For the best experience, open
https://m.punjabitribuneonline.com
on your mobile browser.
Advertisement

ਆਪਣੀ ਕਲਮ ਨੂੰ ਹਥਿਆਰ ਬਣਾਇਆ

07:44 AM Nov 01, 2023 IST
ਆਪਣੀ ਕਲਮ ਨੂੰ ਹਥਿਆਰ ਬਣਾਇਆ
Advertisement

ਗੁਰਪ੍ਰੀਤ ਸਿੰਘ ਤਲਵੰਡੀ

ਪੰਜਾਬ ਦੀ ਜ਼ਰਖ਼ੇਜ਼ ਜ਼ਮੀਨ ਵਿੱਚ ਪੈਦਾ ਹੋਇਆ ਹਰ ਇੱਕ ਬੱਚਾ ਮਿਹਨਤੀ, ਅਣਖੀ ਤੇ ਬਹਾਦਰ ਬਣ ਸਕਦਾ ਹੈ, ਜੇਕਰ ਉਸ ਦਾ ਪਾਲਣ ਪੋਸ਼ਣ ਚੰਗਾ ਹੋਵੇ। ਮਾਂ-ਬਾਪ, ਆਂਢ-ਗੁਆਂਢ ਤੇ ਸਮਾਜ ਵਿੱਚੋਂ ਉਸ ਨੂੰ ਚੰਗੇ ਸੰਸਕਾਰ ਮਿਲਣ ਤਾਂ ਹੀ ਅਜਿਹਾ ਸੰਭਵ ਹੈ। ਪਰ ਪਿਛਲੇ ਕਰੀਬ ਡੇਢ-ਦੋ ਦਹਾਕਿਆਂ ਤੋਂ ਅਜਿਹਾ ਨਾ ਹੋਣ ਕਾਰਨ ਪੰਜਾਬ ਨਸ਼ਿਆਂ ਵਰਗੀਆਂ ਮਾੜੀਆਂ ਕੁਰੀਤੀਆਂ ਨਾਲ ਬੁਰੀ ਤਰ੍ਹਾਂ ਝੰਭਿਆ ਗਿਆ ਹੈ। ਸਮਾਜ ਵਿੱਚੋਂ ਚੰਗੀ ਸੇਧ ਨਾ ਮਿਲਣ ਕਾਰਨ ਹੀ ਨੌਜਵਾਨੀ ਵਿੱਚੋਂ ਲੇਖਕ, ਪੱਤਰਕਾਰ ਤੇ ਬੁੱਧੀਜੀਵੀ ਬਹੁਤ ਘੱਟ ਪੈਦਾ ਹੋ ਰਹੇ ਹਨ। ਇਹ ਬਹੁਤ ਹੀ ਚਿੰਤਾਜਨਕ ਗੱਲ ਹੈ। ਅਜਿਹੇ ਦੌਰ ਦੌਰਾਨ ਹੀ ਮੇਰਾ ਪੰਜਾਬੀ ਪੱਤਰਕਾਰੀ ਤੇ ਲੇਖਕ ਬਣਨ ਵੱਲ ਵਧਣਾ ਮੈਨੂੰ ਚੰਗੀਆਂ ਤੇ ਮਾੜੀਆਂ ਘਟਨਾਵਾਂ ਨਾਲ ਓਤਪੋਤ ਲੱਗਦਾ ਹੈ।
ਜ਼ਿਲ੍ਹਾ ਲੁਧਿਆਣਾ ਦੀ ਤਹਿਸੀਲ ਜਗਰਾਉਂ ਦੇ ਪਿੰਡ ਤਲਵੰਡੀ ਖੁਰਦ ਵਿੱਚ ਮੱਧਵਰਗੀ ਪਰਿਵਾਰ ਵਿੱਚ ਜਨਮ ਲੈ ਕੇ ਇੰਜਨੀਅਰਿੰਗ ਤੱਕ ਦੀ ਪੜ੍ਹਾਈ ਕੀਤੀ। ਅਜੋਕੇ ਦੌਰ ਦੌਰਾਨ ਪੰਜਾਬ ਦਾ ਇਹ ਇੱਕ ਦੁਖਾਂਤ ਹੀ ਹੈ ਕਿ ਵੱਡੀਆਂ ਡਿਗਰੀਆਂ ਪ੍ਰਾਪਤ ਕਰਨ ਤੋਂ ਬਾਅਦ ਜਦੋਂ ਸਰਕਾਰੀ ਨੀਤੀਆਂ ਤੋਂ ਪੀੜਤ ਮੇਰੇ ਵਰਗੇ ਨੌਜਵਾਨ ਬੇਰੁਜ਼ਗਾਰੀ ਦੀ ਚੱਕੀ ਵਿੱਚ ਪਿਸਦੇ ਹਨ ਤਾਂ ਉਹ ਨਿਰਾਸ਼ ਤੇ ਹਤਾਸ਼ ਹੋ ਕੇ ਗੁੰਮਨਾਮੀ ਦੇ ਹਨੇਰੇ ਵਿੱਚ ਜਾ ਕੇ ਜਾਂ ਤਾਂ ਡਿਪਰੈਸ਼ਨ ਦਾ ਸ਼ਿਕਾਰ ਹੋ ਜਾਂਦੇ ਹਨ ਜਾਂ ਫਿਰ ਨਸ਼ਿਆਂ ਦੇ ਰਾਹ ਪੈ ਜਾਂਦੇ ਹਨ। ਪਿੰਡ ਦੇ ਸਰਕਾਰੀ ਸਕੂਲ ਵਿੱਚ ਮੈਟ੍ਰਿਕ ਕਰਨ ਤੋਂ ਬਾਅਦ ਗੁਰੂ ਤੇਗ ਬਹਾਦਰ ਖਾਲਸਾ ਇੰਜਨੀਅਰਿੰਗ ਕਾਲਜ ਛਾਪਿਆਂ ਵਾਲੀ (ਮਲੋਟ) ਵਿੱਚ ਪੜ੍ਹਦੇ ਵਕਤ ਆਪਣੇ ਨਾਲ ਪੜ੍ਹਦੇ ਵੀ ਮੈਂ ਖ਼ੁਦ ਉੱਪਰ ਜ਼ਿਕਰ ਕੀਤੇ ਰਾਹਾਂ ਨੂੰ ਚੁਣਦੇ ਦੇਖੇ ਹਨ। ਦੂਜੇ ਪਾਸੇ ਮੈਂ ਅਜਿਹੇ ਦੌਰ ਵਿੱਚ ਕਲਮ ਨੂੰ ਆਪਣਾ ਹਥਿਆਰ ਬਣਾਇਆ। ਇਸ ਨਾਲ ਜਿੰਨਾ ਵੀ ਯੋਗਦਾਨ ਪਾ ਸਕਦਾ ਹਾਂ, ਉਹ ਜਾਰੀ ਹੈ। ਇਸ ਦੌਰਾਨ ਹੀ ਮੈਨੂੰ ਪੰਜਾਬ ਦੇ ਇੱਕ ਵੱਡੇ ਅਖ਼ਬਾਰ ਵਿੱਚ ਬਤੌਰ ਪੱਤਰਕਾਰ ਕੰਮ ਕਰਨ ਦਾ ਮੌਕਾ ਮਿਲਿਆ। ਪੱਤਰਕਾਰੀ ਦੇ ਇਸ ਸਫ਼ਰ ਦੌਰਾਨ ਪੇਂਡੂ ਲੋਕਾਂ ਦੀ ਆਵਾਜ਼ ਬਣ ਕੇ ਬਿਨਾਂ ਕਿਸੇ ਲੋਭ-ਲਾਲਚ ਦੇ ਪੂਰੇ ਧੜੱਲੇ ਨਾਲ ਇੱਕ ਦਹਾਕੇ ਤੋਂ ਵੱਧ ਕੰਮ ਕੀਤਾ। ਜਦ ਚਿੱਟੇ ਵਰਗਾ ਨਸ਼ਾ ਪੰਜਾਬ ਵਿੱਚ ਦਾਖਲ ਹੋਣ ਹੀ ਲੱਗਾ ਸੀ ਤਾਂ ਬੜੇ ਹੀ ਜ਼ੋਰ ਸ਼ੋਰ ਨਾਲ ਨਸ਼ਿਆਂ ਨੂੰ ਰੋਕਣ ਲਈ ਸਰਕਾਰਾਂ ਨੂੰ ਅਖ਼ਬਾਰੀ ਕਾਲਮਾਂ ਰਾਹੀਂ ਦੁਹਾਈ ਪਾਈ। ਨਸ਼ਿਆਂ ਦੇ ਫੈਲਾਅ ਲਈ ਜ਼ਿੰਮੇਵਾਰ ਰਾਜਸੀ ਆਗੂਆਂ ਦਾ ਡਟ ਕੇ ਵਿਰੋਧ ਕਰਦਾ ਰਿਹਾ। ਇਸ ਦੌਰਾਨ ਦੋ ਕਤਿਾਬਾਂ ਵੀ ਲਿਖੀਆਂ। ਅੰਗਰੇਜ਼ਾਂ ਦੇ ਪੰਜਾਬ ਤੇ ਕਬਜ਼ੇ ਦੌਰਾਨ ਸਿੰਘ ਸਭਾ ਲਹਿਰ ਦਾ ਗਠਨ ਕਰਕੇ ਸਿੱਖੀ ਨੂੰ ਲੱਗ ਰਹੇ ਖੋਰੇ ਖ਼ਿਲਾਫ਼ ਲੜਾਈ ਲੜਨ ਵਾਲੇ ਪ੍ਰੋ. ਗਿਆਨੀ ਦਿੱਤ ਸਿੰਘ ਦੇ ਸਮੁੱਚੇ ਜੀਵਨ ਬਾਰੇ ਪਹਿਲੀ ਕਤਿਾਬ ‘ਪੰਥ ਰਤਨ ਗਿਆਨੀ ਦਿੱਤ ਸਿੰਘ’ ਲਿਖੀ। ਦੂਸਰੀ ਕਤਿਾਬ 1783 ਨੂੰ ਮੁਗ਼ਲ ਕਾਲ ਵੇਲੇ ਦਿੱਲੀ ਦੇ ਲਾਲ ਕਿਲ੍ਹੇ ’ਤੇ ਕੇਸਰੀ ਨਿਸ਼ਾਨ ਸਾਹਿਬ ਲਹਿਰਾਉਣ ਵਾਲੇ ਜਥੇਦਾਰ ਬਘੇਲ ਸਿੰਘ, ਸਰਦਾਰ ਜੱਸਾ ਸਿੰਘ ਆਹਲੂਵਾਲੀਆ ਅਤੇ ਸਰਦਾਰ ਜੱਸਾ ਸਿੰਘ ਰਾਮਗੜ੍ਹੀਆ ਬਾਰੇ ਲਿਖੀ। ‘ਕੋਈ ਹੋਰ ਵੀ ਉੱਠਸੀ ਮਰਦ ਕਾ ਚੇਲਾ’ ਨਾਮ ਦੀ ਇਸ ਕਤਿਾਬ ਵਿੱਚ ਅਣਗੌਲੀਆਂ ਸਿੱਖ ਸ਼ਖ਼ਸੀਅਤਾਂ ਅਤੇ ਸਮੁੱਚੇ ਦੇਸ਼ ਦੇ ਅਣਗੌਲੇ ਗੁਰਧਾਮਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਭਾਵੇਂ ਉਚੇਰੀ ਪੜ੍ਹਾਈ ਅੰਗਰੇਜ਼ੀ ਮਾਧਿਅਮ ਵਿੱਚ ਕੀਤੀ, ਪਰ ਪੰਜਾਬੀ ਦੇ ਅਖ਼ਬਾਰ ਪੜ੍ਹਨ ਅਤੇ ਲਿਖਣ ਦੀ ਰੁਚੀ ਬਚਪਨ ਤੋਂ ਹੀ ਰਹੀ ਹੈ।
ਸਾਲ 2018 ਵਿੱਚ ਮਾਪਿਆਂ ਦੀਆਂ ਆਸਾਂ ’ਤੇ ਫੁੱਲ ਚੜ੍ਹਾਉਂਦਿਆਂ ਕੈਨੇਡਾ ਦੀ ਧਰਤੀ ’ਤੇ ਜਾ ਕੇ ਵਸ ਗਏ। ਇੱਥੇ ਵੀ ਸਖ਼ਤ ਮਿਹਨਤ ਕਰਨ ਦੇ ਨਾਲ ਨਾਲ ਲਿਖਣ ਤੇ ਪੜ੍ਹਨ ਦਾ ਜਨੂੰਨ ਜਾਰੀ ਹੈ। ਹਾਲ ਹੀ ਵਿੱਚ ਮੇਰੀ ਤੀਜੀ ਕਤਿਾਬ ‘ਹੂਕ ਸਮੁੰਦਰੋਂ ਪਾਰ ਦੀ’ ਰਿਲੀਜ਼ ਕੀਤੀ ਗਈ ਹੈ। ਇਸ ਕਤਿਾਬ ਵਿੱਚ 1900 ਦੇ ਦਹਾਕੇ ਦੌਰਾਨ ਕੈਨੇਡਾ ਵਿੱਚ ਪੰਜਾਬੀਆਂ ਵੱਲੋਂ ਸਥਾਪਤੀ ਲਈ ਕੀਤੇ ਯਤਨ, ਕੌਮਾਗਾਟਾ ਮਾਰੂ ਦਾ ਸਮੁੱਚਾ ਬਿਰਤਾਂਤ ਅਤੇ ਕੈਨੇਡਾ ਦੇ ਇਤਿਹਾਸਕ ਮਹੱਤਤਾ ਵਾਲੇ ਸਥਾਨਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ ਹੈ। ਪੰਜਾਬ ਦੀ ਇਹ ਇੱਕ ਤਰਾਸਦੀ ਹੈ ਕਿ ਸਰਕਾਰਾਂ ਦੀਆਂ ਨੀਤੀਆਂ ਤੋਂ ਨਿਰਾਸ਼ ਤੇ ਹਤਾਸ਼ ਹੋਈ ਜੁਆਨੀ ਵਿਦੇਸ਼ਾਂ ਵਿੱਚ ਵਹੀਰਾਂ ਘੱਤ ਰਹੀ ਹੈ। ਪਿੱਛੇ ਮਹਿਲਾਂ ਵਰਗੇ ਘਰ ਅਤੇ ਬੁੱਢੇ ਮਾਪੇ ਆਪਣੇ ਧੀਆਂ/ਪੁੱਤਾਂ ਦੀਆਂ ਯਾਦਾਂ ਨੂੰ ਸੀਨੇ ਨਾਲ ਲਾ ਕੇ ਆਪਣੇ ਸਰੀਰ ਢੋਂਹਦੇ ਫਿਰ ਰਹੇ ਹਨ। ਖਾਲੀ ਘਰ ਦੇਖ ਦੇਖ ਕੇ ਉਨ੍ਹਾਂ ਦੇ ਸਰੀਰਾਂ ਵਿੱਚ ਜਾਨ ਨਹੀਂ ਰਹੀ। ਅਜਿਹੇ ਦ੍ਰਿਸ਼ ਦੇਖ ਕੇ ਕਾਲਜਾ ਫਟਣ ਨੂੰ ਫਿਰਦਾ ਹੈ, ਪਰ ਪੰਜਾਬ ਦੀ ਸੱਤਾ ’ਤੇ ਕਾਬਜ਼ ਲੋਕ ਇਸ ਸਭ ਕੁੱਝ ਦੀ ਅਣਦੇਖੀ ਕਰਕੇ ਪਹਿਲਾਂ ਹੀ ਰੁੰਡ ਮਰੁੰਡ ਹੋਏ ਪੰਜਾਬ ਨੂੰ ਗਿਰਝਾਂ ਵਾਂਗ ਨੋਚ ਰਹੇ ਹਨ।
ਪੰਜਾਬ ਨੂੰ ਲੁੱਟਣ ਵਾਲਿਆਂ ਤੋਂ ਭੋਲੀਭਾਲੀ ਜਨਤਾ ਨੂੰ ਸੁਚੇਤ ਕਰਨਾ ਹੀ ਮੈਨੂੰ ਲਿਖਣ ਲਈ ਪ੍ਰੇਰਦਾ ਹੈ। ਪੰਜਾਬ ਦੇ ਨੌਜਵਾਨਾਂ ਨੂੰ ਵੀ ਮੈਂ ਇਹੀ ਕਹਿਣਾ ਚਾਹੁੰਦਾ ਹਾਂ ਕਿ ਆਓ, ਪੰਜਾਬ, ਪੰਜਾਬੀ ਤੇ ਪੰਜਾਬੀਅਤ ਦਾ ਝੰਡਾ ਉੱਚਾ ਚੁੱਕਣ ਲਈ ਕਲਮਾਂ ਚੁੱਕੀਏ। ਸੂਬੇ ਨੂੰ ਨਸ਼ਿਆਂ ਤੋਂ ਮੁਕਤ ਕਰਨ ਦਾ ਪ੍ਰਣ ਕਰੀਏ। ਇਸ ਪਾਸੇ ਵੱਡੀ ਲੜਾਈ ਲੜਨ ਦੀ ਲੋੜ ਹੈ। ਇਸ ਦੌਰਾਨ ਆਪਣੀਆਂ ਕਲਮਾਂ ਨੂੰ ਸਰਕਾਰੀ ਤੰਤਰ ਦੀਆਂ ਰਖੇਲ ਬਣਨ ਤੋਂ ਵੀ ਬਚਾਉਣਾ ਹੋਵੇਗਾ। ਜੇਕਰ ਅਸੀਂ ਸਭ ਮਿਲ ਕੇ ਆਪਣਾ ਆਪਣਾ ਯੋਗਦਾਨ ਪਾਈਏ ਤਾਂ ਪੰਜਾਬ ਨੂੰ ਮੁੜ ਤੋਂ ਖੁਸ਼ਹਾਲ ਬਣਾਉਣਾ ਕੋਈ ਔਖਾ ਨਹੀਂ। ਫਿਰ ਨਾ ਸਾਡੇ ਨੌਜਵਾਨ ਵਿਦੇਸ਼ਾਂ ਵੱਲ ਵਹੀਰਾ ਘੱਤਣਗੇ ਅਤੇ ਨਾ ਹੀ ਬਜ਼ੁਰਗ ਮਾਪਿਆਂ ਦੀਆਂ ਅੱਖਾਂ ਆਪਣੇ ਧੀਆਂ-ਪੁੱਤਰਾਂ ਨੂੰ ਦੇਖਣ ਲਈ ਤਰਸਦੀਆਂ ਹੀ ਬੰਦ ਹੋਣਗੀਆਂ।
ਸੰਪਰਕ: 001-778-980-9196

Advertisement

Advertisement
Advertisement
Author Image

joginder kumar

View all posts

Advertisement