ਮਲਿਆਲਮ ਅਦਾਕਾਰ ਦਿਲੀਪ ਸ਼ੰਕਰ ਦੀ ਭੇਤ-ਭਰੀ ਹਾਲਤ ’ਚ ਮੌਤ
ਤਿਰੂਵਨੰਤਪੁਰਮ, 29 ਦਸੰਬਰ
ਮਸ਼ਹੂਮ ਫਿਲਮ ਅਤੇ ਟੀਵੀ ਅਦਾਕਾਰ ਦਿਲੀਪ ਸ਼ੰਕਰ, ਜਿਸ ਨੂੰ ਸੀਰੀਅਲਾਂ ਵਿੱਚ ਆਪਣੀਆਂ ਵੱਖ-ਵੱਖ ਭੂਮਿਕਾਵਾਂ ਲਈ ਜਾਣਿਆ ਜਾਂਦਾ ਹੈ, ਇੱਥੇ ਇੱਕ ਹੋਟਲ ਦੇ ਕਮਰੇ ਵਿੱਚ ਮ੍ਰਿਤਕ ਪਾਇਆ ਗਿਆ। ਪੁਲੀਸ ਨੇ ਅੱਜ ਇੱਥੇ ਦੱਸਿਆ ਕਿ 50 ਸਾਲਾ ਅਦਾਕਾਰ 19 ਦਸੰਬਰ ਤੋਂ ਇੱਕ ਸੀਰੀਅਲ ਸ਼ੂਟਿੰਗ ਪ੍ਰਾਜੈਕਟ ਲਈ ਸ਼ਹਿਰ ਦੇ ਕੇਂਦਰ ’ਚ ਸਥਿਤ ਹੋਟਲ ਵਿੱਚ ਠਹਿਰਿਆ ਸੀ।
ਇੱਕ ਸੀਨੀਅਰ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਹੋਟਲ ਸਟਾਫ ਨੇ ਦੋ ਦਿਨ ਪਹਿਲਾਂ ਆਖ਼ਰੀ ਵਾਰ ਦਿਲੀਪ ਸ਼ੰਕਰ ਨੂੰ ਉਸ ਦੇ ਕਮਰੇ ਦੇ ਬਾਹਰ ਦੇਖਿਆ ਸੀ। ਹੋਟਲ ਸਟਾਫ ਅਤੇ ਸੀਰੀਅਲ ਕਰੂ ਨੂੰ ਵਾਰ-ਵਾਰ ਕਾਲਾਂ ਦਾ ਕੋਈ ਜਵਾਬ ਨਹੀਂ ਮਿਲਿਆ, ਜਿਸ ਕਾਰਨ ਉਨ੍ਹਾਂ ਨੂੰ ਪੁਲੀਸ ਨੂੰ ਸੂਚਿਤ ਕਰਨ ਲਈ ਕਿਹਾ ਗਿਆ। ਪੁਲੀਸ ਨੇ ਦੱਸਿਆ, ‘‘ਕਮਰਾ ਅੰਦਰ ਤੋਂ ਬੰਦ ਸੀ। ਜਦੋਂ ਅਸੀਂ ਦਰਵਾਜ਼ਾ ਤੋੜਿਆ ਗਿਆ ਤਾਂ ਉਹ ਮ੍ਰਿਤਕ ਹਾਲਤ ’ਚ ਮਿਲਿਆ।’’ ਮੌਤ ਦੋ ਦਿਨ ਪਹਿਲਾਂ ਹੋਈ ਦੱਸੀ ਜਾ ਰਹੀ ਹੈ।
ਪੁਲੀਸ ਨੇ ਕਿਹਾ ਕਿ ਪੋਸਟਮਾਰਟਮ ਰਿਪੋਰਟ ਅਨੁਸਾਰ ਮੌਤ ਦਾ ਕਾਰਨ ਅੰਦਰੂਨੀ ਖੂਨ ਵਹਿਣਾ ਸੀ, ਸੰਭਵ ਤੌਰ ’ਤੇ ਡਿੱਗਣ ਮਗਰੋਂ ਦਿਲੀਪ ਸ਼ੰਕਰ ਦੇ ਸਿਰ ’ਤੇ ਸੱਟ ਲੱਗਣ ਕਾਰਨ ਅਜਿਹਾ ਹੋਇਆ ਸੀ। ਪੁਲੀਸ ਨੇ ਕਿਹਾ ਕਿ ਅਭਿਨੇਤਾ ਜਿਗਰ ਨਾਲ ਸਬੰਧਿਤ ਸਿਹਤ ਸਮੱਸਿਆਵਾਂ ਤੋਂ ਪੀੜਤ ਸੀ।
ਸੀਰੀਅਲਾਂ ਵਿੱਚ ਕੰਮ ਕਰਨ ਤੋਂ ਇਲਾਵਾ ਸ਼ੰਕਰ ਨੇ ਕਈ ਫਿਲਮਾਂ ਵਿੱਚ ਵੀ ਮਹੱਤਵਪੂਰਨ ਭੂਮਿਕਾਵਾਂ ਨਿਭਾਈਆਂ। -ਪੀਟੀਆਈ