ਟੋਇਆਂ ਵਿੱਚ ਗੁਆਚੀ ਮਲਕਪੁਰ-ਜਿਉਲੀ ਲਿੰਕ ਸੜਕ
ਸਰਬਜੀਤ ਸਿੰਘ ਭੱਟੀ
ਲਾਲੜੂ, 27 ਜੂਨ
ਮਲਕਪੁਰ ਤੋਂ ਜਿਉਲੀ, ਜੰਡਲੀ ਨੂੰ ਜਾਂਦੀ ਲਿੰਕ ਸੜਕ ਦੀ ਖਸਤਾ ਹਾਲਤ ਹੋਣ ਕਾਰਨ ਰਾਹਗੀਰਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਹ ਲਿੰਕ ਸੜਕ ਟੋਇਆਂ ਵਿੱਚ ਅਲੋਪ ਹੋ ਗਈ ਨਜ਼ਰ ਆ ਰਹੀ ਹੈ। ਇਲਾਕਾ ਵਾਸੀਆਂ ਨੇ ਇਸ ਲਿੰਕ ਸੜਕ ਨੂੰ ਚੌੜਾ ਕਰਕੇ ਨਵੇਂ ਸਿਰੇ ਤੋਂ ਮੁਰੰਮਤ ਕਰਵਾਏ ਜਾਣ ਦੀ ਮੰਗ ਕੀਤੀ ਹੈ।
ਬੀਕੇਯੂ ਉਗਰਾਹਾਂ ਦੇ ਬਲਾਕ ਪ੍ਰਧਾਨ ਲਖਵਿੰਦਰ ਸਿੰਘ ਹੈਪੀ ਮਲਕਪੁਰ, ਜ਼ਿਲ੍ਹਾ ਪ੍ਰਧਾਨ ਗੁਰਚਰਨ ਸਿੰਘ ਟੌਹੜਾ ਅਤੇ ਭੁਪਿੰਦਰ ਸਿੰਘ ਕਰਨ ਸਿੰਘ ਜੌਲੀ, ਸਰਪੰਚ ਬਲਜੀਤ ਕੌਰ, ਪੰਚ ਸੰਦੀਪ ਰਾਣਾ ਅਮਰਜੀਤ ਸਿੰਘ, ਤਾਰਾ ਚੰਦ, ਦੇਵ ਸਿੰਘ ਸੱਕਤਰ, ਧਰਵਿੰਦਰ ਸਿੰਘ, ਹਰਪਾਲ ਸਿੰਘ ਨੰਬਰਦਾਰ, ਹਰਵਿੰਦਰ ਸਿੰਘ, ਰਾਜੇਸ਼ ਕੁਮਾਰ ਨੇ ਦੱਸਿਆ ਕੀ ਉਕਤ ਲਿੰਕ ਸੜਕ ਇਲਾਕੇ ਦੇ ਦਰਜਨਾਂ ਪਿੰਡਾਂ ਨੂੰ ਲਾਲੜੂ ਸ਼ਹਿਰ ਨਾਲ ਜੋੜਦੀ ਹੈ, ਜੋ ਇਸ ਸਮੇਂ ਖੱਡਿਆਂ ਦਾ ਰੂਪ ਧਾਰਨ ਕਰਦੀ ਜਾ ਰਹੀ ਹੈ। ਇਸ ਸੜਕ ਰਾਹੀਂ ਹਰ ਰੋਜ਼ ਦਰਜਨਾਂ ਫੈਕਟਰੀਆਂ ਅਤੇ ਇੱਟਾਂ ਦੇ ਭੱਠਿਆਂ ਦੇ ਵਾਹਨ ਅਤੇ ਪਿੰਡਾਂ ਦੇ ਲੋਕ ਲੰਘਦੇ ਹਨ, ਸਰਕਾਰੀ ਸਕੂਲਾਂ ਵਿਚ ਪੜ੍ਹਨ ਵਾਲੇ ਵਿਦਿਆਰਥੀ ਅਤੇ ਕਿਸਾਨ, ਸਕੂਲਾਂ-ਕਾਲਜਾਂ ਅਤੇ ਮੰਡੀ ਤੱਕ ਆਪਣੀ ਫ਼ਸਲ ਲੈ ਕੇ ਜਾਣ ਲਈ ਇਸ ਦੀ ਵਰਤੋਂ ਕਰਦੇ ਹਨ, ਪਰ ਸੜਕ ਦੀ ਹਾਲਤ ਖ਼ਸਤਾ ਹੋਣ ਕਾਰਨ ਹੋਰ ਇਲਾਕਾ ਨਿਵਾਸੀਆਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ।
ਇਲਾਕਾ ਵਾਸੀਆਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਇਨ੍ਹਾਂ ਖ਼ਸਤਾ ਹਾਲ ਸੜਕਾਂ ਨੂੰ ਚੌੜਾ ਕਰਕੇ ਨਵੇਂ ਸਿਰੇ ਤੋਂ ਮੁਰੰਮਤ ਕਰਵਾਈ ਜਾਵੇ। ਪੰਜਾਬ ਮੰਡੀ ਬੋਰਡ ਐੱਸਡੀਓ ਜਸਵਿੰਦਰ ਸਿੰਘ ਨੇ ਦੱਸਿਆ ਕਿ ਮਲਕਪੁਰ-ਜਿਉਲੀ ਸੜਕ ਨੂੰ ਚੌੜਾ ਕਰਨ ਅਤੇ ਨਵੇਂ ਸਿਰੇ ਤੋਂ ਬਣਾਉਣ ਦੀ ਤਜਵੀਜ਼ ਮੰਡੀ ਬੋਰਡ ਨੂੰ ਭੇਜੀ ਗਈ ਅਤੇ ਜੰਡਲੀ ਨੇੜੇ ਬਰਸਾਤੀ ਚੋਅ ਦੀ ਦੀਵਾਰ ਬਣਾਈ ਜਾ ਰਹੀ ਹੈ, ਬਾਕੀ ਸੜਕਾਂ ‘ਤੇ ਪੱਥਰ ਪਾ ਦਿੱਤਾ ਹੈ। ਮੀਂਹਾਂ ਮਗਰੋਂ ਲੁਕ ਵਿਛਾ ਕੇ ਸੜਕ ਦਾ ਕੰਮ ਚਾਲੂ ਕਰ ਦਿੱਤਾ ਜਾਵੇਗਾ।