਟਰਪਤੀ ਦਾ ਅਹੁਦਾ ਸੰਭਾਲਣ ਵਾਲੇ ਦਿਨ (ਹਲਫ਼ਦਾਰੀ ਸਮਾਗਮ 17 ਨਵੰਬਰ ਨੂੰ) ਤੋਂ ਹੀ ਆਪਣੇ ਮੁਲਕ ਵਿਚ ਤਾਇਨਾਤ ਭਾਰਤੀ ਫ਼ੌਜੀਆਂ ਨੂੰ ਵਾਪਸ ਭੇਜਣ ਲਈ ਕਦਮ ਚੁੱਕਣਗੇ। ਦਰਅਸਲ, ਉਨ੍ਹਾਂ ਇਸ ਸਬੰਧ ਵਿਚ ਪਹਿਲਾਂ ਹੀ ਭਾਰਤੀ ਹਾਈ ਕਮਿਸ਼ਨ ਨਾਲ ਮੀਟਿੰਗ ਕੀਤੀ ਹੈ। ਉਹ ਇਹ ਵੀ ਚਾਹੁੰਦੇ ਹਨ ਕਿ ਭਾਰਤ ਮਾਲਦੀਵ ਦੇ ਕਰਜ਼ੇ ਦੀ ਨਵੇਂ ਸਿਰਿਓਂ ਵਿਉਂਤਬੰਦੀ ਕਰੇ। ਇਸ ਵੇਲੇ ਮਾਲਦੀਵ ਵਿਚ ਘੱਟੋ-ਘੱਟ 45 ਇਨਫਰਾਸਟ੍ਰਕਚਰ ਪ੍ਰਾਜੈਕਟਾਂ ਵਿਚ ਭਾਰਤ ਹਿੱਸੇਦਾਰ ਹੈ। ਕੁਝ ਪ੍ਰਾਜੈਕਟ ਪੀਣ ਵਾਲੇ ਪਾਣੀ ਅਤੇ ਸਿਹਤ ਸੰਭਾਲ ਨਾਲ ਜੁੜੇ ਹਨ ਜਿਨ੍ਹਾਂ ਦਾ ਮਾਲਦੀਵ ਦੇ ਲੋਕਾਂ ਦੇ ਜੀਵਨ ਉਪਰ ਹਾਂਦਰੂ ਅਸਰ ਪੈ ਰਿਹਾ ਹੈ।
ਹਾਲਾਂਕਿ ਮੁਇਜ਼ੂ ਨੇ ਆਖਿਆ ਹੈ ਕਿ ਉਹ ਭਾਰਤ ਨਾਲ ਜੁੜੇ ਪ੍ਰਾਜੈਕਟਾਂ ਦਾ ਜਾਇਜ਼ਾ ਲੈਣਗੇ ਪਰ ਉਹ ਇਨ੍ਹਾਂ ਪ੍ਰਾਜੈਕਟਾਂ ਨਾਲ ਕੋਈ ਛੇੜਛਾੜ ਨਹੀਂ ਕਰਨਗੇ। ਇਸ ਪੱਖ ਤੋਂ ਉਨ੍ਹਾਂ ਦੀ ਪਹੁੰਚ ਵਿਚ ਵਿਰੋਧਾਭਾਸ ਹੈ। ਅਬਦੁੱਲਾ ਯਾਮੀਨ ਦੇ ਕਾਰਜਕਾਲ ਦੌਰਾਨ ਜੀਐੱਮਆਰ ਕੰਪਨੀ ਦਾ ਪ੍ਰਾਜੈਕਟ ਰੱਦ ਕਰ ਦਿੱਤਾ ਸੀ ਜਿਸ ਕਰ ਕੇ ਮਾਲਦੀਵ ਨੂੰ ਜੀਐੱਮਆਰ ਨੂੰ 27 ਕਰੋੜ ਡਾਲਰ ਦਾ ਮੁਆਵਜ਼ਾ ਦੇਣਾ ਪਿਆ ਸੀ। ਮੁਇਜ਼ੂ ਨੇ ਫਿਲਹਾਲ ਕਰਜ਼ੇ ਦੀਆਂ ਕਿਸ਼ਤਾਂ ਨਵੇਂ ਸਿਰੇ ਤੋਂ ਤੈਅ ਕਰਨ ਦੀ ਹੀ ਗੱਲ ਕੀਤੀ ਹੈ ਪਰ ਜੇ ਉਨ੍ਹਾਂ ਜਾਂ ਯਾਮੀਨ ਨੇ ਭਾਰਤੀ ਪ੍ਰਾਜੈਕਟਾਂ ਦੇ ਰਾਹ ਵਿਚ ਰੋੜੇ ਅਟਕਾਏ ਤਾਂ ਇਸ ਨਾਲ ਯਕੀਨਨ ਦੁਵੱਲੇ ਸਬੰਧ ਪ੍ਰਭਾਵਤਿ ਹੋਣਗੇ।
ਮੁਇਜ਼ੂ ਸਲਾਫ਼ੀ ਵਿਚਾਰਧਾਰਾ ਨਾਲ ਜੁੜੇ ਹੋਏ ਹਨ ਜਿਸ ਕਰ ਕੇ ਦੁਵੱਲੇ ਸਬੰਧਾਂ ਵਿਚ ਇਕ ਹੋਰ ਮਸਲਾ ਪੈਦਾ ਹੋ ਸਕਦਾ ਹੈ। ਮਾਲਦੀਵ ਵਿਚ ਧਾਰਮਿਕ ਕੱਟੜਤਾ ਦਾ ਉਭਾਰ ਹੋਣਾ ਵਾਕਈ ਚਿੰਤਾ ਦਾ ਵਿਸ਼ਾ ਹੈ। ਜਿ਼ਕਰਯੋਗ ਹੈ ਕਿ ਆਈਐੱਸਆਈਐੱਸ ਵਿਚ ਸ਼ਾਮਲ ਹੋਣ ਵਾਲੇ ਲੜਾਕਿਆਂ ਵਿਚ ਮਾਲਦੀਵਿਆਈ ਨੌਜਵਾਨਾਂ ਦਾ ਅਨੁਪਾਤ ਕਾਫ਼ੀ ਜਿ਼ਆਦਾ ਹੈ। ਧਾਰਮਿਕ ਕੱਟੜਪੰਥੀਆਂ ਨੇ ਬੀਤੇ ਵਿਚ ਯੋਗ ਦਿਵਸ ਜਿਹੇ ਸਮਾਗਮ ਹੋਣ ਤੋਂ ਰੋਕੇ ਸਨ। ਅਸਲ ਵਿਚ ਧਾਰਮਿਕ ਕੱਟੜਪੰਥੀਆਂ ਖਿਲਾਫ਼ ਸੋਲੀਹ ਸਰਕਾਰ ਦੀ ਸਖ਼ਤ ਕਾਰਵਾਈ ਕਰਨ ਤੋਂ ਝਜਿਕ ਕਰ ਕੇ ਰਾਸ਼ਟਰਪਤੀ ਸੋਲੀਹ ਅਤੇ ਸਾਬਕਾ ਰਾਸ਼ਟਰਪਤੀ ਮੁਹੰਮਦ ਨਾਸ਼ੀਦ ਵਿਚਕਾਰ ਅਣਬਣ ਹੋਈ ਸੀ। ਨਾਸ਼ੀਦ ਇਸ ਗੱਲੋਂ ਵੀ ਨਾਰਾਜ਼ ਸਨ ਕਿ ਸੋਲੀਹ ਨੇ ਕੁਝ ਭ੍ਰਿਸ਼ਟ ਮੰਤਰੀਆਂ ਖਿਲਾਫ਼ ਕਾਰਵਾਈ ਕਰਨ ਤੋਂ ਇਨਕਾਰ ਕੀਤਾ ਸੀ। ਬਿਨਾਂ ਸ਼ੱਕ ਇਨ੍ਹਾਂ ਸਾਰੇ ਮੁੱਦਿਆਂ ਨੇ ਅਸਰ ਪਾਇਆ ਅਤੇ ਐੱਮਡੀਪੀ ਵਿਚ ਫੁੱਟ ਪੈਦਾ ਹੋਣ ਕਰ ਕੇ ਮੁਇਜ਼ੂ ਦਾ ਰਾਹ ਆਸਾਨ ਹੋ ਗਿਆ। ਅਸਲ ਵਿਚ ਮੁਹੰਮਦ ਨਾਸ਼ੀਦ ਰਾਸ਼ਟਰਪਤੀ ਦੀ ਚੋਣ ਲਈ ਐੱਮਡੀਪੀ ਦਾ ਉਮੀਦਵਾਰ ਬਣਨਾ ਚਾਹੁੰਦੇ ਸਨ ਪਰ ਜਦੋਂ ਅਜਿਹਾ ਨਾ ਹੋ ਸਕਿਆ ਤਾਂ ਉਨ੍ਹਾਂ ਪਾਰਟੀ ਤੋੜ ਦਿੱਤੀ। ਸੋਲੀਹ ਨੂੰ ਸੱਤਾ ਤੋਂ ਲਾਂਭੇ ਕਰਨ ਲਈ ਉਹ ਕਿਸੇ ਸਮੇਂ ਆਪਣੇ ਕੱਟੜ ਵਿਰੋਧੀ ਰਹੇ ਅਬਦੁੱਲਾ ਯਾਮੀਨ ਨਾਲ ਵੀ ਹੱਥ ਮਿਲਾਉਣ ਲਈ ਰਾਜ਼ੀ ਹੋ ਗਏ ਸਨ।
ਮੁਇਜ਼ੂ ਅਤੇ ਯਾਮੀਨ ਨੇ ਮਾਲਦੀਵ ਵਿਚ ਤਾਇਨਾਤ ਕੁਝ ਭਾਰਤੀ ਫ਼ੌਜੀਆਂ ਨੂੰ ਲੈ ਕੇ ਵੱਡਾ ਸਿਆਸੀ ਮੁੱਦਾ ਖੜ੍ਹਾ ਕਰਨ ਦੀ ਕੋਸ਼ਿਸ਼ ਕੀਤੀ ਸੀ ਪਰ ਤੱਥ ਇਹ ਹੈ ਕਿ ਮਾਲਦੀਵ ਦਾ ਸਮੁੰਦਰੀ ਖੇਤਰ ਇੰਨਾ ਵਿਸ਼ਾਲ ਹੈ ਕਿ ਉਹ ਆਪਣੇ ਦਮ ’ਤੇ ਇਸ ਦੀ ਸੁਰੱਖਿਆ ਨਹੀਂ ਕਰ ਸਕਦਾ। ਭਾਰਤ ਨੇ ਹਿੰਦ ਮਹਾਸਾਗਰ ਖਿੱਤੇ ਅੰਦਰ ਹਮੇਸ਼ਾ ਸੁਰੱਖਿਆ ਸੇਵਾਵਾਂ ਮੁਹੱਈਆ ਕਰਾਉਣ ਦੀ ਪੇਸ਼ਕਸ਼ ਕੀਤੀ ਹੈ। ਅਜੇ ਤੱਕ ਮਾਲਦੀਵ ਅਤੇ ਸ੍ਰੀਲੰਕਾ ਇਸ ਪ੍ਰਬੰਧ ਤੋਂ ਕਾਫ਼ੀ ਖੁਸ਼ ਹਨ ਪਰ ਹੁਣ ਇਸ ਖਿੱਤੇ ਅੰਦਰ ਚੀਨ ਦੇ ਦਖ਼ਲ ਨਾਲ ਇਸ ਪ੍ਰਬੰਧ ਵਿਚ ਖਿਚਾਅ ਆਉਣ ਲੱਗ ਪਿਆ ਹੈ।
ਭਾਰਤ ਨੇ ਆਂਢ-ਗੁਆਂਢ ਵਿਚ ਕਿਸੇ ਵੀ ਸੰਕਟ ਸਮੇਂ ਸਭ ਤੋਂ ਪਹਿਲਾਂ ਮਦਦ ਲਈ ਹੁੰਗਾਰਾ ਭਰਨ ਦੀ ਆਪਣੀ ਵਚਨਬੱਧਤਾ ਵਾਰ ਵਾਰ ਦਰਸਾਈ ਹੈ। ਸੰਨ 2004 ਦੀ ਸੂਨਾਮੀ ਹੋਵੇ ਜਾਂ ਹਾਲ ਹੀ ਵਿਚ ਮਾਲਦੀਵ ਵਿਚ ਪੀਣ ਵਾਲੇ ਪਾਣੀ ਦਾ ਸੰਕਟ, ਭਾਰਤ ਮਦਦ ਪਹੁੰਚਾਉਣ ਵਾਲੇ ਮੋਹਰੀ ਮੁਲਕਾਂ ਵਿਚ ਰਿਹਾ ਹੈ। ਇਸ ਤੋਂ ਇਲਾਵਾ ਭਾਰਤ ਅਤੇ ਮਾਲਦੀਵ ਦੇ ਲੋਕਾਂ ਦਰਮਿਆਨ ਆਪਸੀ ਕਰੀਬੀ ਸਬੰਧ ਹਨ। ਪਿਛਲੇ ਸਮਿਆਂ ਵਿਚ ਮਾਲਦੀਵ ਨੇ ਕੂਟਨੀਤੀ ਪ੍ਰਤੀ ਸਾਵੀਂ ਪਹੁੰਚ ਅਪਣਾਈ ਸੀ ਹਾਲਾਂਕਿ ਯਾਮੀਨ ਸਰਕਾਰ ਵੇਲੇ ਕੁਝ ਕੁ ਅਪਵਾਦ ਰਹੇ ਸਨ। ਮੁਇਜ਼ੂ ਵਿਹਾਰਕ ਪਹੁੰਚ ਅਪਣਾ ਸਕਦੇ ਹਨ ਅਤੇ ਭਾਰਤ ਨਾਲ ਹਾਂਦਰੂ ਸਬੰਧ ਬਣਾ ਕੇ ਰੱਖ ਸਕਣ। ਉਂਝ, ਇਹ ਤਦ ਹੀ ਸੰਭਵ ਹੋ ਸਕੇਗਾ ਜੇ ਉਹ ਅਜਿਹਾ ਕੋਈ ਕਦਮ ਨਾ ਉਠਾਉਣ ਜਿਸ ਨਾਲ ਖਿੱਤੇ ਦੀ ਸੁਰੱਖਿਆ ਖ਼ਤਰੇ ਵਿਚ ਪੈਂਦੀ ਹੋਵੇ। ਹਾਲਾਂਕਿ ਚੋਣਾਂ ਦੌਰਾਨ ਮੁਇਜ਼ੂ ਦੇ ਸਿਆਸੀ ਸਲਾਹਕਾਰ ਮੁਹੰਮਦ ਹੁਸੈਨ ਸ਼ਰੀਫ਼ (ਮੁੰਧੂ) ਨੇ ਆਖਿਆ ਸੀ ਕਿ ਮੁਇਜ਼ੂ ਅਹੁਦਾ ਸੰਭਾਲਣ ਤੋਂ ਬਾਅਦ ਸਭ ਤੋਂ ਪਹਿਲਾਂ ਭਾਰਤ ਦਾ ਦੌਰਾ ਕਰਨ ਦੀ ਪਰੰਪਰਾ ਕਾਇਮ ਰੱਖਣਗੇ ਅਤੇ ਨਾਲ ਹੀ ਉਨ੍ਹਾਂ ਨਿਸ਼ਚੇ ਨਾਲ ਆਖਿਆ ਸੀ ਕਿ ਬਾਹਰੀ ਤਾਕਤਾਂ ਦੀ ਹਿੰਦ ਮਹਾਸਾਗਰ ਖਿੱਤੇ ਦੀ ਸੁਰੱਖਿਆ ਵਿਚ ਕੋਈ ਭੂਮਿਕਾ ਨਹੀਂ ਹੈ ਪਰ ਇਹ ਦੇਖਣਾ ਹਾਲੇ ਬਾਕੀ ਹੈ ਕਿ ਸੱਤਾ ਦੀ ਵਾਗਡੋਰ ਸੰਭਾਲਣ ਤੋਂ ਬਾਅਦ ਮੁਇਜ਼ੂ ਦਾ ਰੁਖ਼ ਕਿਹੋ ਜਿਹਾ ਰਹਿੰਦਾ ਹੈ।
Advertisement

*ਲੇਖਕ ਇੰਸਟੀਚਿਊਟ ਫਾਰ ਡਿਫੈਂਸ ਸਟੱਡੀਜ਼ ਐਂਡ ਅਨੈਲਸਿਸ ਦੇ ਐਸੋਸੀਏਟ ਫੈਲੋ ਹਨ।

Advertisement
Advertisement