ਵਿਲੱਖਣ ਫਿਲਮਾਂ ਬਣਾਉਣਾ ਮੇਰਾ ਮਕਸਦ: ਫ਼ਰਹਾਨ ਅਖ਼ਤਰ
ਮੁੰਬਈ: ਅਦਾਕਾਰ ਤੇ ਫਿਲਮਸਾਜ਼ ਫ਼ਰਹਾਨ ਅਖ਼ਤਰ ਨੇ ਕਿਹਾ ਕਿ ਉਸ ਦਾ ਮਕਸਦ ਹਮੇਸ਼ਾ ਵਿਲੱਖਣ ਫ਼ਿਲਮਾਂ ਬਣਾਉਣਾ ਹੈ ਅਤੇ ਉਸ ਦੀ ਅਗਾਮੀ ਹੋਮ ਪ੍ਰੋਡਕਸ਼ਨ ਫ਼ਿਲਮ ‘ਅਗਨੀ’ ਅੱਗ ਬੁਝਾਊ ਕਰਮਚਾਰੀਆਂ ਦੀ ਅਜਿਹੀ ਕਹਾਣੀ ਪੇਸ਼ ਕਰੇਗੀ, ਜੋ ਪਹਿਲਾਂ ਕਦੇ ਨਹੀਂ ਦੇਖੀ ਗਈ। ਇਸ ਫ਼ਿਲਮ ਦੇ ਨਿਰਦੇਸ਼ਕ ਰਾਹੁਲ ਢੋਲਕੀਆ ਹਨ। ਫ਼ਿਲਮ ਨੂੰ ਪ੍ਰਾਈਮ ਵੀਡੀਓ ਦੇ ਸਹਿਯੋਗ ਨਾਲ ਅਖ਼ਤਰ ਤੇ ਰਿਤੇਸ਼ ਸਿਧਵਾਨੀ ਦੇ ਐਕਸਲ ਐਂਟਰਟੇਨਮੈਂਟ ਦਾ ਸਮਰਥਨ ਹਾਸਲ ਹੈ। ਫ਼ਰਹਾਨ ਅਖਤਰ ਨੇ ਕਿਹਾ, ‘‘ਐਕਸਲ ਵਿੱਚ, ਐਮਾਜ਼ਨ ਨਾਲ ਭਾਈਵਾਲੀ ਤਹਿਤ (ਅਸੀਂ) ਲੰਮੇ ਸਮੇਂ ਤੋਂ ਨਵੇਂ-ਨਵੇਂ ਢਾਂਚੇ ਬਣਾਉਣ ਦੀ ਕੋਸ਼ਿਸ਼ ਕੀਤੀ ਹੈ ਤੇ ਵੱਖ-ਵੱਖ ਕਹਾਣੀਆਂ ਦੱਸਣ ਦਾ ਯਤਨ ਕੀਤਾ ਹੈ, ਜੋ ਆਮ ਕਹਾਣੀਆਂ ਜਾਂ ਕਿਸੇ ਅਜਿਹੇ ਫਾਰਮੂਲੇ ਤੋਂ ਵੱਖਰੀਆਂ ਹਨ, ਜਿਸ ਦਾ ਰੁਝਾਨ ਚੱਲ ਰਿਹਾ ਹੈ।’’ ਅਖ਼ਤਰ ਨੇ ‘ਅਗਨੀ’ ਦੇ ਟਰੇਲਰ ਲਾਂਚ ਮੌਕੇ ਪੱਤਰਕਾਰਾਂ ਨੂੰ ਕਿਹਾ, ‘‘ਅਸੀਂ ਇਹੀ ਕੋਸ਼ਿਸ਼ ਕਰਦੇ ਰਹਿੰਦੇ ਹਾਂ, ਕਦੇ ਅਸੀਂ ਸਫ਼ਲ ਹੁੰਦੇ ਹਾਂ, ਕਦੇ ਨਹੀਂ? ਪਰ ਯਤਨ ਜਾਰੀ ਰਹਿੰਦਾ ਹੈ। ਸਾਨੂੰ ਉਮੀਦ ਹੈ ਕਿ ਜਦੋਂ ਇਹ ਫ਼ਿਲਮ ਆਵੇਗੀ ਤਾਂ ਅਸੀਂ ਸਾਰੇ ਇਸ ਨੂੰ ਦੇਖਾਂਗੇ। ਇਸ ਨੂੰ ਦੇਖਣ ਅਤੇ ਰਾਹੁਲ ਤੇ ਪੂਰੀ ਟੀਮ ਨਾਲ ਗੱਲਬਾਤ ਕਰਨ ਮਗਰੋਂ ਉਨ੍ਹਾਂ ਨੇ ਕੁੱਝ ਅਜਿਹਾ ਪੇਸ਼ ਕੀਤਾ ਹੈ, ਜੋ ਦਿਲ ਨੂੰ ਛੂਹ ਲੈਣ ਵਾਲਾ ਹੈ।’’ ਢੋਲਕੀਆ ਨੇ ਕਿਹਾ ਕਿ ਇਹ ਫ਼ਿਲਮ ਅੱਗ ਬੁਝਾਉ ਕਰਮਚਾਰੀਆਂ ਦੇ ਯੋਗਦਾਨ ਬਾਰੇ ਚਾਨਣਾ ਪਾਵੇਗੀ। -ਪੀਟੀਆਈ