ਮਲੇਸ਼ੀਆ ਮਾਸਟਰਜ਼: ਸਿੰਧੂ ਤੇ ਅਸ਼ਮਿਤਾ ਕੁਆਰਟਰ ਫਾਈਨਲ ’ਚ ਪਹੁੰਚੀਆਂ
ਕੁਆਲਾਲੰਪੁਰ, 23 ਮਈ
ਓਲੰਪਿਕ ਖੇਡਾਂ ’ਚ ਦੋ ਵਾਰ ਤਗ਼ਮਾ ਜੇਤੂ ਭਾਰਤੀ ਬੈਡਮਿੰਟਨ ਖਿਡਾਰਨ ਪੀਵੀ ਸਿੰਧੂ ਨੇ ਇੱਥੇ ਕੋਰੀਆ ਦੀ ਸਿਮ ਯੂ ਜਿਨ ਨੂੰ ਜਦਕਿ ਅਸ਼ਮਿਤਾ ਚਾਲੀਹਾ ਨੇ ਤੀਜਾ ਦਰਜਾ ਹਾਸਲ ਅਮਰੀਕੀ ਖਿਡਾਰਨ ਬੇਈਵੇਨ ਝਾਂਗ ਨੂੰ ਹਰਾ ਕੇ ਮਲੇਸ਼ੀਆ ਮਾਸਟਰਜ਼ ਸੁਪਰ 500 ਬੈਡਮਿੰਟਨ ਟੂਰਨਾਮੈਂਟ ਦੇ ਕੁਆਰਟਰ ਫਾਈਨਲ ’ਚ ਜਗ੍ਹਾ ਬਣਾ ਲਈ ਹੈ। ਦੂਜੇ ਰਾਊਂਡ ਵਿੱਚ ਸਿੰਧੂ ਨੇ 59 ਮਿੰਟ ਤੱਕ ਚੱਲੇ ਮੁਕਾਬਲੇ ’ਚ ਵਿਸ਼ਵ ਦੀ 34ਵੇਂ ਨੰਬਰ ਦੀ ਕੋਰਿਆਈ ਖਿਡਾਰਨ ਸਿਮ ਯੂ ਜਿਨ ਨੂੰ 21-13, 12-21, 21-14 ਨਾਲ ਮਾਤ ਦਿੱਤੀ। ਹੈਦਰਾਬਾਦ ਦੀ ਸਿੰਧੂ ਦਾ ਕੁਆਰਟਰ ਫਾਈਨਲ ’ਚ ਚੀਨ ਦੀ ਹਾਨ ਯੁਏ ਨਾਲ ਮੁਕਾਬਲਾ ਹੋਵੇਗਾ। ਇੱਕ ਹੋਰ ਮੁਕਾਬਲੇ ’ਚ ਅਸ਼ਮਿਤਾ ਨੇ ਵਿਸ਼ਵ ਦੀ 10ਵੇਂ ਨੰਬਰ ਦੀ ਅਮਰੀਕੀ ਖਿਡਾਰਨ ਜ਼ਾਂਗ ਨੂੰ 21-19, 16-21, 21-12 ਨਾਲ ਹਰਾ ਕੇ ਕੁਆਟਰ ਫਾਈਨਲ ’ਚ ਕਦਮ ਰੱਖਿਆ, ਜਿੱਥੇ ਗੁਹਾਟੀ ਦੀ ਇਸ ਖਿਡਾਰਨ ਦਾ ਸਾਹਮਣਾ ਚੀਨ ਦੇ ਜ਼ਾਂਗ ਯੀ ਮਿਨ ਨਾਲ ਹੋਵੇਗਾ। ਹੋਰ ਮੁਕਾਬਲਿਆਂ ਦੌਰਾਨ ਪੁਰਸ਼ ਸਿੰਗਲਜ਼ ’ਚ ਕਿਰਨ ਜਾਰਜ, ਮਹਿਲਾ ਡਬਲਜ਼ ’ਚ ਤਰੀਸਾ ਜੌਲੀ ਤੇ ਗਾਇਤਰੀ ਗੋਪੀਚੰਦ, ਸਿਮਰਨ ਸਿੰਘੀ ਤੇ ਰਿਤੀਕਾ ਠਾਕੁਰ ਦੀ ਜੋੜੀ ਤੋਂ ਇਲਾਵਾ ਮਿਕਸਡ ਡਬਲਜ਼ ’ਚ ਬੀ. ਸੁਮੀਤ ਰੈੱਡੀ ਤੇ ਐੱਨ. ਸਿੱਕੀ ਰੈੱਡੀ ਦੀ ਜੋੜੀ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। -ਪੀਟੀਆਈ